Kp sharma oli sworn : ਕੇਪੀ ਸ਼ਰਮਾ ਓਲੀ ਨੇ ਨੇਪਾਲ ਦੀ ਸੰਸਦ ਵਿੱਚ ਵਿਸ਼ਵਾਸ ਮੱਤ ਗੁਆਉਣ ਤੋਂ ਕੁੱਝ ਦਿਨ ਬਾਅਦ ਸ਼ੁੱਕਰਵਾਰ ਨੂੰ ਤੀਜੀ ਵਾਰ ਨੇਪਾਲ ਦੇ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕੀ ਹੈ। ਓਲੀ ਨੂੰ ਵੀਰਵਾਰ ਨੂੰ ਦੁਬਾਰਾ ਇਸ ਅਹੁਦੇ ਲਈ ਨਿਯੁਕਤ ਕੀਤਾ ਗਿਆ ਸੀ, ਜਦੋਂ ਵਿਰੋਧੀ ਪਾਰਟੀਆਂ ਨਵੀਂ ਸਰਕਾਰ ਬਣਾਉਣ ਲਈ ਸੰਸਦ ਵਿੱਚ ਬਹੁਮਤ ਪ੍ਰਾਪਤ ਕਰਨ ਵਿੱਚ ਅਸਫਲ ਰਹੀਆਂ ਸਨ।
ਰਾਸ਼ਟਰਪਤੀ ਵਿਦਿਆ ਦੇਵੀ ਭੰਡਾਰੀ ਨੇ ਵੀਰਵਾਰ ਰਾਤ ਨੂੰ ਸੀਪੀਐਨ-ਯੂਐਮਐਲ ਦੇ ਪ੍ਰਧਾਨ ਓਲੀ (69) ਨੂੰ ਫਿਰ ਪ੍ਰਧਾਨ ਮੰਤਰੀ ਨਿਯੁਕਤ ਕੀਤਾ। ਇਸ ਤੋਂ ਤਿੰਨ ਦਿਨ ਪਹਿਲਾਂ, ਉਹ ਪ੍ਰਤੀਨਿਧ ਸਦਨ ਵਿੱਚ ਇੱਕ ਮਹੱਤਵਪੂਰਨ ਵਿਸ਼ਵਾਸ ਮੱਤ ਗੁਆ ਚੁੱਕਾ ਸੀ। ਕੇਪੀ ਸ਼ਰਮਾ ਓਲੀ 11 ਅਕਤੂਬਰ, 2015 ਤੋਂ 3 ਅਗਸਤ, 2016 ਅਤੇ ਫਿਰ 15 ਫਰਵਰੀ, 2018 ਤੋਂ 13 ਮਈ, 2021 ਤੱਕ ਨੇਪਾਲ ਦੇ ਪ੍ਰਧਾਨ ਮੰਤਰੀ ਰਹੇ ਹਨ। ਓਲੀ ਦੇ ਸੋਮਵਾਰ ਨੂੰ ਸਦਨ ਵਿੱਚ ਵਿਸ਼ਵਾਸ ਮੱਤ ਗੁਆਉਣ ਤੋਂ ਬਾਅਦ, ਰਾਸ਼ਟਰਪਤੀ ਨੇ ਵਿਰੋਧੀ ਪਾਰਟੀਆਂ ਨੂੰ ਵੀਰਵਾਰ ਰਾਤ 9 ਵਜੇ ਤੱਕ ਬਹੁਮਤ ਨਾਲ ਨਵੀਂ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕਰਨ ਦਾ ਸਮਾਂ ਦਿੱਤਾ ਸੀ।
ਇਹ ਵੀ ਪੜ੍ਹੋ : ਚਿੱਤਰਕੋਟ ਜੇਲ੍ਹ ‘ਚ ਹੋਈ ਫਾਇਰਿੰਗ, ਮੁਖਤਾਰ ਦੇ ਕਰੀਬੀ ਸਮੇਤ ਤਿੰਨ ਦੀ ਮੌਤ, ਗੈਂਗਸਟਰ…
ਓਲੀ ਨੂੰ ਹੁਣ ਸਦਨ ਵਿੱਚ 30 ਦਿਨਾਂ ਦੇ ਅੰਦਰ ਵਿਸ਼ਵਾਸ ਮੱਤ ਪ੍ਰਾਪਤ ਕਰਨਾ ਪਏਗਾ, ਜਿਸ ਵਿੱਚ ਅਸਫਲ ਰਹਿਣ ਤੇ ਸੰਵਿਧਾਨ ਦੀ ਧਾਰਾ 76 (5) ਤਹਿਤ ਸਰਕਾਰ ਬਣਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਓਲੀ ਦੀ ਅਗਵਾਈ ਵਾਲੀ ਸੀਪੀਐਨ-ਯੂਐਮਐਲ 271 ਮੈਂਬਰੀ ਪ੍ਰਤੀਨਿਧ ਸਭਾ ਦੀ 121 ਸੀਟਾਂ ਵਾਲੀ ਸਭ ਤੋਂ ਵੱਡੀ ਪਾਰਟੀ ਹੈ। ਇਸ ਵੇਲੇ ਸਰਕਾਰ ਬਣਾਉਣ ਲਈ 136 ਸੀਟਾਂ ਦੀ ਜ਼ਰੂਰਤ ਹੈ।