ਉੱਤਰੀ ਅਮਰੀਕਾ ਦੇ ਦੇਸ਼ ਮੈਕਸੀਕੋ ਵਿੱਚ ਸਾਲ ਦੇ ਪਹਿਲੇ ਦਿਨ ਇੱਕ ਵੱਡੀ ਘਟਨਾ ਨੂੰ ਅੰਜਾਮ ਦਿੱਤਾ ਗਿਆ । ਮੈਕਸੀਕੋ ਦੇ ਜੁਆਰੇਜ ਸ਼ਹਿਰ ਦੀ ਇੱਕ ਜੇਲ੍ਹ ‘ਤੇ ਐਤਵਾਰ ਨੂੰ ਕੁਝ ਹਥਿਆਰਬੰਦ ਬਦਮਾਸ਼ਾਂ ਨੇ ਹਮਲਾ ਕਰ ਦਿੱਤਾ । ਜੇਲ੍ਹ ਵਿੱਚ ਤਾਇਨਾਤ ਸੁਰੱਖਿਆ ਕਰਮੀ ਕੁਝ ਸਮਝ ਪਾਉਂਦੇ ਇਸ ਤੋਂ ਪਹਿਲਾਂ ਹੀ ਬੰਦੂਕਧਾਰੀਆਂ ਗੋਲੀਆਂ ਚਲਾਉਂਦੇ ਹੋਏ ਜੇਲ੍ਹ ਦੇ ਅੰਦਰ ਦਾਖਲ ਹੋ ਗਏ। ਇਸ ਨਾਲ ਜੇਲ੍ਹ ਵਿੱਚ ਹਫੜਾ-ਦਫੜੀ ਦਾ ਮਾਹੌਲ ਬਣ ਗਿਆ । ਇਸ ਹਮਲੇ ਵਿੱਚ 10 ਸੁਰੱਖਿਆ ਕਰਮੀ ਅਤੇ 4 ਕੈਦੀਆਂ ਦੇ ਮਾਰੇ ਜਾਣ ਦੀ ਪੁਸ਼ਟੀ ਹੋਈ ਹੈ। ਜੇਲ੍ਹ ਵਿੱਚ ਮਚੀ ਭਗਦੜ ਦਾ ਫਾਇਦਾ ਚੁੱਕਦੇ ਹੋਏ 24 ਕੈਦੀ ਵੀ ਫਰਾਰ ਹੋ ਗਏ। ਇਸ ਤੋਂ ਪਹਿਲਾਂ ਅਕਤੂਬਰ 2022 ਵਿੱਚ ਬੰਦੂਕਧਾਰੀਆਂ ਨੇ ਦੱਖਣੀ ਮੈਕਸੀਕੋ ਵਿੱਚ ਹਮਲਾ ਕਰਕੇ 18 ਲੋਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ। ਇਸ ਹਮਲੇ ਵਿੱਚ ਸ਼ਹਿਰ ਦੇ ਮੇਅਰ ਦੀ ਵੀ ਮੌਤ ਹੋ ਗਈ ਸੀ।
ਮੀਡੀਆ ਰਿਪੋਰਟਾਂ ਮੁਤਾਬਕ ਬਖਤਰਬੰਦ ਗੱਡੀਆਂ ਵਿੱਚ ਆਏ ਹਮਲਾਵਰਾਂ ਨੇ ਉੱਤਰੀ ਮੈਕਸੀਕੋ ਦੇ ਚਵਾਵਾ ਸਥਿਤ ਜੇਲ੍ਹ ‘ਤੇ ਹਮਲਾ ਕਰ ਦਿੱਤਾ । ਇਸ ਨਾਲ ਮੌਕੇ ‘ਤੇ ਭਗਦੜ ਵਾਲੀ ਸਥਿਤੀ ਪੈਦਾ ਹੋ ਗਈ । ਹਮਲੇ ਤੋਂ ਬਾਅਦ ਜਾਰੀ ਬਿਆਨ ਵਿੱਚ ਦੱਸਿਆ ਗਿਆ ਕਿ ਇਸ ਘਟਨਾ ਵਿੱਚ 10 ਸੁਰੱਖਿਆ ਕਰਮਚਾਰੀ ਅਤੇ 4 ਕੈਦੀਆਂ ਦੀ ਮੌਤ ਹੋ ਗਈ । ਇਸ ਦੇ ਨਾਲ ਹੀ ਜੇਲ੍ਹ ਵਿੱਚੋਂ 24 ਕੈਦੀ ਵੀ ਫਰਾਰ ਹੋ ਗਏ । ਜੇਲ੍ਹ ਬ੍ਰੇਕ ਦੀ ਘਟਨਾ ਨੂੰ ਸਥਾਨਕ ਸਮੇਂ ਮੁਤਾਬਕ ਸਵੇਰੇ ਅੰਜਾਮ ਦਿੱਤਾ ਗਿਆ। ਬੰਦੂਕਧਾਰੀਆਂ ਦੇ ਹਮਲੇ ਤੋਂ ਬਾਅਦ ਕੈਦੀਆਂ ਵਿਚਾਲੇ ਝੜਪ ਹੋ ਗਈ, ਜਿਸ ਕਾਰਨ ਹਾਲਾਤ ਹੋਰ ਵੀ ਖਰਾਬ ਹੋ ਗਏ ਸਨ । ਜੇਲ੍ਹ ‘ਤੇ ਹਮਲੇ ਤੋਂ ਪਹਿਲਾਂ ਕੁਝ ਬੰਦੂਕਧਾਰੀਆਂ ਨੇ ਸਥਾਨਕ ਪੁਲਿਸ ‘ਤੇ ਵੀ ਗੋਲੀਆਂ ਚਲਾਈਆਂ ਸਨ । ਪੁਲਿਸ ਨੇ ਹਮਲੇ ਵਿੱਚ ਸ਼ਾਮਿਲ 4 ਅਪਰਾਧੀਆਂ ਨੂੰ ਫੜ੍ਹ ਲਿਆ ਸੀ। ਬਾਅਦ ਵਿੱਚ ਹਮਲਾਵਰਾਂ ਨੇ ਜੇਲ੍ਹ ਦੇ ਬਾਹਰ ਤੈਨਾਤ ਸੁਰੱਖਿਆ ਕਰਮੀਆਂ ‘ਤੇ ਹਮਲਾ ਕਰ ਦਿੱਤਾ ।
ਇਹ ਵੀ ਪੜ੍ਹੋ: ਯੁਗਾਂਡਾ : ਨਵੇਂ ਸਾਲ ਦੇ ਜਸ਼ਨ ‘ਚ ਮਾਤਮ, ਆਤਿਸ਼ਬਾਜ਼ੀ ਵੇਖਣ ਆਏ ਲੋਕਾਂ ‘ਚ ਮਚੀ ਭਗਦੜ, 9 ਮੌਤਾਂ
ਜੇਲ੍ਹ ‘ਤੇ ਹਮਲੇ ਤੋਂ ਬਾਅਦ ਕੈਦੀ ਆਪਸ ਵਿੱਚ ਭਿੜ ਗਏ । ਇਸ ਕਾਰਨ ਉੱਥੇ ਹਫੜਾ-ਦਫੜੀ ਦਾ ਮਾਹੌਲ ਬਣ ਗਿਆ । ਅਧਿਕਾਰੀਆਂ ਨੇ ਦੱਸਿਆ ਕਿ ਕੈਦੀਆਂ ਵਿਚਾਲੇ ਹੋਈ ਝੜਪ ਵਿੱਚ 13 ਕੈਦੀ ਜ਼ਖਮੀ ਹੋ ਗਏ । ਇਸ ਜੇਲ੍ਹ ਵਿੱਚ ਹੋਰ ਕੈਦੀਆਂ ਦੇ ਨਾਲ ਨਸ਼ਾ ਤਸਕਰੀ ਨਾਲ ਜੁੜੇ ਖ਼ਤਰਨਾਕ ਅਪਰਾਧੀ ਵੀ ਬੰਦ ਹਨ । ਉਨ੍ਹਾਂ ਦਾ ਕਹਿਣਾ ਹੈ ਕਿ 4 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਪਰ ਫਿਲਹਾਲ ਇਹ ਦੱਸਣਾ ਮੁਸ਼ਕਿਲ ਹੈ ਕਿ ਉਹ ਕੈਦੀ ਹਨ ਜਾਂ ਹਮਲਾਵਰ । ਦੂਜੇ ਪਾਸੇ ਜੇਲ੍ਹ ਵਿੱਚੋਂ ਫਰਾਰ ਹੋਏ 24 ਕੈਦੀਆਂ ਦੀ ਹਾਲੇ ਤੱਕ ਪਛਾਣ ਨਹੀਂ ਹੋ ਸਕੀ ਹੈ।
ਦੱਸ ਦੇਈਏ ਕਿ ਸੀਓਡੈਡ ਵਾਰੇਜ ਸ਼ਹਿਰ ਜਿਸ ਜੇਲ੍ਹ ‘ਤੇ ਹਮਲਾ ਕੀਤਾ ਗਿਆ, ਉਸਦੀ ਸਰਹੱਦ ਅਮਰੀਕੀ ਸ਼ਹਿਰ ਟੈਕਸਾਸ ਨਾਲ ਲੱਗਦੀ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਫਿਲਹਾਲ ਉਹ ਮਾਮਲੇ ਦੀ ਜਾਂਚ ਕਰ ਰਹੇ ਹਨ ਤਾਂ ਜੋ ਹਮਲਾਵਰਾਂ ਦੇ ਇਰਾਦਿਆਂ ਦਾ ਪਤਾ ਲਗਾਇਆ ਜਾ ਸਕੇ । ਸੀਓਡੈਡ ਵਾਰੇਜ ਸ਼ਹਿਰ ਵਿੱਚ ਸਿਨਾਲੋਆ ਅਤੇ ਵਾਰੇਜ ਡਰੱਗ ਮਾਫੀਆ ਗਿਰੋਹ ਅਤੇ ਸੁਰੱਖਿਆ ਕਰਮੀਆਂ ਵਿਚਕਾਰ ਸਾਲਾਂ ਤੋਂ ਹਿੰਸਕ ਝੜਪਾਂ ਹੋਈਆਂ ਹਨ। ਇਸ ਵਿੱਚ ਹਜ਼ਾਰਾਂ ਲੋਕਾਂ ਦੀ ਮੌਤ ਹੋ ਚੁੱਕੀ ਹੈ।
ਵੀਡੀਓ ਲਈ ਕਲਿੱਕ ਕਰੋ -: