ਬਿਹਾਗੜਾ ਮਹਲਾ 5 ਛੰਤ ॥
ਅਨ ਕਾਏ ਰਾਤੜਿਆ ਵਾਟ ਦੁਹੇਲੀ ਰਾਮ ॥ ਪਾਪ ਕਮਾਵਦਿਆ ਤੇਰਾ ਕੋਇ ਨ ਬੇਲੀ ਰਾਮ ॥ ਕੋਏ ਨ ਬੇਲੀ ਹੋਇ ਤੇਰਾ ਸਦਾ ਪਛੋਤਾਵਹੇ ॥ ਗੁਨ ਗੁਪਾਲ ਨ ਜਪਹਿ ਰਸਨਾ ਫਿਰਿ ਕਦਹੁ ਸੇ ਦਿਹ ਆਵਹੇ ॥ ਤਰਵਰ ਵਿਛੁੰਨੇ ਨਹ ਪਾਤ ਜੁੜਤੇ ਜਮ ਮਗਿ ਗਉਨੁ ਇਕੇਲੀ ॥ ਬਿਨਵੰਤ ਨਾਨਕ ਬਿਨੁ ਨਾਮ ਹਰਿ ਕੇ ਸਦਾ ਫਿਰਤ ਦੁਹੇਲੀ ॥1॥ ਤੂੰ ਵਲਵੰਚ ਲੂਕਿ ਕਰਹਿ ਸਭ ਜਾਣੈ ਜਾਣੀ ਰਾਮ ॥ ਲੇਖਾ ਧਰਮ ਭਇਆ ਤਿਲ ਪੀੜੇ ਘਾਣੀ ਰਾਮ ॥ ਕਿਰਤ ਕਮਾਣੇ ਦੁਖ ਸਹੁ ਪਰਾਣੀ ਅਨਿਕ ਜੋਨਿ ਭ੍ਰਮਾਇਆ ॥ ਮਹਾ ਮੋਹਨੀ ਸੰਗਿ ਰਾਤਾ ਰਤਨ ਜਨਮੁ ਗਵਾਇਆ ॥ ਇਕਸੁ ਹਰਿ ਕੇ ਨਾਮ ਬਾਝਹੁ ਆਨ ਕਾਜ ਸਿਆਣੀ ॥ ਬਿਨਵੰਤ ਨਾਨਕ ਲੇਖੁ ਲਿਖਿਆ ਭਰਮਿ ਮੋਹਿ ਲੁਭਾਣੀ ॥2॥ ਬੀਚੁ ਨ ਕੋਇ ਕਰੇ ਅਕਿ®ਤਘਣੁ ਵਿਛੁੜਿ ਪਇਆ ॥ ਆਏ ਖਰੇ ਕਠਿਨ ਜਮਕੰਕਰਿ ਪਕੜਿ ਲਇਆ ॥ ਪਕੜੇ ਚਲਾਇਆ ਅਪਣਾ ਕਮਾਇਆ ਮਹਾ ਮੋਹਨੀ ਰਾਤਿਆ ॥ ਗੁਨ ਗੋਵਿੰਦ ਗੁਰਮੁਖਿ ਨ ਜਪਿਆ ਤਪਤ ਥੰਮੑ ਗਲਿ ਲਾਤਿਆ ॥ ਕਾਮ ਕ®ੋਧਿ ਅਹੰਕਾਰਿ ਮੂਠਾ ਖੋਇ ਗਿਆਨੁ ਪਛੁਤਾਪਿਆ ॥ਬਿਨਵੰਤ ਨਾਨਕ ਸੰਜੋਗਿ ਭੂਲਾ ਹਰਿ ਜਾਪੁ ਰਸਨ ਨ ਜਾਪਿਆ ॥3॥ਤੁਝ ਬਿਨੁ ਕੋ ਨਾਹੀ ਪ੍ਰਭ ਰਾਖਨਹਾਰਾ ਰਾਮ ॥ ਪਤਿਤ ਉਧਾਰਣ ਹਰਿ ਬਿਰਦੁ ਤੁਮਾਰਾ ਰਾਮ ॥ ਪਤਿਤ ਉਧਾਰਨ ਸਰਨਿ ਸੁਆਮੀ ਕ੍ਰਿਪਾ ਨਿਧਿ ਦਇਆਲਾ ॥ ਅੰਧ ਕੂਪ ਤੇ ਉਧਰੁ ਕਰਤੇ ਸਗਲ ਘਟ ਪ੍ਰਤਿਪਾਲਾ ॥ ਸਰਨਿ ਤੇਰੀ ਕਟਿ ਮਹਾ ਬੇੜੀ ਇਕੁ ਨਾਮੁ ਦੇਹਿ ਅਧਾਰਾ ॥ ਬਿਨਵੰਤ ਨਾਨਕ ਕਰ ਦੇਇ ਰਾਖਹੁ ਗੋਬਿੰਦ ਦੀਨ ਦਇਆਰਾ ॥4॥ ਸੋ ਦਿਨੁ ਸਫਲੁ ਗਣਿਆ ਹਰਿ ਪ੍ਰਭੂ ਮਿਲਾਇਆ ਰਾਮ ॥ ਸਭਿ ਸੁਖ ਪਰਗਟਿਆ ਦੁਖ ਦੂਰਿ ਪਰਾਇਆ ਰਾਮ ॥ ਸੁਖ ਸਹਜ ਅਨਦ ਬਿਨੋਦ ਸਦ ਹੀ ਗੁਨ ਗੁਪਾਲ ਨਿਤ ਗਾਈਐ ॥ ਭਜੁ ਸਾਧਸੰਗੇ ਮਿਲੇ ਰੰਗੇ ਬਹੁੜਿ ਜੋਨਿ ਨ ਧਾਈਐ ॥ ਗਹਿ ਕੰਠਿ ਲਾਏ ਸਹਜਿ ਸੁਭਾਏ ਆਦਿ ਅੰਕੁਰੁ ਆਇਆ ॥ ਬਿਨਵੰਤ ਨਾਨਕ ਆਪਿ ਮਿਲਿਆ ਬਹੁੜਿ ਕਤਹੂ ਨ ਜਾਇਆ ॥5॥4॥7॥
ਪੰਜਾਬੀ ਵਿਆਖਿਆ
ਬਿਹਾਗੜਾ ਮਹਲਾ 5 ਛੰਤ ॥ ਹੇ ਤੁੱਛ ਪਦਾਰਥਾਂ (ਦੇ ਮੋਹ) ਵਿਚ ਰੱਤੇ ਹੋਏ ਮਨੁੱਖ! (ਇਸ ਮੋਹ ਦੇ ਕਾਰਨ) ਤੇਰਾ ਜੀਵਨ-ਪੰਧ ਦੁੱਖਾਂ ਨਾਲ ਭਰਦਾ ਜਾ ਰਿਹਾ ਹੈ। ਹੇ ਪਾਪ ਕਮਾਣ ਵਾਲੇ ਕੋਈ ਭੀ ਤੇਰਾ (ਸਦਾ ਦਾ) ਸਾਥੀ ਨਹੀਂ । (ਕੀਤੇ ਪਾਪਾਂ ਦੀ ਸਜ਼ਾ ਵਿਚ ਭਾਈਵਾਲ ਬਣਨ ਲਈ) ਤੇਰਾ ਕੋਈ ਭੀ ਸਾਥੀ ਨਹੀਂ ਬਣੇਗਾ, ਤੂੰ ਸਦਾ ਹੱਥ ਮਲਦਾ ਰਹਿ ਜਾਏਂਗਾ । ਤੂੰ ਆਪਣੀ ਜੀਭ ਨਾਲ ਸ੍ਰਿਸ਼ਟੀ ਦੇ ਪਾਲਕ ਪ੍ਰਭੂ ਦੇ ਗੁਣ ਨਹੀਂ ਜਪਦਾ, ਜ਼ਿੰਦਗੀ ਦੇ ਇਹ ਦਿਨ ਫਿਰ ਕਦੇ ਵਾਪਸ ਨਹੀਂ ਆਉਣਗੇ (ਜਿਵੇਂ) ਰੁੱਖਾਂ ਨਾਲੋਂ ਵਿਛੁੜੇ ਹੋਏ ਪੱਤਰ (ਮੁੜ ਰੁੱਖਾਂ ਨਾਲ) ਨਹੀਂ ਜੁੜ ਸਕਦੇ । (ਕੀਤੇ ਪਾਪਾਂ ਦੇ ਕਾਰਨ ਮਨੁੱਖ ਦੀ ਜਿੰਦ) ਆਤਮਕ ਮੌਤ ਦੇ ਰਸਤੇ ਉੱਤੇ ਇਕੱਲੀ ਹੀ ਤੁਰੀ ਜਾਂਦੀ ਹੈ । ਨਾਨਕ ਬੇਨਤੀ ਕਰਦਾ ਹੈ—ਪਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾ ਮਨੁੱਖ ਦੀ ਜਿੰਦ ਸਦਾ ਦੁੱਖਾਂ ਨਾਲ ਘਿਰੀ ਹੋਈ ਭਟਕਦੀ ਰਹਿੰਦੀ ਹੈ ।1।(ਹੇ ਪ੍ਰਾਣੀ!) ਤੂੰ (ਲੋਕਾਂ ਪਾਸੋਂ) ਲੁਕ ਲੁਕ ਕੇ ਵਲ-ਛਲ ਕਰਦਾ ਰਹਿੰਦਾ ਹੈਂ, ਪਰ ਅੰਤਰਜਾਮੀ ਪਰਮਾਤਮਾ ਤੇਰੀ ਹਰੇਕ ਕਰਤੂਤ ਨੂੰ ਜਾਣਦਾ ਹੈ । ਜਦੋਂ ਧਰਮਰਾਜ ਦਾ ਹਿਸਾਬ ਹੁੁੰਦਾ ਹੈ ਤਾਂ (ਮੰਦੇ ਕਰਮ ਕਰਨ ਵਾਲੇ ਇਉਂ) ਪੀੜੇ ਜਾਂਦੇ ਹਨ ਜਿਵੇਂ ਤਿਲ (ਘਾਣੀ ਵਿਚ) ਪੀੜੇ ਜਾਂਦੇ ਹਨ । ਹੇ ਪ੍ਰਾਣੀ! ਆਪਣੇ ਕੀਤੇ ਕਮਾਏ ਕਰਮਾਂ ਅਨੁਸਾਰ ਤੂੰ ਭੀ ਦੁੱਖ ਸਹਾਰ । (ਮੰਦ-ਕਰਮੀ-ਜੀਵ) ਅਨੇਕਾਂ ਜੂਨਾਂ ਵਿਚ ਭਵਾਇਆ ਜਾਂਦਾ ਹੈ । ਜੇਹੜਾ ਮਨੁੱਖ ਸਦਾ ਇਸ ਵੱਡੀ ਮੋਹ ਲੈਣ ਵਾਲੀ ਮਾਇਆ ਦੇ ਨਾਲ ਹੀ ਮਸਤ ਰਹਿੰਦਾ ਹੈ ਉਹ ਸ੍ਰੇਸ਼ਟ ਮਨੁੱਖਾ ਜਨਮ ਗਵਾ ਲੈਂਦਾ ਹੈ । ਨਾਨਕ ਬੇਨਤੀ ਕਰਦਾ ਹੈ—(ਹੇ ਜਿੰਦੇ!) ਇਕ ਪਰਮਾਤਮਾ ਦੇ ਨਾਮ ਤੋਂ ਬਗ਼ੈਰ ਤੂੰ ਹੋਰ ਸਾਰੇ ਕੰਮਾਂ ਵਿਚ ਸਿਆਣੀ (ਬਣੀ ਫਿਰਦੀ ਹੈਂ । ਤੇਰੇ ਮੱਥੇ ਉਤੇ ਮਾਇਆ ਦੇ ਮੋਹ ਦਾ ਹੀ) ਲੇਖ ਲਿਖਿਆ ਜਾ ਰਿਹਾ ਹੈ (ਤਾਹੀਏਂ ਤੂੰ) ਮਾਇਆ ਦੀ ਭਟਕਣਾ ਵਿਚ ਮਾਇਆ ਦੇ ਮੋਹ ਵਿਚ ਫਸੀ ਰਹਿੰਦੀ ਹੈਂ ।2।ਪਰਮਾਤਮਾ ਦੇ ਕੀਤੇ ਉਪਕਾਰਾਂ ਨੂੰ ਨਾਹ ਜਾਣਨ ਵਾਲਾ ਮਨੁੱਖ ਪਰਮਾਤਮਾ ਦੇ ਚਰਨਾਂ ਤੋਂ ਵਿਛੁੜਿਆ ਰਹਿੰਦਾ ਹੈ (ਪ੍ਰਭੂ ਨਾਲ ਮੁੜ ਮਿਲਾਣ ਵਾਸਤੇ) ਕੋਈ (ਉਸ ਦਾ) ਵਿਚੋਲਾ-ਪਨ ਨਹੀਂ ਕਰਦਾ । (ਉਸ ਦੀ ਸਾਰੀ ਉਮਰ ਇਸੇ ਤਰ੍ਹਾਂ ਲੰਘ ਜਾਂਦੀ ਹੈ, ਆਖ਼ਰ) ਬੜਾ ਨਿਰਦਈ ਜਮਦੂਤ ਉਸ ਨੂੰ ਆ ਫੜਦਾ ਹੈ । (ਜਮਦੂਤ ਉਸ ਨੂੰ) ਫੜ ਕੇ ਅੱਗੇ ਲਾ ਲੈਂਦਾ ਹੈ, ਸਾਰੀ ਉਮਰ ਡਾਢੀ ਮਾਇਆ ਵਿਚ ਮਸਤ ਰਹਿਣ ਕਰਕੇ ਉਹ ਆਪਣਾ ਕੀਤਾ ਪਾਂਦਾ ਹੈ । ਗੁਰੂ ਦੀ ਸਰਨ ਪੈ ਕੇ ਉਹ ਪਰਮਾਤਮਾ ਦੇ ਗੁਣ ਕਦੇ ਯਾਦ ਨਹੀਂ ਕਰਦਾ (ਉਸ ਦੀ ਸਾਰੀ ਉਮਰ ਵਿਕਾਰਾਂ ਦੀ ਸੜਨ ਵਿਚ ਇਉਂ ਬੀਤਦੀ ਹੈ, ਜਿਵੇਂ) ਸੜਦੇ-ਬਲਦੇ ਥੰਮਾਂ ਦੇ ਗਲ ਨਾਲ ਉਸ ਨੂੰ ਲਾਇਆ ਹੋਇਆ ਹੈ । ਕਾਮ ਵਿਚ, ਕੋ®ਧ ਵਿਚ, ਅਹੰਕਾਰ ਵਿਚ (ਫਸੇ ਰਹਿ ਕੇ) ਆਪਣਾ ਆਤਮਕ ਜੀਵਨ ਲੁਟਾ ਬੈਠਦਾ ਹੈ, ਆਤਮਕ ਜੀਵਨ ਦੀ ਸੂਝ ਗਵਾ ਕੇ (ਆਖ਼ਰ) ਹੱਥ ਮਲਦਾ ਹੈ । ਨਾਨਕ ਬੇਨਤੀ ਕਰਦਾ ਹੈ—ਕਾਮਾਦਿਕ ਵਿਕਾਰਾਂ ਦੇ ਸੰਜੋਗ ਦੇ ਕਾਰਨ (ਸਾਰੀ ਉਮਰ ਮਨੁੱਖ) ਕੁਰਾਹੇ ਪਿਆ ਰਹਿੰਦਾ ਹੈ, ਕਦੇ ਆਪਣੀ ਜੀਭ ਨਾਲ ਪਰਮਾਤਮਾ ਦਾ ਨਾਮ ਨਹੀਂ ਜਪਦਾ {ਨੋਟ :—ਭੂਤ ਕਾਲ ਨੂੰ ਵਰਤਮਾਨ ਕਾਲ ਵਿਚ ਅਰਥਾਇਆ ਗਿਆ ਹੈ} ।3।ਹੇ ਪ੍ਰਭੂ! ਤੈਥੋਂ ਬਿਨਾ (ਵਿਕਾਰਾਂ ਦੀ ਤਪਸ਼ ਤੋਂ) ਬਚਾ ਸਕਣ ਵਾਲਾ ਹੋਰ ਕੋਈ ਨਹੀਂ ਹੈ, ਵਿਕਾਰਾਂ ਵਿਚ ਡਿੱਗੇ ਹੋਇਆਂ ਨੂੰ (ਵਿਕਾਰਾਂ ਵਿਚ ਡੁੱਬਣੋਂ) ਬਚਾਣਾ ਤੇਰਾ ਮੁੱਢ-ਕਦੀਮਾਂ ਦਾ ਸੁਭਾਉ ਹੈ । ਹੇ ਵਿਕਾਰਾਂ ਵਿਚ ਡਿੱਗੇ ਹੋਇਆਂ ਨੂੰ (ਡੁੱਬਣੋਂ) ਬਚਾਣ ਵਾਲੇ! ਹੇ ਸੁਆਮੀ! ਹੇ ਕਿਰਪਾ ਦੇ ਖ਼ਜ਼ਾਨੇ! ਹੇ ਦਇਆ ਦੇ ਘਰ! ਹੇ ਕਰਤਾਰ! ਹੇ ਸਾਰੇ ਸਰੀਰਾਂ ਦੀ ਪਾਲਣਾ ਕਰਨ ਵਾਲੇ! ਮੈਂ ਤੇਰੀ ਸਰਨ ਆਇਆ ਹਾਂ, ਮੈਨੂੰ (ਮਾਇਆ ਦੇ ਮੋਹ ਦੇ) ਅੰਨ੍ਹੇ ਖੂਹ (ਵਿਚ ਡੁੱਬਣ) ਤੋਂ ਬਚਾ ਲੈ । ਨਾਨਕ ਬੇਨਤੀ ਕਰਦਾ ਹੈ—ਹੇ ਗੋਬਿੰਦ! ਹੇ ਦੀਨਾਂ ਉਤੇ ਦਇਆ ਕਰਨ ਵਾਲੇ! ਮੈਂ ਤੇਰੀ ਸਰਨ ਆਇਆ ਹਾਂ; ਮੇਰੀ (ਮਾਇਆ ਦੇ ਮੋਹ ਦੀ) ਕਰੜੀ ਬੇੜੀ ਕੱਟ ਦੇ, ਮੈਨੂੰ ਆਪਣਾ ਨਾਮ-ਆਸਰਾ ਬਖ਼ਸ਼, ਆਪਣਾ ਹੱਥ ਦੇ ਕੇ ਮੈਨੂੰ (ਮਾਇਆ ਦੇ ਮੋਹ ਵਿਚ ਡੁੱਬਣੋਂ) ਬਚਾ ਲੈ ।4।ਹੇ ਭਾਈ! ਉਹ ਦਿਨ ਭਾਗਾਂ ਵਾਲਾ ਸਮਝਣਾ ਚਾਹੀਦਾ ਹੈ ਜਦੋਂ ਹਰਿ-ਪ੍ਰਭੂ (ਗੁਰੂ ਦਾ) ਮਿਲਾਇਆ (ਮਿਲ ਪੈਂਦਾ ਹੈ) । (ਹਿਰਦੇ ਵਿਚ) ਸਾਰੇ ਸੁਖ ਪਰਗਟ ਹੋ ਜਾਂਦੇ ਹਨ, ਤੇ, ਸਾਰੇ ਦੁੱਖ ਦੂਰ ਜਾ ਪੈਂਦੇ ਹਨ । ਹੇ ਭਾਈ! ਆਓ, ਜਗਤ-ਪਾਲ ਪ੍ਰਭੂ ਦੇ ਗੁਣ ਨਿੱਤ ਗਾਂਦੇ ਰਹੀਏ (ਸਿਫ਼ਤਿ-ਸਾਲਾਹ ਦੀ ਬਰਕਤਿ ਨਾਲ ਹਿਰਦੇ ਵਿਚ) ਸਦਾ ਹੀ ਆਤਮਕ ਅਡੋਲਤਾ ਦੇ ਸੁਖ-ਆਨੰਦ ਬਣੇ ਰਹਿੰਦੇ ਹਨ, ਖ਼ੁਸ਼ੀਆਂ ਬਣੀਆਂ ਰਹਿੰਦੀਆਂ ਹਨ । ਹੇ ਭਾਈ! ਗੁਰੂ ਦੀ ਸੰਗਤਿ ਵਿਚ ਪ੍ਰੇਮ ਨਾਲ ਮਿਲ ਕੇ ਪਰਮਾਤਮਾ ਦਾ ਭਜਨ ਕਰਿਆ ਕਰ (ਭਜਨ ਦੀ ਬਰਕਤਿ ਨਾਲ) ਮੁੜ ਮੁੜ ਜੂਨਾਂ ਵਿਚ ਨਹੀਂ ਪਈਦਾ, ਪਰਮਾਤਮਾ (ਬਾਹੋਂ) ਫੜ ਕੇ ਆਪਣੇ ਗਲ ਨਾਲ ਲਾ ਲੈਂਦਾ ਹੈ, ਆਤਮਕ ਅਡੋਲਤਾ ਵਿਚ ਪ੍ਰੇਮ ਵਿਚ (ਲੀਨ ਕਰ ਦੇਂਦਾ ਹੈ । ਹਿਰਦੇ ਵਿਚ ਭਗਤੀ ਦਾ) ਮੁੱਢਲਾ ਅੰਗੂਰ ਪੁੰਗਰ ਪੈਂਦਾ ਹੈ । ਨਾਨਕ ਬੇਨਤੀ ਕਰਦਾ ਹੈ—(ਹੇ ਭਾਈ! ਸਾਧ ਸੰਗਤਿ ਵਿਚ ਮਿਲਿਆਂ) ਪ੍ਰਭੂ ਆਪ ਆ ਮਿਲਦਾ ਹੈ, ਫਿਰ (ਉਸ ਦਾ ਦਰ ਛੱਡ ਕੇ) ਹੋਰ ਕਿਤੇ ਭੀ ਨਹੀਂ ਭਟਕੀਦਾ ।5।4।7।