ਤਾਲਿਬਾਨ ਨੇ ਅਫਗਾਨਿਸਤਾਨ ‘ਤੇ ਆਪਣਾ ਕਬਜ਼ਾ ਕਰ ਲਿਆ ਹੈ। ਜਿਸ ਤੋਂ ਬਾਅਦ ਅਫਗਾਨਿਸਤਾਨ ਵਿੱਚ ਹਾਲਾਤ ਵਿਗੜਨ ਕਾਰਨ ਦੇਸ਼ ਛੱਡ ਕੇ ਭੱਜੇ ਅਫਗਾਨਿਸਤਾਨ ਦੇ ਸਾਬਕਾ ਰਾਸ਼ਟਰਪਤੀ ਅਸ਼ਰਫ ਗਨੀ ਬਾਰੇ ਇੱਕ ਰਿਪੋਰਟ ਵਿੱਚ ਕਿਹਾ ਗਿਆ ਸੀ ਕਿ ਉਹ ਬਹੁਤ ਸਾਰੇ ਪੈਸਿਆਂ ਨਾਲ ਦੇਸ਼ ਛੱਡ ਕੇ ਭੱਜੇ ਹਨ। ਪਰ ਹੁਣ ਇਸ ਵਿਚਾਲੇ ਉਨ੍ਹਾਂ ਵੱਲੋਂ ਸਫ਼ਾਈ ਦਿੱਤੀ ਗਈ ਹੈ।
ਉਨ੍ਹਾਂ ਨੇ ਸਫ਼ਾਈ ਦਿੰਦਿਆਂ ਪੈਸਿਆਂ ਨਾਲ ਦੇਸ਼ ਛੱਡ ਕੇ ਭੱਜਣ ਦੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ । ਦਰਅਸਲ, ਉਨ੍ਹਾਂ ਵੱਲੋਂ ਇੱਕ ਵੀਡੀਓ ਸੰਦੇਸ਼ ਜਾਰੀ ਕੀਤਾ ਗਿਆ ਹੈ, ਜਿਸ ਵਿੱਚ ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਉਹ ਸਿਰਫ ਇੱਕ ਜੋੜੇ ਕੱਪੜਿਆਂ ਵਿੱਚ ਅਫਗਾਨਿਸਤਾਨ ਛੱਡ ਕੇ ਗਏ ਹਨ। ਗਨੀ ਦਾ ਇਹ ਬਿਆਨ ਇੱਕ ਫੇਸਬੁੱਕ ਪੋਸਟ ਰਾਹੀਂ ਸਾਹਮਣੇ ਆਇਆ ਹੈ।
ਅਫਗਾਨਿਸਤਾਨ ਛੱਡਣ ਤੋਂ ਬਾਅਦ ਅਸ਼ਰਫ ਗਨੀ ਨੇ ਸੰਯੁਕਤ ਅਰਬ ਅਮੀਰਾਤ ਵਿੱਚ ਸ਼ਰਨ ਲਈ ਹੈ। ਸੰਯੁਕਤ ਅਰਬ ਅਮੀਰਾਤ ਦੇ ਵਿਦੇਸ਼ ਮੰਤਰਾਲੇ ਨੇ ਅਸ਼ਰਫ ਗਨੀ ਅਤੇ ਉਨ੍ਹਾਂ ਦੇ ਪਰਿਵਾਰ ਦੀ ਮੌਜੂਦਗੀ ਦੀ ਖਬਰ ਦੀ ਪੁਸ਼ਟੀ ਕੀਤੀ ਹੈ। ਸੰਯੁਕਤ ਅਰਬ ਅਮੀਰਾਤ ਦੀ ਸਰਕਾਰ ਦੇ ਅਨੁਸਾਰ ਗਨੀ ਅਤੇ ਉਸਦੇ ਪਰਿਵਾਰ ਨੂੰ ਮਨੁੱਖਤਾ ਦੇ ਅਧਾਰ ‘ਤੇ ਸ਼ਰਣ ਦਿੱਤੀ ਗਈ ਹੈ।
ਵੀਡੀਓ ਸੰਦੇਸ਼ ਵਿੱਚ ਅਸ਼ਰਫ ਗਨੀ ਨੇ ਕਿਹਾ, ‘ਮੇਰਾ ਦੇਸ਼ ਤੋਂ ਭੱਜਣ ਅਤੇ ਆਪਣੇ ਵਤਨ ਨੂੰ ਇਸ ਤਰ੍ਹਾਂ ਛੱਡਣ ਦਾ ਕੋਈ ਇਰਾਦਾ ਨਹੀਂ ਸੀ। ਮੈਂ ਖੂਨ ਖਰਾਬਾ ਰੋਕਣ ਲਈ UAE ਵਿੱਚ ਹਾਂ। ਮੈਂ ਅਜੇ ਵੀ ਅਫਗਾਨਿਸਤਾਨ ਵਾਪਸ ਜਾਣ ਦੇ ਤਰੀਕਿਆਂ ਦੀ ਭਾਲ ਕਰ ਰਿਹਾ ਹਾਂ। ਮੈਂ ਨਿਆਂ, ਅਫਗਾਨ ਪ੍ਰਭੂਸੱਤਾ ਅਤੇ ਸੱਚਮੁੱਚ ਇਸਲਾਮੀ ਕਦਰਾਂ ਕੀਮਤਾਂ ਦੀ ਬਹਾਲੀ ਲਈ ਲੜਾਈ ਜਾਰੀ ਰੱਖਾਂਗਾ।
ਦੱਸ ਦੇਈਏ ਕਿ ਅਸਰਫ਼ ਗਨੀ ਦੇ ਦੇਸ਼ ਛੱਡ ਕੇ ਭੱਜਣ ਤੋਂ ਬਾਅਦ ਅਫਗਾਨਿਸਤਾਨ ਦੇ ਉਪ ਰਾਸ਼ਟਰਪਤੀ ਅਮਰੁੱਲਾਹ ਸਾਲੇਹ ਨੇ ਤਾਲਿਬਾਨੀਆਂ ਖਿਲਾਫ਼ ਮੋਰਚਾ ਖੋਲ੍ਹਦਿਆਂ ਹੋਇਆਂ ਆਪਣੇ ਆਪ ਨੂੰ ਨਵਾਂ ਰਾਸ਼ਟਰਪਤੀ ਐਲਾਨ ਦਿੱਤਾ ਹੈ । ਸਾਲੇਹ ਨੇ ਤਾਲਿਬਾਨ ਅੱਗੇ ਹਥਿਆਰ ਸੁੱਟਣ ਤੋਂ ਸਾਫ ਇਨਕਾਰ ਕਰ ਦਿੱਤਾ ਹੈ । ਕਾਬੁਲ ‘ਤੇ ਤਾਲਿਬਾਨ ਦੇ ਕਬਜ਼ੇ ਦੇ ਬਾਵਜੂਦ ਨਾ ਤਾਂ ਉਨ੍ਹਾਂ ਨੇ ਦੇਸ਼ ਛੱਡਿਆ ਅਤੇ ਨਾ ਹੀ ਸੰਘਰਸ਼ ਛੱਡਿਆ ।
ਇਹ ਵੀ ਦੇਖੋ: ਪਿੰਡ ਵਾਲਿਆਂ ਨੇ ਅੱਧੀ ਰਾਤ ਨੂੰ ਕੀਤਾ ਜਾਦੂ-ਟੂਣਾ, ਗੁਰਸਿੱਖ ਕਹਿੰਦਾ ਮੈਂ ਨਹੀਂ ਆਵਾਂਗਾ! ਫੇਰ ਦੇਖੋ ….