1971 ਦੀ ਭਾਰਤ – ਪਾਕਿਸਤਾਨ ਲੜਾਈ: ਇਸ ਤੋਂ ਕਰੀਬ 2 ਸਾਲ ਪਹਿਲਾਂ ਹੀ ਚੀਨ ਤੋਂ ਮਿਲੀ ਹਾਰ ਦੇ ਬਾਅਦ ਭਾਰਤੀ ਫੌਜ ਦਾ ਹੌਸਲਾ ਥੋੜਾ ਡਿੱਗ ਗਿਆ ਸੀ ਪਰ 1971 ਦੀ ਲੜਾਈ ਵਿੱਚ ਭਾਰਤੀ ਫੌਜ ਨੇ ਜੋ ਕਾਰਨਾਮਾ ਕੀਤਾ ਉਹ ਅੱਜ ਵੀ ਇਤਿਹਾਸ ਵਿੱਚ ਦਰਜ ਹੈ। 3 ਦਸੰਬਰ ਨੂੰ ਪਾਕਿਸਤਾਨੀ ਫੌਜ ਨੇ ਭਾਰਤ ਤੇ ਹਮਲਾ ਕਰ ਦਿੱਤਾ। ਭਾਰਤ ਨੇ ਹਮਲੇ ਦਾ ਕਰਾਰਾ ਜਵਾਬ ਦਿੱਤਾ ਤੇ 13 ਦਿਨਾਂ ਵਿੱਚ ਹੀ ਪਾਕਿਸਤਾਨੀ ਫੌਜ ਨੇ ਹਥਿਆਰ ਸੁੱਟੇ ਅਤੇ ਪਾਕਿਸਤਾਨ ਦੇ ਕਰੀਬ 90 ਹਜ਼ਾਰ ਤੋਂ ਵੀ ਜ਼ਿਆਦਾ ਸੈਨਿਕਾਂ ਨੇ ਆਤਮ ਸਮਰਪਣ ਕਰ ਦਿੱਤਾ। ਲੜਾਈ ਵਿੱਚ ਪਾਕਿਸਤਾਨ ਨੂੰ ਜਾਨੀ-ਮਾਲੀ ਦੇ ਨਾਲ ਨਾਲ ਜ਼ਮੀਨ ਤੋਂ ਵੀ ਹੱਥ ਧੋਣੇ ਪਏ।
ਭਾਰਤੀ ਸੈਨਾ ਦੀ ਸਭ ਤੋਂ ਵੱਡੀ ਸ਼ਕਤੀ ਜਨਰਲ ਸੈਮ ਮਨੇਕਸ਼ਾ ਸਨ। ਸੈਮ ਦਾ ਜਨਮ 3 ਅਪ੍ਰੈਲ 1913 ਨੂੰ ਅੰਮ੍ਰਿਤਸਰ ‘ਚ ਹੋਇਆ ਸੀ। ਸੈਮ ਦੇ ਪਿਤਾ ਡਾਕਟਰ ਸੀ ਅਤੇ ਸੈਮ ਖੁਦ ਵੀ ਡਾਕਟਰ ਹੀ ਬਣਨਾ ਚਾਹੁੰਦੇ ਸਨ। ਡਾਕਟਰ ਦੀ ਪੜ੍ਹਾਈ ਲਈ ਸੈਮ ਇੰਗਲੈਂਡ ਜਾਣਾ ਚਾਹੁੰਦੇ ਸਨ ਪਰ ਇਸ ਲਈ ਉਨ੍ਹਾਂ ਦੇ ਪਿਤਾ ਨਹੀਂ ਮੰਨੇ ਸਨ। ਇਸ ਤੋਂ ਬਾਅਦ ਉਨਾਂ ਨੇ ਪਿਤਾ ਤੋਂ ਨਾਰਾਜ਼ ਹੋ ਕੇ ਆਰਮੀ ਦੇ ਪੇਪਰ ਦਿੱਤੇ। 1971 ਵਿੱਚ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਚਾਹੁੰਦੀ ਸੀ ਕਿ ਅਪ੍ਰੈਲ ਵਿੱਚ ਹੀ ਫੌਜ ਪੂਰਬੀ ਪਾਕਿਸਤਾਨ ਯਾਨੀ ਅੱਜ ਦੇ ਬੰਗਲਾਦੇਸ਼ ਤੇ ਹਮਲਾ ਕਰ ਦਵੇ ਸੈਮ ਨੇ ਸਾਫ਼ ਇਨਕਾਰ ਕਰ ਦਿੱਤਾ। ਸੈਮ ਨੇ ਇੰਦਰਾ ਗਾਂਧੀ ਨੂੰ ਕਿਹਾ ਕਿ ਤੁਸੀਂ ਲੜਾਈ ਹਾਰਨਾ ਚਾਹੁੰਦੀਆਂ ਹੋ ? ਸੈਮ ਦੇ ਇਸ ਸਵਾਲ ਨਾਲ ਇੰਦਰਾ ਗਾਂਧੀ ਹੈਰਾਨ ਹੋ ਗਈ। ਸੈਮ ਨੇ ਇੰਦਰਾ ਗਾਂਧੀ ਤੋਂ ਲੜਾਈ ਦੀ ਤਿਆਰੀ ਲਈ ਸਮਾਂ ਮੰਗਿਆ। ਸਮਾਂ ਮਿਲਣ ਤੋਂ ਬਾਅਦ ਸੈਮ ਨੇ ਫੌਜ ਨੂੰ ਸਿਖਲਾਈ ਦੇਣ ਲਈ ਤਿਆਰੀਆਂ ਸ਼ੁਰੂ ਕੀਤੀ।
ਦੂਜੇ ਵਿਸ਼ਵ ਯੁੱਧ ਦੇ ਸਮੇਂ ਭਾਰਤ ਅੰਗਰੇਜਾਂ ਦਾ ਗੁਲਾਮ ਸੀ। ਉਸ ਸਮੇਂ ਭਾਰਤੀ ਜਵਾਨ ਬ੍ਰਿਟਿਸ਼ ਫੌਜ਼ ਲਈ ਲੜਦੇ ਸਨ। ਸੈਮ ਵੀ ਬਰਮਾ ਵਿੱਚ ਜਾਪਾਨੀ ਆਰਮੀ ਦੇ ਖਿਲਾਫ ਜੰਗ ਦੇ ਮੈਦਾਨ ਵਿੱਚ ਸਨ ਅਤੇ ਲੜਾਈ ਦੌਰਾਨ ਉਨ੍ਹਾਂ ਦੇ ਸਰੀਰ ਵਿੱਚ 7 ਗੋਲੀਆਂ ਲੱਗੀਆਂ। ਉਨ੍ਹਾਂ ਦੇ ਜ਼ਿੰਦਾ ਬਚਣ ਦੀ ਉਂਮੀਦ ਬਹੁਤ ਘੱਟ ਸੀ ਪਰ ਡਾਕਟਰਾਂ ਨੇ ਸਾਰੀ ਗੋਲੀਆਂ ਕੱਢ ਦਿੱਤੀ ਅਤੇ ਸੈਮ ਬਚ ਗਏ। ਇਸ ਤੋਂ ਬਾਅਦ ਸੈਮ ਨੂੰ ਬਹੁਤ ਸਨਮਾਨ ਮਿਲੇ ਅਤੇ 1973 ‘ਚ ਉਨ੍ਹਾਂ ਨੂੰ ਫੀਲਡ ਮਾਰਸ਼ਲ ਦਾ ਸਨਮਾਨ ਮਿਲਿਆ। ਉਹ ਇਸ ਅਹੁਦੇ ਨਾਲ ਸਨਮਾਨਿਤ ਹੋਣ ਵਾਲੇ ਪਹਿਲੇ ਭਾਰਤੀ ਜਨਰਲ ਸੀ। 1972 ‘ਚ ਭਾਰਤ ਸਰਕਾਰ ਨੇ ਉਨ੍ਹਾਂ ਨੂੰ ਪਦਮ ਵਿਭੂਸ਼ਣ ਨਾਲ ਵੀ ਸਨਮਾਨਿਤ ਕੀਤਾ। ਇਸ ਤੋਂ ਬਾਅਦ ਉਹ ਵੈਲਿੰਗਟਨ ਚਲੇ ਗਏ ਅਤੇ ਸਾਲ 2008 ਵਿੱਚ ਉਨ੍ਹਾਂ ਦਾ ਦੇਹਾਂਤ ਹੋ ਗਿਆ ਸੀ।