6 injections of corona : ਭਾਰਤ ਵਿੱਚ ਕੋਰੋਨਾ ਦੀ ਭਿਆਨਕ ਰਫਤਾਰ ਕਾਰਨ ਹਾਹਾਕਾਰ ਮਚਿਆ ਹੋਇਆ ਹੈ। ਹਰ ਰੋਜ਼ ਰਿਕਾਰਡ ਤੋੜ ਮਾਮਲੇ ਦਰਜ ਕੀਤੇ ਜਾ ਰਹੇ ਹਨ। ਹਾਲਾਂਕਿ, ਹੁਣ ਮਾਮਲਿਆਂ ਵਿੱਚ ਵੀ ਥੋੜੀ ਜਿਹੀ ਗਿਰਾਵਟ ਦਰਜ ਕੀਤੀ ਜਾ ਰਹੀ ਹੈ।
ਪਿੱਛਲੇ 24 ਘੰਟਿਆਂ ਵਿੱਚ ਦੇਸ਼ ਵਿੱਚ ਕੋਰੋਨਾ ਦੇ 3 ਲੱਖ 29 ਹਜ਼ਾਰ 942 ਨਵੇਂ ਕੇਸ ਸਾਹਮਣੇ ਆਏ ਹਨ। ਇਸ ਦੇ ਨਾਲ ਹੀ, ਪਿੱਛਲੇ 24 ਘੰਟਿਆਂ ਵਿੱਚ 3876 ਮਰੀਜ਼ਾਂ ਦੀ ਮੌਤ ਕੋਰੋਨਾ ਕਾਰਨ ਹੋਈ ਹੈ। ਇਸ ਦੌਰਾਨ ਕੋਰੋਨਾ ਦੀ ਰਫਤਾਰ ‘ਤੇ ਰੋਕ ਲਗਾਉਣ ਲਈ ਭਾਰਤ ਸਮੇਤ ਦੁਨੀਆ ਦੇ ਕਈ ਦੇਸ਼ਾਂ ਨੇ ਕੋਰੋਨਾ ਵਾਇਰਸ ਨਾਲ ਲੜਨ ਲਈ ਟੀਕਾਕਰਨ ਦੀ ਪ੍ਰਕਿਰਿਆ ਨੂੰ ਤੇਜ਼ ਕੀਤਾ ਹੈ।
ਹੁਣ ਭਾਰਤ ਵਿੱਚ ਵੀ 18 ਸਾਲ ਤੋਂ ਉਪਰ ਦੇ ਲੋਕਾਂ ਨੂੰ ਟੀਕੇ ਦੀ ਸਹੂਲਤ ਦਿੱਤੀ ਗਈ ਹੈ। ਇਸ ਤੋਂ ਪਹਿਲਾਂ ਸਿਰਫ 45 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਟੀਕਾ ਲਗਾਇਆ ਜਾ ਰਿਹਾ ਸੀ। ਲੋਕਾਂ ਨੂੰ ਭਾਰਤ ਵਿੱਚ ਟੀਕਾਕਰਨ ਲਈ ਸਲੋਟ ਬੁੱਕ ਕਰਨ ਵਿੱਚ ਵੀ ਬਹੁਤ ਮੁਸ਼ਕਿਲ ਆ ਰਹੀ ਹੈ। ਟੀਕਾ ਲਗਵਾਉਣ ਲਈ ਲੋਕਾਂ ਨੂੰ ਕਾਫੀ ਲੰਮਾ ਸਮਾਂ ਇੰਤਜ਼ਾਰ ਕਰਨਾ ਪੈ ਰਿਹਾ ਹੈ। ਪਰ ਇਸ ਦੌਰਾਨ ਲਾਪਰਵਾਹੀ ਦੀਆ ਘਟਨਾਵਾਂ ਵੀ ਸਾਹਮਣੇ ਆ ਰਹੀਆਂ ਹਨ, ਕਦੇ ਲੋਕਾਂ ਵਲੋਂ ਤਾਂ ਕਦੇ ਸਹਿਤ ਕਰਮਚਾਰੀਆਂ ਵਲੋਂ।
ਹੁਣ ਇਸ ਤਰਾਂ ਵੀ ਇੱਕ ਵੱਡੀ ਗਲਤੀ ਇਟਲੀ ਤੋਂ ਸਾਹਮਣੇ ਆਈ ਹੈ, ਜਿੱਥੇ ਡਾਕਟਰਾਂ ਦੀ ਅਣਗਹਿਲੀ ਕਾਰਨ ਇੱਕ ਲੜਕੀ ਨੂੰ ਕੋਰੋਨਾ ਵੈਕਸੀਨ ਦੀਆ 6 ਖੁਰਾਕਾਂ ਲਗਾ ਦਿੱਤੀਆਂ ਗਈਆਂ ਹਨ। ਇਹ ਮਾਮਲਾ 9 ਮਈ ਦਾ ਦੱਸਿਆ ਜਾ ਰਿਹਾ ਹੈ। ਇਟਲੀ ਵਿੱਚ ਇੱਕ 23 ਸਾਲਾ ਵਿਦਿਆਰਥੀ ਨੂੰ ਨਾਓ ਹਸਪਤਾਲ ਵਿੱਚ ਇੱਕੋ ਦਿਨ ਵਿੱਚ 6 ਵਾਰ ਕੋਰੋਨਾ ਟੀਕਾ ਲਗਾਇਆ ਗਿਆ ਸੀ।
ਟੀਕਾਕਰਣ ਵਿੱਚ ਇਸ ਵੱਡੀ ਲਾਪ੍ਰਵਾਹੀ ਦੀ ਪੂਰੇ ਵਿਸ਼ਵ ਵਿੱਚ ਚਰਚਾ ਕੀਤੀ ਜਾ ਰਹੀ ਹੈ। ਮੀਡੀਆ ਰਿਪੋਰਟਸ ਦੇ ਅਨੁਸਾਰ ਹਸਪਤਾਲ ਵਿੱਚ 6 ਖੁਰਾਕਾਂ ਤੋਂ ਬਾਅਦ ਹਲਚਲ ਮਚ ਗਈ। ਹਰ ਕੋਈ ਚਿੰਤਤ ਸੀ ਕਿ ਇੰਨੇ ਟੀਕੇ ਲੜਕੀ ਦੇ ਸਰੀਰ ਨੂੰ ਕਿਵੇਂ ਪ੍ਰਭਾਵਿਤ ਕਰਨਗੇ। ਇਸ ਕਰਕੇ ਲੜਕੀ ਨੂੰ 24 ਘੰਟੇ ਡਾਕਟਰੀ ਨਿਰੀਖਣ ਵਿੱਚ ਰੱਖਿਆ ਗਿਆ ਸੀ।
ਕੇਸ ਬਾਰੇ ਜਾਣਕਾਰੀ ਦਿੰਦੇ ਹੋਏ ਨਾਓ ਹਸਪਤਾਲ ਨੇ ਕਿਹਾ ਕਿ ਮਹਿਲਾ ‘ਤੇ ਕੋਈ ਮਾੜਾ ਪ੍ਰਭਾਵ ਨਹੀਂ ਹੋਇਆ ਹੈ। ਉਸ ਨੂੰ 24 ਘੰਟੇ ਨਿਗਰਾਨੀ ਵਿੱਚ ਰੱਖਿਆ ਗਿਆ ਸੀ। ਫਾਈਜ਼ਰ ਦੀ ਏਨੀ ਵੱਡੀ ਖੁਰਾਕ ਤੋਂ ਬਾਅਦ, ਹਰ ਕੋਈ ਡਰ ਗਿਆ ਸੀ ਕਿ ਇਸਦਾ ਨਤੀਜਾ ਕੀ ਹੋਏਗਾ ? ਪਰ ਲੜਕੀ ਨੂੰ ਨਾ ਤਾਂ ਬੁਖਾਰ ਹੋਇਆ ਅਤੇ ਨਾ ਹੀ ਦਰਦ ਹੋਇਆ।
ਹਾਲਾਂਕਿ, 6 ਖੁਰਾਕ ਲੈਣ ਤੋਂ ਬਾਅਦ, ਲੜਕੀ ਡਰ ਗਈ ਸੀ। ਇਸ ਤੋਂ ਬਾਅਦ, ਜਦੋਂ ਕੋਈ ਮਾੜੇ ਪ੍ਰਭਾਵ ਨਹੀਂ ਵੇਖੇ ਗਏ, ਤਾਂ ਉਸ ਨੂੰ ਛੁੱਟੀ ਦੇ ਦਿੱਤੀ ਗਈ। ਪਰ. ਡਾਕਟਰਾਂ ਨੇ ਦੱਸਿਆ ਕਿ ਹੁਣ ਇਸ ਲੜਕੀ ਨੂੰ ਨਿਰੰਤਰ ਮੈਡੀਕਲ ਨਿਰੀਖਣ ਲਈ ਬੁਲਾਇਆ ਜਾਵੇਗਾ। ਇਹ ਵੇਖਣ ਲਈ ਕਿ ਕੀ ਇਸ ਨਾਲ ਲੜਕੀ ਦੇ ਸਰੀਰ ‘ਤੇ ਅਸਰ ਹੋਇਆ ਹੈ ਜਾਂ ਨਹੀਂ? ਤੁਹਾਨੂੰ ਦੱਸ ਦੇਈਏ ਕਿ ਪਹਿਲਾਂ ਇੱਕ ਅਧਿਐਨ ਵਿੱਚ ਇਹ ਗੱਲ ਸਾਹਮਣੇ ਆਈ ਸੀ ਕਿ ਫਾਈਜ਼ਰ ਦੀਆਂ ਸਿਰਫ 4 ਖੁਰਾਕਾਂ ਹੀ ਇੱਕ ਵਿਅਕਤੀ ਨੂੰ ਬਰਬਾਦ ਕਰ ਸਕਦੀਆਂ ਹਨ। ਹੁਣ ਇਸ ਲੜਕੀ ਨੂੰ 6 ਟੀਕੇ ਲੱਗਣ ਤੋਂ ਬਾਅਦ, ਹਰ ਕੋਈ ਚਿੰਤਤ ਹੈ।
ਇਹ ਵੀ ਦੇਖੋ : ਬਾਬਾ ਰਾਮ ਦੇਵ ਦੀ ਆਈ ਸ਼ਾਮਤ, ਇਸ ਡਾਕਟਰ ਨੇ ਪੰਜਾਬ ਪੁਲਿਸ ਨੂੰ ਲਾਈ ਸ਼ਿਕਾਇਤ, ਹੋ ਸਕਦਾ ਪਰਚਾ