ਸਲੋਕੁ ਮع 3 ॥
ਬ੍ਰਹਮੁ ਬਿੰਦੇ ਸੋ ਬ੍ਰਾਹਮਣੁ ਕਹੀਐ ਜਿ ਅਨਦਿਨੁ ਹਰਿ ਲਿਵ ਲਾਏ ॥ ਸਤਿਗੁਰ ਪੁਛੈ ਸਚੁ ਸੰਜਮੁ ਕਮਾਵੈ ਹਉਮੈ ਰੋਗੁ ਤਿਸੁ ਜਾਏ ॥ ਹਰਿ ਗੁਣ ਗਾਵੈ ਗੁਣ ਸੰਗ੍ਰਹੈ ਜੋਤੀ ਜੋਤਿ ਮਿਲਾਏ ॥ ਇਸੁ ਜੁਗ ਮਹਿ ਕੋ ਵਿਰਲਾ ਬ੍ਰਹਮ ਗਿਆਨੀ ਜਿ ਹਉਮੈ ਮੇਟਿ ਸਮਾਏ ॥ ਨਾਨਕ ਤਿਸ ਨੋ ਮਿਲਿਆ ਸਦਾ ਸੁਖੁ ਪਾਈਐ ਜਿ ਅਨਦਿਨੁ ਹਰਿ ਨਾਮੁ ਧਿਆਏ ॥1॥ ਮع 3 ॥ ਅੰਤਰਿ ਕਪਟੁ ਮਨਮੁਖ ਅਗਿਆਨੀ ਰਸਨਾ ਝੂਠੁ ਬੋਲਾਇ ॥ ਕਪਟਿ ਕੀਤੈ ਹਰਿ ਪੁਰਖੁ ਨ ਭੀਜੈ ਨਿਤ ਵੇਖੈ ਸੁਣੈ ਸੁਭਾਇ ॥ ਦੂਜੈ ਭਾਇ ਜਾਇ ਜਗੁ ਪਰਬੋਧੈ ਬਿਖੁ ਮਾਇਆ ਮੋਹ ਸੁਆਇ ॥ ਇਤੁ ਕਮਾਣੈ ਸਦਾ ਦੁਖੁ ਪਾਵੈ ਜੰਮੈ ਮਰੈ ਫਿਰਿ ਆਵੈ ਜਾਇ ॥ ਸਹਸਾ ਮੂਲਿ ਨ ਚੁਕਈ ਵਿਚਿ ਵਿਸਟਾ ਪਚੈ ਪਚਾਇ ॥ ਜਿਸ ਨੋ ਕ੍ਰਿਪਾ ਕਰੇ ਮੇਰਾ ਸੁਆਮੀ ਤਿਸੁ ਗੁਰ ਕੀ ਸਿਖ ਸੁਣਾਇ ॥ ਹਰਿ ਨਾਮੁ ਧਿਆਵੈ ਹਰਿ ਨਾਮੋ ਗਾਵੈ ਹਰਿ ਨਾਮੋ ਅੰਤਿ ਛਡਾਇ ॥2॥ ਪਉੜੀ ॥ ਜਿਨਾ ਹੁਕਮੁ ਮਨਾਇਓਨੁ ਤੇ ਪੂਰੇ ਸੰਸਾਰਿ ॥ ਸਾਹਿਬੁ ਸੇਵਨਿੑ ਆਪਣਾ ਪੂਰੈ ਸਬਦਿ ਵੀਚਾਰਿ ॥ ਹਰਿ ਕੀ ਸੇਵਾ ਚਾਕਰੀ ਸਚੈ ਸਬਦਿ ਪਿਆਰਿ ॥ ਹਰਿ ਕਾ ਮਹਲੁ ਤਿਨੑੀ ਪਾਇਆ ਜਿਨੑ ਹਉਮੈ ਵਿਚਹੁ ਮਾਰਿ ॥ ਨਾਨਕ ਗੁਰਮੁਖਿ ਮਿਲਿ ਰਹੇ ਜਪਿ ਹਰਿ ਨਾਮਾ ਉਰ ਧਾਰਿ ॥10॥
ਪੰਜਾਬੀ ਵਿਆਖਿਆ
ਸਲੋਕੁ ਮع 3 ॥ ਜੋ ਮਨੁੱਖ ਬ੍ਰਹਮ ਨੂੰ ਬਿੰਦਦਾ ਹੈ (ਪਰਮਾਤਮਾ ਨੂੰ ਪਛਾਣਦਾ ਹੈ) ਜੋ ਹਰ ਵੇਲੇ ਪਰਮਾਤਮਾ ਵਿਚ ਸੁਰਤਿ ਜੋੜਦਾ ਹੈ ਉਸ ਨੂੰ ਬ੍ਰਾਹਮਣ ਕਹਿਣਾ ਚਾਹੀਦਾ ਹੈ, (ਉਹ ਬ੍ਰਾਹਮਣ) ਸਤਿਗੁਰੂ ਦੇ ਕਹੇ ਤੇ ਤੁਰਦਾ ਹੈ ‘ਸੱਚ’ ਰੂਪ ਸੰਜਮ ਰੱਖਦਾ ਹੈ, (ਤੇ ਇਸ ਤਰ੍ਹਾਂ) ਉਸ ਦਾ ਹਉਮੈ-ਰੋਗ ਦੂਰ ਹੁੰਦਾ ਹੈ; ਉਹ ਹਰੀ ਦੇ ਗੁਣ ਗਾਉਂਦਾ ਹੈ, (ਰੱਬੀ) ਗੁਣ ਇਕੱਤ® ਕਰਦਾ ਹੈ ਤੇ ਪਰਮ-ਜੋਤਿ ਵਿਚ ਆਪਣੀ ਆਤਮਾ ਮਿਲਾਈ ਰੱਖਦਾ ਹੈ ।ਮਨੁੱਖ ਜਨਮ ਵਿਚ ਕੋਈ ਵਿਰਲਾ ਬ੍ਰਹਮ ਨੂੰ ਜਾਣਨ ਵਾਲਾ ਹੈ ਜੋ ਹਉਮੈ ਦੂਰ ਕਰ ਕੇ ਬ੍ਰਹਮ ਵਿਚ ਜੁੜਿਆ ਰਹਿੰਦਾ ਹੈ । ਹੇ ਨਾਨਕ! ਜੋ (ਬ੍ਰਹਮਗਿਆਨੀ ਬ੍ਰਾਹਮਣ) ਹਰ ਵੇਲੇ ਨਾਮ ਸਿਮਰਦਾ ਹੈ ਉਸ ਨੂੰ ਮਿਲਿਆਂ ਸਦਾ ਸੁਖ ਮਿਲਦਾ ਹੈ ।1। ਆਪਣੇ ਮਨ ਦੇ ਪਿਛੇ ਤੁਰਨ ਵਾਲਾ ਮਨੁੱਖ ਜਾਹਲ ਹੈ, ਉਸ ਦੇ ਅੰਦਰ ਖੋਟ ਹੈ ਤੇ ਜੀਭ ਨਾਲ ਝੂਠ (ਭਾਵ, ਅੰਦਰਲੇ ਖੋਟ ਦੇ ਉਲਟ) ਬੋਲਦਾ ਹੈ (ਭਾਵ, ਅੰਦਰੋਂ ਹੋਰ ਤੇ ਬਾਹਰੋਂ ਹੋਰ); (ਇਸ ਤਰ੍ਹਾਂ) ਠੱਗੀ ਕੀਤਿਆਂ ਪਰਮਾਤਮਾ ਪ੍ਰਸੰਨ ਨਹੀਂ ਹੁੰਦਾ, (ਕਿਉਂਕਿ) ਉਹ ਸੁਤੇ ਹੀ (ਅਸਾਡਾ ਹਰੇਕ ਲੁਕਵਾਂ ਕੰਮ ਭੀ) ਵੇਖਦਾ ਹੈ ਤੇ (ਲੁਕਵਾਂ ਬੋਲ ਤੇ iਖ਼ਆਲ ਭੀ) ਸੁਣਦਾ ਹੈ । ਮਨਮੁਖ (ਆਪ) ਮਾਇਆ ਦੇ ਮੋਹ ਵਿਚ ਹੈ ਪਰ ਜਾ ਕੇ ਲੋਕਾਂ ਨੂੰ ਉਪਦੇਸ਼ ਕਰਦਾ ਹੈ, ਇਹ ਕਰਤੂਤ ਕੀਤਿਆਂ ਉਹ ਸਦਾ ਦੁੱਖ ਪਾਂਦਾ ਹੈ, ਜੰਮਦਾ ਹੈ, ਮਰਦਾ ਹੈ, ਮੁੜ ਜੰਮਦਾ ਹੈ ਮਰਦਾ ਹੈ, ਉਸ ਦਾ ਅੰਦਰਲਾ ਤੌਖਲਾ ਕਦੇ ਮਿਟਦਾ ਹੀ ਨਹੀਂ, ਉਹ ਮਾਨੋ, ਮੈਲੇ ਵਿਚ ਪਿਆ ਸੜਦਾ ਰਹਿੰਦਾ ਹੈ । ਪਰ, ਜਿਸ ਮਨੁੱਖ ਉਤੇ ਮੇਰਾ ਮਾਲਕ ਮਿਹਰ ਕਰਦਾ ਹੈ ਉਸ ਨੂੰ ਗੁਰੂ ਦਾ ਉਪਦੇਸ਼ ਸੁਣਾਂਦਾ ਹੈ; ਉਹ ਮਨੁੱਖ ਪ੍ਰਭੂ ਦਾ ਨਾਮ ਸਿਮਰਦਾ ਹੈ, ਨਾਮ ਹੀ ਗਾਉਂਦਾ ਹੈ, ਨਾਮ ਹੀ ਉਸ ਨੂੰ ਆਖ਼ਰ (ਇਸ ਸਹਸੇ ਤੋਂ) ਛੁਡਾਂਦਾ ਹੈ ।2। ਉਹ ਮਨੁੱਖ ਜਗਤ ਵਿਚ ਪੂਰੇ ਭਾਂਡੇ ਹਨ ਜਿਨ੍ਹਾਂ ਤੋਂ ਪਰਮਾਤਮਾ (ਆਪਣਾ) ਹੁਕਮ ਮਨਾਂਦਾ ਹੈ, ਉਹ ਬੰਦੇ ਪੂਰੇ ਗੁਰੂ ਦੇ ਸ਼ਬਦ ਵਿਚ ਚਿੱਤ ਜੋੜ ਕੇ ਆਪਣੇ ਮਾਲਕ ਦੀ ਬੰਦਗੀ ਕਰਦੇ ਹਨ, ਪ੍ਰਭੂ ਦੀ ਬੰਦਗੀ ਹੋ ਹੀ ਤਾਂ ਸਕਦੀ ਹੈ ਜੇ ਸੱਚੇ ਸ਼ਬਦ ਵਿਚ ਪਿਆਰ ਪਾਈਏ, (ਲਫ਼ਜ਼ੀ—ਸੱਚੇ ਸ਼ਬਦ ਵਿਚ ਪਿਆਰ ਦੀ ਰਾਹੀਂ) । ਜੋ ਮਨੁੱਖ ਅੰਦਰੋਂ ਹਉਮੈ ਨੂੰ ਮਾਰਦੇ ਹਨ ਉਹਨਾਂ ਨੂੰ ਪਰਮਾਤਮਾ ਦੀ ਹਜ਼ੂਰੀ ਪ੍ਰਾਪਤ ਹੁੰਦੀ ਹੈ । ਹੇ ਨਾਨਕ! ਗੁਰੂ ਦੇ ਸਨਮੁਖ ਰਹਿਣ ਵਾਲੇ ਬੰਦੇ ਪਰਮਾਤਮਾ ਦਾ ਨਾਮ ਹਿਰਦੇ ਵਿਚ ਪਰੋ ਕੇ ਤੇ ਨਾਮ ਜਪ ਕੇ ਪਰਮਾਤਮਾ ਵਿਚ ਜੁੜੇ ਰਹਿੰਦੇ ਹਨ ।10।