chinese fm spokesperson zhao lijian says: ਨਵੀਂ ਦਿੱਲੀ: ਭਾਰਤ ਅਤੇ ਚੀਨ ਵਿਚਾਲੇ ਸੰਘਰਸ਼ ਜਾਰੀ ਹੈ। ਇਸ ਦੌਰਾਨ ਹੁਣ ਚੀਨ ਨੇ ਅਰੁਣਾਚਲ ਪ੍ਰਦੇਸ਼ ਉੱਤੇ ਦਾਅਵਾ ਕੀਤਾ ਹੈ। ਚੀਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਝਾਓ ਲੀਜਿਨ ਨੇ ਅੱਜ ਕਿਹਾ, “ਚੀਨ ਨੇ ਅਰੁਣਾਚਲ ਪ੍ਰਦੇਸ਼ ਨੂੰ ਕਦੇ ਵੀ ਮਾਨਤਾ ਨਹੀਂ ਦਿੱਤੀ, ਜੋ ਚੀਨ ਦਾ “ਦੱਖਣੀ ਤਿੱਬਤ” ਖੇਤਰ ਹੈ।” ਹਾਲ ਹੀ ਵਿੱਚ ਪੈਗੋਂਗ ਝੀਲ ਦੀ ਦੱਖਣੀ ਸਰਹੱਦ ‘ਤੇ 29-30 ਅਗਸਤ ਨੂੰ ਦੋਵਾਂ ਦੇਸ਼ਾਂ ਦੇ ਸੈਨਿਕਾਂ ਵਿਚਾਲੇ ਝੜਪ ਹੋ ਗਈ ਸੀ। ਲੀਜਿਨ ਨੇ ਲਾਪਤਾ ਪੰਜ ਭਾਰਤੀਆਂ ਬਾਰੇ ਕਿਹਾ ਕਿ ਉਨ੍ਹਾਂ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ। ਦੱਸ ਦੇਈਏ ਕਿ ਭਾਰਤੀ ਸੈਨਾ ਨੇ ਅਰੁਣਾਚਲ ਪ੍ਰਦੇਸ਼ ਦੇ ਅੱਪਰ ਸੁਬੰਸਰੀ ਜ਼ਿਲੇ ਵਿੱਚ ਪੰਜ ਲੋਕ ਨੂੰ ਪੀਪਲਜ਼ ਲਿਬਰੇਸ਼ਨ ਆਰਮੀ (ਪੀ.ਐਲ.ਏ.) ਦੇ ਜਵਾਨਾਂ ਵਲੋਂ ਕਥਿਤ ਅਗਵਾ ਕਰਨ ਦਾ ਮੁੱਦਾ ਚੀਨੀ ਫੌਜ ਸ੍ਹਾਮਣੇ ਉਠਾਇਆ ਹੈ।
ਸੂਤਰਾਂ ਨੇ ਦੱਸਿਆ ਕਿ ਖੇਤਰ ਵਿੱਚ ਤੈਨਾਤ ਆਰਮੀ ਯੂਨਿਟ ਨੇ ਕਥਿਤ ਅਗਵਾ ਬਾਰੇ ਆਪਣੀ ਚਿੰਤਾ ਜਾਹਿਰ ਕਰਨ ਲਈ ਹਾਟਲਾਈਨ ‘ਤੇ ਪੀਐਲਏ ਨਾਲ ਸਬੰਧਿਤ ਯੂਨਿਟ ਨੂੰ ਸੰਦੇਸ਼ ਭੇਜਿਆ ਹੈ। ਅਰੁਣਾਚਲ ਪ੍ਰਦੇਸ਼ ਤੋਂ ਪੰਜ ਲੋਕਾਂ ਦੇ ਅਗਵਾ ਹੋਣ ਦੀ ਖ਼ਬਰ ਅਜਿਹੇ ਸਮੇਂ ਆਈ ਜਦੋਂ ਭਾਰਤੀ ਫੌਜ ਨੇ ਦੋਹਾਂ ਦੇਸ਼ਾਂ ਦਰਮਿਆਨ ਸਰਹੱਦੀ ਵਿਵਾਦ ਦੇ ਮੱਦੇਨਜ਼ਰ ਪੂਰਬੀ ਲੱਦਾਖ ਵਿੱਚ 3,400 ਕਿਲੋਮੀਟਰ ਲੰਬੀ ਅਸਲ ਕੰਟਰੋਲ ਰੇਖਾ (ਐਲਏਸੀ) ਉੱਤੇ ਆਪਣੀ ਤਾਇਨਾਤੀ ਵਧਾ ਦਿੱਤੀ ਹੈ। ਅਰੁਣਾਚਲ ਪ੍ਰਦੇਸ਼ ਸਰਕਾਰ ਦੇ ਇੱਕ ਸੀਨੀਅਰ ਅਧਿਕਾਰੀ ਨੇ ਸ਼ਨੀਵਾਰ ਨੂੰ ਕਿਹਾ ਕਿ ਸਥਾਨਕ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।