new zealand confirms two: ਨਿਊਜ਼ੀਲੈਂਡ ਨੇ ਮੰਗਲਵਾਰ ਨੂੰ ਕਿਹਾ ਕਿ ਦੇਸ਼ ਵਿੱਚ ਕੋਰੋਨਾ ਵਾਇਰਸ ਦੇ 2 ਨਵੇਂ ਮਾਮਲੇ ਸਾਹਮਣੇ ਆਏ ਹਨ, ਹਾਲਾਂਕਿ ਇਹ ਦੋਵੇਂ ਮਾਮਲੇ ਬ੍ਰਿਟੇਨ ਤੋਂ ਹਾਲੀਆ ਯਾਤਰਾ ਨਾਲ ਸਬੰਧਿਤ ਹਨ। 2 ਨਵੇਂ ਕੇਸਾਂ ਦੀ ਆਮਦ ਕਾਰਨ ਦੇਸ਼ ਵਿੱਚ ਪਿੱਛਲੇ 24 ਦਿਨਾਂ ਤੋਂ ਕੋਰੋਨਾ ਕੇਸ ਨਾ ਆਉਣ ਦੀ ਪ੍ਰਕਿਰਿਆ ਖ਼ਤਮ ਹੋ ਗਈ ਹੈ। ਨਿਊਜ਼ੀਲੈਂਡ ਨੇ ਪਿੱਛਲੇ ਹਫਤੇ ਸਰਹੱਦ ਨੂੰ ਛੱਡ ਕੇ ਸਾਰੀਆਂ ਸਮਾਜਿਕ ਅਤੇ ਆਰਥਿਕ ਪਾਬੰਦੀਆਂ ਨੂੰ ਇਹ ਘੋਸ਼ਣਾ ਕਰਨ ਤੋਂ ਬਾਅਦ ਹਟਾ ਦਿੱਤਾ ਸੀ ਕਿ ਦੇਸ਼ ਵਿੱਚ ਕੋਰੋਨਾ ਵਾਇਰਸ ਦਾ ਕੋਈ ਨਵਾਂ ਜਾਂ ਐਕਟਿਵ ਕੇਸ ਨਹੀਂ ਹੈ। ਅਜਿਹਾ ਕਰਨ ਵਾਲਾ ਨਿਊਜ਼ੀਲੈਂਡ ਦੁਨੀਆ ਦਾ ਪਹਿਲਾ ਦੇਸ਼ ਸੀ, ਜਿਸ ਨੇ ਮਹਾਂਮਾਰੀ ਤੋਂ ਪਹਿਲਾਂ ਵਾਲੀ ਸਥਿਤੀ ਦੇ ਵਿੱਚ ਵਾਪਿਸ ਪਰਤਣ ਦਾ ਐਲਾਨ ਕੀਤਾ ਸੀ।
ਹਾਲਾਂਕਿ, ਪ੍ਰਧਾਨ ਮੰਤਰੀ ਜੈਸਿੰਡਾ ਆਡਰਨ ਨੇ ਚੇਤਾਵਨੀ ਦਿੱਤੀ ਸੀ ਕਿ ਜੇ ਹੋਰ ਦੇਸ਼ਾਂ ਵਿੱਚ ਰਹਿੰਦੇ ਨਿਊਜ਼ੀਲੈਂਡ ਵਾਸੀ ਆਪਣੇ ਘਰ ਪਰਤ ਦੇ ਹਨ, ਅਤੇ ਕੁੱਝ ਹੋਰਾਂ ਨੂੰ ਵਿਸ਼ੇਸ਼ ਹਾਲਤਾਂ ਵਿੱਚ ਆਗਿਆ ਦਿੱਤੀ ਗਈ ਹੈ ਤਾਂ ਭਵਿੱਖ ਵਿੱਚ ਨਵੇਂ ਕੋਰੋਨਾ ਮਾਮਲੇ ਸਾਹਮਣੇ ਆ ਸਕਦੇ ਹਨ। ਸਿਹਤ ਮੰਤਰਾਲੇ ਨੇ ਕਿਹਾ ਕਿ ਦੋਵੇਂ ਨਵੇਂ ਮਾਮਲੇ ਬ੍ਰਿਟੇਨ ਤੋਂ ਹਾਲੀਆ ਯਾਤਰਾ ਨਾਲ ਸਬੰਧਿਤ ਹਨ। ਦੋਵੇਂ ਕੇਸ ਆਪਸ ਵਿੱਚ ਜੁੜੇ ਹੋਏ ਹਨ। ਇਸ ਸੰਬੰਧ ਵਿੱਚ ਵਿਸਥਾਰਪੂਰਣ ਜਾਣਕਾਰੀ ਦੀ ਅੱਜ ਉਮੀਦ ਕੀਤੀ ਜਾਂ ਰਹੀ ਹੈ। ਨਿਊਜ਼ੀਲੈਂਡ ਦੁਨੀਆ ਦੇ ਉਨ੍ਹਾਂ ਕੁੱਝ ਦੇਸ਼ਾਂ ਵਿੱਚੋਂ ਇੱਕ ਹੈ ਜਿਥੇ ਕੋਰੋਨਾ ਵਾਇਰਸ ਨੇ ਬਹੁਤ ਜ਼ਿਆਦਾ ਤਬਾਹੀ ਨਹੀਂ ਮਚਾਈ ਹੈ ਅਤੇ ਇਸ ਕੀਵੀ ਦੇਸ਼ ਵਿੱਚ ਮਹਾਮਾਰੀ ਕਾਰਨ 22 ਲੋਕਾਂ ਦੀ ਮੌਤ ਹੋ ਗਈ ਹੈ।