ਅਜੋਕੇ ਸਮੇਂ ਵਿੱਚ ਹਰ ਕੋਈ ਕੈਨੇਡਾ ਜਾਣ ਦਾ ਚਾਹਵਾਨ ਹੈ। ਜਿਸਦੇ ਮੱਦੇਨਜ਼ਰ ਬਹੁਤ ਸਾਰੇ ਨੌਜਵਾਨ ਵੱਡੀ ਗਿਣਤੀ ਵਿੱਚ ਕੈਨੇਡਾ ਜਾ ਰਹੇ ਹਨ। ਇਸੇ ਵਿਚਾਲੇ ਕੈਨੇਡਾ ਸਰਕਾਰ ਨੇ ਵਰਕ ਪਰਮਿਟ ‘ਤੇ ਕੈਨੇਡਾ ਜਾਣ ਵਾਲਿਆਂ ਲਈ ਵੱਡਾ ਐਲਾਨ ਕੀਤਾ ਹੈ। ਕੈਨੇਡਾ ਸਰਕਾਰ ਨੇ ਐਲਾਨ ਕਰਦਿਆਂ ਕਿਹਾ ਹੈ ਕਿ ਹੁਣ ਅਗਲੇ ਸਾਲ ਤੋਂ ਲੋਕ ਆਪਣੇ ਜੀਵਨ ਸਾਥੀ ਨੂੰ ਵੀ ਬੁਲਾ ਸਕਣਗੇ । ਇਹ ਨਵੇਂ ਵਰਕ ਪਰਮਿਟ 2023 ਤੋਂ ਦਿੱਤੇ ਜਾਣਗੇ, ਜਿਸ ਰਾਹੀਂ ਪਰਮਿਟ ਧਾਰਕ ਆਪਣੇ ਜੀਵਨ ਸਾਥੀ ਨੂੰ ਵੀ ਕੈਨੇਡਾ ਵਿੱਚ ਕੰਮ ਲਈ ਬੁਲਾ ਸਕਦਾ ਹੈ । ਕੈਨੇਡਾ ਸਰਕਾਰ ਦੇ ਇਸ ਐਲਾਨ ਦਾ ਭਾਰਤੀਆਂ ਨੂੰ ਵਧੇਰੇ ਲਾਭ ਮਿਲੇਗਾ।
ਇਸ ਸਬੰਧੀ ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਸਿਆਨ ਫਰੇਜ਼ਰ ਨੇ ਸ਼ੁੱਕਰਵਾਰ ਨੂੰ ਕਿਹਾ ਸੀ ਕਿ ਅਸੀਂ ਇੱਕ ਐਲਾਨ ਕਰ ਰਹੇ ਹਾਂ, ਜਿਸ ਨਾਲ ਉਨ੍ਹਾਂ ਦੇ ਦੇਸ਼ ਵਿੱਚ ਕੰਮ ਦੀ ਭਾਲ ਸੌਖੀ ਹੋ ਜਾਵੇਗੀ ਅਤੇ ਵਰਕ ਪਰਮਿਟ ਧਾਰਕ ਆਪਣੇ ਪਰਿਵਾਰ ਨਾਲ ਇੱਥੇ ਰਹਿ ਸਕਦੇ ਹਨ। ਉਨ੍ਹਾਂ ਕਿਹਾ ਕਿ ਵੱਖ-ਵੱਖ ਆਰਜ਼ੀ ਪ੍ਰੋਗਰਾਮਾਂ ਲਈ ਵਰਕ ਪਰਮਿਟ ਧਾਰਕਾਂ ਦਾ ਵਿਸਤਾਰ ਕੀਤਾ ਜਾ ਰਿਹਾ ਹੈ ਅਤੇ ਉਹ ਆਪਣੇ ਜੀਵਨਸਾਥੀ ਅਤੇ ਬੱਚਿਆਂ ਨਾਲ ਰਹਿ ਸਕਦੇ ਹਨ। ਕੈਨੇਡਾ ਦੇ ਮੰਤਰੀ ਨੇ ਕਿਹਾ ਕਿ ਨਵੀਂ ਨੀਤੀ ਤਿੰਨ ਪੜਾਵਾਂ ਵਿੱਚ ਲਾਗੂ ਹੋਵੇਗੀ, ਤਾਂ ਜੋ ਲੋਕ ਇੱਥੇ ਆਪਣੇ ਪਰਿਵਾਰ ਨਾਲ ਕੰਮ ਕਰ ਸਕਣ।
ਇਹ ਵੀ ਪੜ੍ਹੋ: ਕੈਨੇਡਾ ‘ਚ ਵਾਪਰਿਆ ਭਿਆਨਕ ਹਾਦਸਾ, ਪੰਜਾਬਣ ਦੀ ਸੜਕ ਹਾਦਸੇ ‘ਚ ਹੋਈ ਦਰਦਨਾਕ ਮੌਤ
ਇਸ ਤੋਂ ਅੱਗੇ ਫਰੇਜ਼ਰ ਨੇ ਕਿਹਾ ਕਿ ਪਹਿਲੇ ਪੜਾਅ ਵਿੱਚ ਜ਼ਿਆਦਾ ਤਨਖਾਹ ਲੈਣ ਵਾਲੇ ਲੋਕਾਂ ਨੂੰ ਸ਼ਾਮਿਲ ਕੀਤਾ ਜਾਵੇਗਾ, ਜਿਹੜੇ ਆਰਜ਼ੀ ਤੌਰ ’ਤੇ ਕੰਮ ਕਰਨ ਲਈ ਆਉਣਗੇ। ਇਸਦੇ ਨਾਲ ਹੀ ਕੌਮਾਂਤਰੀ ਪ੍ਰਵਾਸ ਪ੍ਰੋਗਰਾਮ ਤੇ ਪੋਸਟ ਗ੍ਰੈਜੂਏਟ ਵਰਕ ਪ੍ਰੋਗਰਾਮ ਦੇ ਤਹਿਤ ਆਉਣ ਵਾਲਿਆਂ ਨੂੁੰ ਸ਼ਾਮਿਲ ਕੀਤਾ ਜਾਵੇਗਾ। ਦੂਜੇ ਪੜਾਅ ’ਚ ਘੱਟ ਤਨਖਾਹ ਲੈਣ ਵਾਲਿਆਂ ਨੂੰ ਸ਼ਾਮਿਲ ਕੀਤਾ ਜਾਵੇਗਾ ਜਿਹੜੇ ਘੱਟ ਤਨਖਾਹ ਲੈਂਦੇ ਹਨ ਤੇ ਕੈਨੇਡਾ ਦੇ ਅਰਥਚਾਰੇ ਵਿੱਚ ਯੋਗਦਾਨ ਲਈ ਆਉਣਗੇ। ਤੀਜੇ ਪੜਾਅ ਵਿੱਚ ਖੇਤੀ ਕਾਮਿਆਂ ਦੇ ਪਰਿਵਾਰਾਂ ਨੂੰ ਸ਼ਾਮਿਲ ਕੀਤਾ ਜਾਵੇਗਾ।
ਵੀਡੀਓ ਲਈ ਕਲਿੱਕ ਕਰੋ -: