ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਨੇ ਆਪਣੇ ਅਸਤੀਫੇ ਦਾ ਐਲਾਨ ਕਰ ਦਿੱਤਾ ਹੈ । ਉਨ੍ਹਾਂ ਨੇ ਐਲਾਨ ਕਰਦਿਆਂ ਕਿਹਾ ਕਿ ਉਹ ਹੁਣ ਚੋਣਾਂ ਨਹੀਂ ਲੜੇਗੀ। ਉਨ੍ਹਾਂ ਕਿਹਾ ਕਿ ਉਹ ਫਰਵਰੀ ਦੇ ਸ਼ੁਰੂ ਵਿੱਚ ਅਸਤੀਫਾ ਦੇ ਦੇਵੇਗੀ । ਜੈਸਿੰਡਾ 7 ਫਰਵਰੀ ਨੂੰ ਲੇਬਰ ਪਾਰਟੀ ਦੀ ਪ੍ਰਮੁੱਖ ਦਾ ਅਹੁਦਾ ਵੀ ਛੱਡ ਦੇਵੇਗੀ । ਜੈਸਿੰਡਾ ਨੇ ਆਪਣੇ 6 ਸਾਲ ਦੇ ਕਾਰਜਕਾਲ ਨੂੰ ਕਾਫੀ ਚੁਣੌਤੀਪੂਰਨ ਦੱਸਿਆ । ਮੀਡੀਆ ਰਿਪੋਰਟਾਂ ਮੁਤਾਬਕ ਜੈਸਿੰਡਾ ਨੇ ਕਿਹਾ ਕਿ ਮੈਂ ਚੋਣ ਨਹੀਂ ਲੜਾਂਗੀ, ਪਰ ਮੈਨੂੰ ਪਤਾ ਹੈ ਕਿ ਨਿਊਜ਼ੀਲੈਂਡ ਦੇ ਲੋਕਾਂ ਨੂੰ ਪ੍ਰਭਾਵਿਤ ਕਰਨ ਵਾਲੇ ਮੁੱਦੇ ਇਸ ਸਾਲ ਅਤੇ ਚੋਣਾਂ ਤੱਕ ਸਰਕਾਰ ਦੇ ਧਿਆਨ ਵਿੱਚ ਰਹਿਣਗੇ।
ਅਸਤੀਫੇ ਦਾ ਐਲਾਨ ਕਰਦੇ ਹੋਏ ਜੈਸਿੰਡਾ ਨੇ ਕਿਹਾ ਕਿ ਹੁਣ ਸਮਾਂ ਆ ਗਿਆ ਹੈ। ਮੇਰੇ ਕੋਲ ਹੋਰ 4 ਸਾਲਾਂ ਲਈ ਅਗਵਾਈ ਕਰਨ ਦੀ ਹਿੰਮਤ ਨਹੀਂ ਹੈ। ਨਿਊਜ਼ੀਲੈਂਡ ਵਿੱਚ ਅਕਤੂਬਰ 2023 ਵਿੱਚ ਚੋਣਾਂ ਹੋਣੀਆਂ ਹਨ । ਜੈਸਿੰਡਾ ਨੇ ਕਿਹਾ ਕਿ ਉਹ ਚੋਣ ਨਹੀਂ ਲੜੇਗੀ। ਇਸ ਦੇ ਨਾਲ ਹੀ ਲੇਬਰ ਪਾਰਟੀ 22 ਜਨਵਰੀ ਨੂੰ ਆਪਣੇ ਨਵੇਂ ਨੇਤਾ ਦੀ ਚੋਣ ਕਰੇਗੀ। ਉਪ ਪ੍ਰਧਾਨ ਮੰਤਰੀ ਗ੍ਰਾਂਟ ਰੌਬਰਟਸਨ ਨੇ ਕਿਹਾ ਕਿ ਉਹ ਪਾਰਟੀ ਲੀਡਰਸ਼ਿਪ ਲਈ ਆਪਣੀ ਦਾਅਵੇਦਾਰੀ ਪੇਸ਼ ਨਹੀਂ ਕਰਨਗੇ।
ਇਹ ਵੀ ਪੜ੍ਹੋ: ਰਾਹਤ ਭਰੀ ਖ਼ਬਰ, ਪੰਜਾਬ ਸਣੇ ਉੱਤਰ ਭਾਰਤ ‘ਚ ਇਸ ਦਿਨ ਤੋਂ ਘਟੇਗੀ ਕੜਾਕੇ ਦੀ ਠੰਡ, 5 ਡਿਗਰੀ ਵਧੇਗਾ ਪਾਰਾ
ਜੈਸਿੰਡਾ ਨੇ ਕਿਹਾ ਕਿ ਮੈਂ ਇਸ ਲਈ ਨਹੀਂ ਜਾ ਰਹੀ ਕਿ ਮੈਨੂੰ ਲੱਗਦਾ ਹੈ ਕਿ ਅਸੀਂ ਅਗਲੀ ਚੋਣ ਨਹੀਂ ਜਿੱਤ ਸਕਦੇ । ਮੈਂ ਇਸ ਲਈ ਜਾ ਰਹੀ ਹਾਂ ਕਿਉਂਕਿ ਮੈਨੂੰ ਵਿਸ਼ਵਾਸ ਹੈ ਕਿ ਅਸੀਂ ਜਿੱਤ ਸਕਦੇ ਹਾਂ ਅਤੇ ਅਸੀਂ ਜਿੱਤਾਂਗੇ। ਮੇਰਾ ਅਸਤੀਫਾ 7 ਫਰਵਰੀ ਤੋਂ ਬਾਅਦ ਲਾਗੂ ਹੋ ਜਾਵੇਗਾ। ਅਸਤੀਫ਼ੇ ਪਿੱਛੇ ਕੋਈ ਰਾਜ਼ ਨਹੀਂ ਹੈ। ਮੈਂ ਵੀ ਇਨਸਾਨ ਹਾਂ। ਮੈਂ ਜਿੰਨਾ ਕਰ ਸਕਦੀ ਸੀ, ਉੰਨਾ ਕੀਤਾ। ਜਿੰਨੇ ਸਮੇਂ ਤੱਕ ਕਰ ਸਕਦੀ ਸੀ, ਮੈਂ ਕੀਤਾ ਅਤੇ ਹੁਣ ਸਮਾਂ ਆ ਗਿਆ ਹੈ ਕਿ ਮੈਂ ਅਸਤੀਫ਼ਾ ਦੇ ਦਿਆਂ।
ਇਸ ਤੋਂ ਅੱਗੇ ਆਰਡਰਨ ਨੇ ਕਿਹਾ ਕਿ ਮੈਂ ਹੁਣ ਜਾ ਰਹੀ ਹਾਂ। ਕਿਉਂਕਿ ਅਜਿਹੀ ਸਥਿਤੀ ਨਾਲ ਬਹੁਤ ਵੱਡੀ ਜ਼ਿੰਮੇਵਾਰੀ ਆਉਂਦੀ ਹੈ। ਇਸ ਦੇ ਨਾਲ ਹੀ ਇਹ ਜ਼ਿੰਮੇਵਾਰੀ ਵੀ ਆਉਂਦੀ ਹੈ ਕਿ ਤੁਸੀਂ ਇਹ ਵੀ ਤੈਅ ਕਰੋ ਕਿ ਤੁਸੀਂ ਲੀਡਰਸ਼ਿਪ ਲਈ ਫਿੱਟ ਹੋ ਅਤੇ ਕਦੋਂ ਨਹੀਂ? ਨਿਊਜ਼ੀਲੈਂਡ ਦੇ ਪੀਐਮ ਨੇ ਕਿਹਾ ਕਿ 2022 ਦੇ ਅੰਤ ਵਿੱਚ ਮੈਂ ਸੋਚਿਆ ਕਿ ਮੇਰੇ ਕੋਲ ਪ੍ਰਧਾਨ ਮੰਤਰੀ ਬਣੇ ਰਹਿਣ ਦਾ ਕੀ ਕਾਰਨ ਹੈ। ਇਸ ਤੋਂ ਬਾਅਦ ਮੈਂ ਫੈਸਲਾ ਲਿਆ ਕਿ ਹੁਣ ਰਿਜ਼ਾਇਨ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਮੇਰੇ ਅਸਤੀਫੇ ਦਾ ਕਾਰਨ ਇਹ ਵੀ ਨਹੀਂ ਹੈ ਕਿ ਮੇਰੇ ਲਈ ਸਰਕਾਰ ਚਲਾਉਣਾ ਮੁਸ਼ਕਲ ਹੈ । ਉਨ੍ਹਾਂ ਕਿਹਾ ਕਿ ਮੇਰੇ ਐਲਾਨ ਤੋਂ ਬਾਅਦ ਸਰਕਾਰੀ ਏਜੰਸੀਆਂ ਅਤੇ ਸਿਆਸੀ ਪਾਰਟੀਆਂ ਨੂੰ ਯੋਜਨਾ ਬਣਾਉਣ ਅਤੇ ਤਿਆਰੀ ਕਰਨ ਵਿੱਚ ਮਦਦ ਮਿਲੇਗੀ।
ਵੀਡੀਓ ਲਈ ਕਲਿੱਕ ਕਰੋ -: