ਆਖਿਰਕਾਰ ਚੀਨ ਨੇ ਭਾਰਤੀ ਵਿਦਿਆਰਥੀਆਂ ਲਈ ਆਪਣੇ ਦਰਵਾਜ਼ੇ ਖੋਲ੍ਹ ਦਿੱਤੇ ਹਨ । ਲਗਭਗ ਦੋ ਸਾਲਾਂ ਦੇ ਲੰਬੇ ਬ੍ਰੇਕ ਤੋਂ ਬਾਅਦ ਭਾਰਤੀ ਵਿਦਿਆਰਥੀਆਂ ਨੂੰ ਚੀਨ ਦਾ ਵੀਜ਼ਾ ਦਿੱਤਾ ਗਿਆ ਹੈ । 2020 ਵਿੱਚ ਕੋਰੋਨਾ ਵਾਇਰਸ ਮਹਾਂਮਾਰੀ ਦੇ ਕਾਰਨ ਚੀਨ ਵਿੱਚ ਯਾਤਰਾ ‘ਤੇ ਬਹੁਤ ਸਖਤ ਪਾਬੰਦੀਆਂ ਲਗਾਈਆਂ ਗਈਆਂ ਸਨ । ਹਾਲਾਤ ਆਮ ਹੁੰਦੇ ਦੇਖ ਕੇ ਹੁਣ ਉਨ੍ਹਾਂ ਨੂੰ ਢਿੱਲ ਦਿੱਤੀ ਜਾ ਰਹੀ ਹੈ । ਚੀਨੀ ਵਿਦੇਸ਼ ਮੰਤਰਾਲੇ ਨੇ ਕਿਹਾ ਕਿ 1300 ਤੋਂ ਵੱਧ ਭਾਰਤੀ ਵਿਦਿਆਰਥੀਆਂ ਨੂੰ ਚੀਨ ਦਾ ਵੀਜ਼ਾ ਦਿੱਤਾ ਗਿਆ ਹੈ । ਇਸ ਤੋਂ ਇਲਾਵਾ 300 ਦੇ ਕਰੀਬ ਉਦਯੋਗਪਤੀਆਂ ਨੇ ਦੋ ਬੈਚਾਂ ਵਿੱਚ ਚਾਈਨਾ ਏਅਰਲਾਈਨਜ਼ ਲਈ ਚਾਰਟਰਡ ਉਡਾਣਾਂ ਲਈਆਂ ਹਨ।
ਚੀਨ ਵਿੱਚ ਪੜ੍ਹਾਈ ਕਰਨ ਦੀ ਇੱਛਾ ਰੱਖਣ ਵਾਲੇ ਵਿਦਿਆਰਥੀਆਂ ਦੇ ਲਈ ਇਹ ਵੱਡੀ ਖੁਸ਼ਖਬਰੀ ਹੈ। ਖਾਸ ਕਰ ਕੇ ਉਨ੍ਹਾਂ ਵਿਦਿਆਰਥੀਆਂ ਲਈ ਜੋ ਪਹਿਲਾਂ ਤੋਂ ਚੀਨ ਵਿੱਚ ਪੜ੍ਹਾਈ ਕਰ ਰਹੇ ਸਨ। ਪਰ ਕੋਰੋਨਾ ਕਾਰਨ ਉਨ੍ਹਾਂ ਨੂੰ ਭਾਰਤ ਵਾਪਸ ਆਉਣਾ ਪਿਆ ਅਤੇ ਉਨ੍ਹਾਂ ਦੀ ਪੜ੍ਹਾਈ ਵਿਚਾਲੇ ਹੀ ਰੁਕ ਗਈ ਸੀ। ਚੀਨ ਵਿੱਚ ਪੜ੍ਹਨ ਵਾਲੇ ਭਾਰਤੀ ਵਿਦਿਆਰਥੀਆਂ ਵਿੱਚ ਸਭ ਤੋਂ ਵੱਧ ਮੈਡੀਕਲ ਵਿਦਿਆਰਥੀਆਂ ਦੀ ਹੈ। ਅੰਕੜਿਆਂ ਦੇ ਅਨੁਸਾਰ 23 ਹਜ਼ਾਰ ਤੋਂ ਵੱਧ ਭਾਰਤੀ ਵਿਦਿਆਰਥੀ ਚੀਨ ਵਿੱਚ ਮੈਡੀਕਲ ਦੀ ਪੜ੍ਹਾਈ ਕਰ ਰਹੇ ਹਨ।
ਭਾਰਤੀ ਵਿਦਿਆਰਥੀਆਂ ਨੂੰ ਚੀਨ ਵਾਪਸ ਬੁਲਾਉਣ ਨੂੰ ਲੈ ਕੇ ਭਾਰਤ ਲੰਬੇ ਸਮੇਂ ਤੋਂ ਅਪੀਲ ਕਰ ਰਿਹਾ ਸੀ। ਭਾਰਤੀ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਇਸ ਮੁੱਦੇ ‘ਤੇ ਚੀਨੀ ਵਿਦੇਸ਼ ਮੰਤਰੀ ਵਾਂਗ ਯੀ ਨਾਲ ਜੁਲਾਈ 2022 ਵਿੱਚ ਹੀ ਗੱਲ ਕੀਤੀ ਸੀ। ਉਦੋਂ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਚੀਨੀ ਵਿਦੇਸ਼ ਮੰਤਰਾਲੇ ਨਾਲ ਭਾਰਤੀ ਵਿਦਿਆਰਥੀਆਂ ਦੇ ਲਈ ਚੀਨੀ ਵੀਜ਼ਾ ਦੀ ਪ੍ਰਕਿਰਿਆ ਤੇਜ਼ ਕਰਨ ‘ਤੇ ਜ਼ੋਰ ਦਿੱਤਾ ਸੀ। ਇਸ ਅਪੀਲ ਤੋਂ ਬਾਅਦ ਚੀਨ ਨੇ ਭਾਰਤੀ ਵਿਦਿਆਰਥੀਆਂ ਨੂੰ ਵਾਪਸ ਬੁਲਾਉਣ ਦੇ ਲਈ ਵੀਜ਼ਾ ਦਾ ਪ੍ਰਾਸੈੱਸ ਤੇਜ਼ ਕੀਤਾ।
ਵੀਡੀਓ ਲਈ ਕਲਿੱਕ ਕਰੋ -: