In indianapolis us shooting : ਅਮਰੀਕਾ ਦੇ ਸ਼ਹਿਰ ਇੰਡੀਆਨਾਪੋਲਿਸ ਵਿੱਚ ਵੀਰਵਾਰ ਦੇਰ ਸ਼ਾਮ ਕਈ ਲੋਕਾਂ ਨੂੰ ਗੋਲੀਆਂ ਮਾਰਨ ਦੀ ਘਟਨਾ ਸਾਹਮਣੇ ਆਈ ਹੈ। ਜਿਨ੍ਹਾਂ ਵਿੱਚੋਂ ਅੱਠ ਲੋਕਾਂ ਦੀ ਮੌਤ ਹੋ ਗਈ ਹੈ। ਇਹ ਜਾਣਕਾਰੀ ਪੁਲਿਸ ਵਲੋਂ ਦਿੱਤੀ ਗਈ ਹੈ। ਪੁਲਿਸ ਦੀ ਬੁਲਾਰੇ ਜੇਨਾਈ ਕੁੱਕ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਪੁਲਿਸ ਅਧਿਕਾਰੀਆਂ ਨੂੰ ਸ਼ਹਿਰ ਦੇ ਅੰਤਰਰਾਸ਼ਟਰੀ ਹਵਾਈ ਅੱਡੇ ਨੇੜੇ FedEx facility ‘ਤੇ ਇੱਕ ਐਕਟਿਵ ਸ਼ੂਟਰ ਘਟਨਾ ਦਾ ਸਾਹਮਣਾ ਕਰਨਾ ਪਿਆ ਅਤੇ ਗੋਲੀ ਚਲਾਉਣ ਵਾਲੇ ਨੇ ਵੀ ਖੁਦਕੁਸ਼ੀ ਕਰ ਲਈ ਹੈ। ਇੰਡੀਆਨਾ ਸਟੇਟ ਪੁਲਿਸ ਦੇ ਜਨਤਕ ਸੂਚਨਾ ਅਧਿਕਾਰੀ ਸਾਰਜੈਂਟ ਜੌਨ ਪੈਰਿਨ ਨੇ ਫੇਡੈਕਸ ਦੇ ਕਰਮਚਾਰੀਆਂ ਦੇ ਰਿਸ਼ਤੇਦਾਰਾਂ ਨੂੰ ਸਥਾਨਕ ਹਾਲੀਡੇ ਇਨ ਵਿਖੇ ਇਕੱਠੇ ਹੋਣ ਲਈ ਕਿਹਾ, ਜਿੱਥੇ ਇੱਕ ਲਾਈਵ ਵੀਡੀਓ ਦੇ ਤੌਰ ‘ਤੇ ਇਸ ਘਟਨਾ ਦੀ ਪੁਲਿਸ ਟੇਪ ਦਿਖਾਈ ਗਈ।
ਹਾਲ ਹੀ ਦੇ ਹਫਤਿਆਂ ਵਿੱਚ ਇੱਥੇ ਸਮੂਹਿਕ ਗੋਲੀਬਾਰੀ ਦੀਆਂ ਕਈ ਘਟਨਾਵਾਂ ਵਾਪਰੀਆਂ ਹਨ। ਪਿੱਛਲੇ ਮਹੀਨੇ ਦੇ ਆਖਿਰ ਵਿੱਚ ਦੱਖਣੀ ਕੈਲੀਫੋਰਨੀਆ ਵਿੱਚ ਇੱਕ ਦਫਤਰ ਦੀ ਇਮਾਰਤ ਵਿੱਚ ਇੱਕ ਬੱਚੇ ਸਮੇਤ ਚਾਰ ਲੋਕਾਂ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। 22 ਮਾਰਚ ਨੂੰ, ਕੋਲੋਰਾਡੋ ਦੇ ਬੋਲਡਰ ਵਿੱਚ ਇੱਕ ਕਰਿਆਨੇ ਦੀ ਦੁਕਾਨ ‘ਤੇ ਹੋਈ ਗੋਲੀਬਾਰੀ ਦੀ ਘਟਨਾ ਵਿੱਚ 10 ਲੋਕ ਮਾਰੇ ਗਏ ਸਨ। ਇੱਕ ਹਫ਼ਤਾ ਪਹਿਲਾਂ ਅਟਲਾਂਟਾ, ਜਾਰਜੀਆ ਵਿੱਚ, ਏਸ਼ੀਆਈ ਮੂਲ ਦੀਆਂ ਛੇ ਔਰਤਾਂ ਸਣੇ ਅੱਠ ਵਿਅਕਤੀਆਂ ਨੂੰ ਇੱਕ ਵਿਅਕਤੀ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ। ਅਮਰੀਕਾ ਵਿੱਚ ਹਰ ਸਾਲ, ਤਕਰੀਬਨ 40,000 ਲੋਕ ਗੋਲੀ ਲੱਗਣ ਕਾਰਨ ਮਰਦੇ ਹਨ, ਜਿਨ੍ਹਾਂ ਵਿੱਚੋਂ ਅੱਧੇ ਤੋਂ ਵੱਧ ਖੁਦਕੁਸ਼ੀ ਦੇ ਮਾਮਲੇ ਹੁੰਦੇ ਹਨ।