ਕੈਨੇਡਾ ਜਾਣ ਵਾਲੇ ਭਾਰਤੀ ਯਾਤਰੀਆਂ ਨੂੰ ਟਰੂਡੋ ਸਰਕਾਰ ਵੱਲੋਂ ਵੱਡੀ ਰਾਹਤ ਦਿੱਤੀ ਗਈ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਸਰਕਾਰ ਨੇ ਭਾਰਤ ਵਿੱਚ ਬਣੇ ਕੋਰੋਨਾ ਟੀਕੇ ਕੋਵੈਕਸੀਨ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਹ ਟੀਕਾ ਲਗਵਾ ਚੁੱਕੇ ਲੋਕਾਂ ਨੂੰ ਵੀ ਹੁਣ 30 ਨਵੰਬਰ ਤੋਂ ਕੈਨੇਡਾ ਵਿੱਚ ਆਉਣ ਦੀ ਆਗਿਆ ਹੋਵੇਗੀ।
ਦੱਸ ਦੇਈਏ ਕਿ ਹੁਣ ਤੱਕ ਕੈਨੇਡਾ ਵਿੱਚ ਸਿਰਫ਼ ਉਹ ਯਾਤਰੀ ਆ ਸਕਦੇ ਸਨ ਜਿਨ੍ਹਾਂ ਨੇ ਫਾਈਜ਼ਰ, ਮੋਡਰਨਾ, ਐਸਟਰਾਜ਼ੈਨੇਕਾ ਤੇ ਜੌਨਸਨ ਐਂਡ ਜੌਨਸਨ ਦੀਆਂ ਡੋਜ਼ਾਂ ਲਈਆਂ ਹੋਣ ।
ਮੀਡੀਆ ਰਿਪੋਰਟ ਅਨੁਸਾਰ 30 ਨਵੰਬਰ ਤੋਂ ਕੈਨੇਡਾ ਵਿੱਚ ਲੱਗਿਆਂ ਕੁਝ ਪਾਬੰਦੀਆਂ ਵੀ ਹਟਾਈਆਂ ਜਾ ਰਹੀਆਂ ਹਨ, ਜਿਨ੍ਹਾਂ ਦਾ ਫਾਇਦਾ ਸਿੱਧੇ ਤੌਰ ‘ਤੇ ਉੱਥੋਂ ਦੇ ਵਸਨੀਕਾਂ ਨੂੰ ਹੋਵੇਗਾ। ਇਸ ਵਿੱਚ ਹੁਣ ਕੈਨੇਡਾ ਤੋਂ 72 ਘੰਟਿਆਂ ਤੋਂ ਘੱਟ ਸਮੇਂ ਲਈ ਬਾਹਰ ਜਾਣ ਵਾਲੇ ਲੋਕਾਂ ਨੂੰ ਦੁਬਾਰਾ ਦੇਸ਼ ਵਿੱਚ ਦਾਖ਼ਲ ਹੋਣ ਲਈ ਕੋਰੋਨਾ ਨੈਗੇਟਿਵ ਰਿਪੋਰਟ ਵਿਖਾਉਣੀ ਲਾਜ਼ਮੀ ਨਹੀਂ ਹੋਵੇਗੀ । ਇਹ ਤਬਦੀਲੀ ਸਿਰਫ਼ ਕੈਨੇਡੀਅਨ ਨਾਗਰਿਕਾਂ, ਪੱਕੇ ਵਸਨੀਕਾਂ ਤੇ ਭਾਰਤੀ ਐਕਟ ਤਹਿਤ ਰਜਿਸਟਰਡ ਵਿਅਕਤੀਆਂ, 12 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਤੇ ਵੈਕਸੀਨੇਸ਼ਨ ਸਬੰਧੀ ਮੈਡੀਕਲ ਦਿੱਕਤਾਂ ਦਾ ਸਾਹਮਣਾ ਕਰ ਰਹੇ ਲੋਕਾਂ ’ਤੇ ਲਾਗੂ ਹੋਵੇਗੀ ।
ਇਸ ਤੋਂ ਇਲਾਵਾ ਕੈਨੇਡਾ ਸਰਕਾਰ ਵੱਲੋਂ 15 ਜਨਵਰੀ ਤੋਂ ਯਾਤਰੀਆਂ ਦੇ ਕੁਝ ਸਮੂਹਾਂ, ਜਿਨ੍ਹਾਂ ਨੂੰ ਮੁਲਕ ਵਿੱਚ ਦਾਖ਼ਲ ਹੋਣ ਸਬੰਧੀ ਲੋੜੀਂਦੀਆਂ ਸ਼ਰਤਾਂ ਤੋਂ ਛੋਟ ਹੈ, ਨੂੰ ਸਿਰਫ ਮੁਕੰਮਲ ਟੀਕਾਕਰਨ ਕਰਵਾਉਣ ਤੋਂ ਬਾਅਦ ਹੀ ਕੈਨੇਡਾ ਵਿੱਚ ਆਉਣ ਦੀ ਆਗਿਆ ਹੋਵੇਗੀ । ਜਿਨ੍ਹਾਂ ਵਿੱਚ ਕੌਮਾਂਤਰੀ ਵਿਦਿਆਰਥੀ, ਪੇਸ਼ੇਵਰ ਤੇ ਗੈਰ-ਪੇਸ਼ੇਵਰ ਐਥਲੀਟ, ਪੁਖ਼ਤਾ ਕੰਮ ਸਬੰਧੀ ਪਰਮਿਟ ਹਾਸਿਲ ਵਿਅਕਤੀ ਤੇ ਟਰੱਕ ਡਰਾਈਵਰ ਆਦਿ ਸ਼ਾਮਿਲ ਹਨ।
ਵੀਡੀਓ ਲਈ ਕਲਿੱਕ ਕਰੋ -: