ਅਫ਼ਗ਼ਾਨਿਸਤਾਨ ਵਿੱਚ ਤਾਲਿਬਾਨ ਦੇ ਕਬਜ਼ੇ ਦਾ ਅਸਰ ਹੁਣ ਪਾਕਿਸਤਾਨ ਵਿੱਚ ਵੀ ਦਿਖਾਈ ਦੇਣ ਲੱਗ ਗਿਆ ਹੈ। ਦਰਅਸਲ, ਇਮਰਾਨ ਖਾਨ ਸਰਕਾਰ ਵੱਲੋਂ ਸਾਰੇ ਕੇਂਦਰੀ ਵਿੱਦਿਅਕ ਅਦਾਰਿਆਂ ਦੇ ਅਧਿਆਪਕਾਂ ਲਈ ਇੱਕ ਨਵਾਂ ਫਰਮਾਨ ਜਾਰੀ ਕੀਤਾ ਗਿਆ ਹੈ।
ਜਿਸ ਵਿੱਚ ਕਿਹਾ ਗਿਆ ਹੈ ਕਿ ਫੈਡਰਲ ਡਾਇਰੈਕਟੋਰੇਟ ਆਫ਼ ਐਜੂਕੇਸ਼ਨ (FDE) ਦੇ ਅਧੀਨ ਆਉਣ ਵਾਲੇ ਕਿਸੇ ਵੀ ਸਕੂਲ, ਕਾਲਜ ਜਾਂ ਯੂਨੀਵਰਸਿਟੀ ਦੇ ਅਧਿਆਪਕ ਹੁਣ ਜੀਨਸ, ਟੀ-ਸ਼ਰਟ ਜਾਂ ਟਾਈਟ ਕੱਪੜੇ ਨਹੀਂ ਪਾ ਸਕਣਗੇ।
ਦਰਅਸਲ, ਇਮਰਾਨ ਸਰਕਾਰ ਵੱਲੋਂ FDE ਰਾਹੀਂ 7 ਸਤੰਬਰ ਨੂੰ ਇਹ ਨੋਟੀਫਿਕੇਸ਼ਨ ਜਾਰੀ ਕਰਵਾਇਆ ਗਿਆ ਹੈ । ਇਹ ਵਿੱਚ ਕਿਹਾ ਗਿਆ ਹੈ ਕਿ FDE ਨੇ ਖੋਜ ਦੌਰਾਨ ਇਹ ਪਾਇਆ ਹੈ ਕਿ ਪਹਿਰਾਵੇ ਦਾ ਪ੍ਰਭਾਵ ਲੋਕਾਂ ਦੇ ਦਿਮਾਗ ‘ਤੇ ਸਮਝ ਤੋਂ ਜ਼ਿਆਦਾ ਹੁੰਦਾ ਹੈ।
ਪਹਿਲਾ ਪ੍ਰਭਾਵ ਤਾਂ ਵਿਦਿਆਰਥੀਆਂ ‘ਤੇ ਹੀ ਹੁੰਦਾ ਹੈ । ਅਸੀਂ ਇਹ ਫੈਸਲਾ ਕੀਤਾ ਹੈ ਕਿ ਮਹਿਲਾ ਅਧਿਆਪਕ ਹੁਣ ਤੋਂ ਜੀਨਸ ਜਾਂ ਟਾਈਟ ਕੱਪੜੇ ਨਹੀਂ ਪਾ ਸਕਣਗੀਆਂ । ਮਰਦ ਅਧਿਆਪਕਾਂ ਦੇ ਵੀ ਜੀਨਸ ਅਤੇ ਟੀ-ਸ਼ਰਟ ਪਾਉਣ ‘ਤੇ ਪਾਬੰਦੀ ਲਗਾਈ ਜਾ ਰਹੀ ਹੈ।
ਦੱਸ ਦੇਈਏ ਕਿ ਪਾਕਿਸਤਾਨ ਸਰਕਾਰ ਦੇ ਇਸ ਫਰਮਾਨ ਦਾ ਵਿਰੋਧ ਹੋਣਾ ਵੀ ਸ਼ੁਰੂ ਹੋ ਗਿਆ ਹੈ। ਇਸ ਮਾਮਲੇ ਵਿੱਚ ਕੁਝ ਲੋਕਾਂ ਦਾ ਕਹਿਣਾ ਹੈ ਕਿ ਜਿਸ ਦੇਸ਼ ਦਾ ਵਜ਼ੀਰ-ਏ-ਆਜ਼ਮ ਯਾਨੀ ਕਿ ਪ੍ਰਧਾਨ ਮੰਤਰੀ ਹੀ ਸਰੀਰਿਕ ਅੱਤਿਆਚਾਰ ਲਈ ਮਹਿਲਾਵਾਂ ਦੇ ਪਹਿਰਾਵੇ ਨੂੰ ਦੋਸ਼ ਦਿੰਦਾ ਹੈ, ਉੱਥੇ ਇਸ ਤਰ੍ਹਾਂ ਦੇ ਫਰਮਾਨ ਜਾਰੀ ਹੋਣਾ ਕੋਈ ਵੱਡੀ ਗੱਲ ਨਹੀਂ ਹੈ।