Remdesivir injection reached india : ਦੇਸ਼ ਵਿੱਚ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਦੌਰਾਨ ਕੋਰੋਨਾ ਦੇ ਮਾਮਲੇ ਰੋਜ਼ਾਨਾ ਨਵੇਂ ਰਿਕਾਰਡ ਕਾਇਮ ਕਰ ਰਹੇ ਹਨ। ਕੋਰੋਨਾ ਦੇ ਰੋਜ਼ਾਨਾ ਚਾਰ ਲੱਖ ਮਾਮਲੇ ਲਗਾਤਾਰ ਦੂਜੇ ਦਿਨ ਦਰਜ ਕੀਤੇ ਗਏ ਹਨ।
ਇਸ ਸਭ ਦੇ ਵਿਚਕਾਰ, ਕੇਂਦਰ ਸਰਕਾਰ ਦੇ ਵਿਗਿਆਨਕ ਸਲਾਹਕਾਰ ਨੇ ਕੋਰੋਨਾ ਦੀ ਤੀਜੀ ਲਹਿਰ ਦੇ ਆਉਣ ਦੀ ਘੋਸ਼ਣਾ ਕੀਤੀ ਹੈ, ਹਾਲਾਂਕਿ ਇਹ ਲਹਿਰ ਕਦੋਂ ਆਵੇਗੀ ਇਸ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ। ਕੋਰੋਨਾ ਦੇ ਮਾਮਲਿਆਂ ਵਿੱਚ ਹੋ ਰਹੇ ਭਾਰੀ ਇਜ਼ਾਫ਼ੇ ਕਾਰਨ ਦੇਸ਼ ਵਿੱਚ ਸਿਹਤ ਸਹੂਲਤਾਂ ਦੀ ਕਮੀ ਹੋ ਰਹੀ ਹੈ। ਦੇਸ਼ ਦੇ ਕੁਝ ਰਾਜਾਂ ਵਿੱਚ ਕੋਰੋਨਾ ਦੇ ਮਾਮਲੇ ਇੰਨੇ ਜ਼ਿਆਦਾ ਵੱਧ ਰਹੇ ਹਨ ਜਿਸ ਕਾਰਨ ਹਸਪਤਾਲਾਂ ਵਿੱਚ ਬੈੱਡਾਂ ਤੇ ਆਕਸੀਜਨ ਦੀ ਕਮੀ ਹੋ ਰਹੀ ਹੈ। ਜਿਸਦੇ ਮੱਦੇਨਜ਼ਰ ਭਾਰਤ ਵਿੱਚ ਕੋਰੋਨਾ ਕਾਰਨ ਮਰਨ ਵਾਲਿਆਂ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ । ਭਾਰਤ ਵਿੱਚ ਕੋਰੋਨਾ ਕਾਰਨ ਵਿਗੜੇ ਹਾਲਾਤਾਂ ਨੂੰ ਦੇਖਦੇ ਹੋਏ ਬਹੁਤ ਸਾਰੇ ਦੇਸ਼ ਮਦਦ ਲਈ ਅੱਗੇ ਆ ਰਹੇ ਹਨ।
ਇਸੇ ਵਿਚਾਲੇ ਅਮਰੀਕਾ ਨੇ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਨਾਲ ਲੜਨ ਲਈ ਭਾਰਤ ਨੂੰ ਮਦਦ ਦੀ ਖੇਪ ਭੇਜੀ ਹੈ। ਅਮਰੀਕੀ ਦਵਾਈ ਕੰਪਨੀ ਗਿਲਿਅਡ ਸਾਇੰਸਿਜ਼ ਦੁਆਰਾ ਰੈਮਡਿਸੀਵਰ ਦੀਆਂ 25 ਹਜ਼ਾਰ 600 ਖੁਰਾਕਾਂ ਭਾਰਤ ਭੇਜੀਆਂ ਗਈਆਂ ਹਨ। ਇਹ ਖੇਪ ਮੁੰਬਈ ਏਅਰਪੋਰਟ ਪਹੁੰਚੀ ਹੈ। ਇਸ ਮਾਮਲੇ ਦੀ ਜਾਣਕਾਰੀ ਵਿਦੇਸ਼ ਮੰਤਰਾਲੇ ਨੇ ਟਵੀਟ ਕਰ ਸਾਂਝੀ ਕੀਤੀ ਹੈ। ਵਿਦੇਸ਼ ਮੰਤਰਾਲੇ ਨੇ ਟਵੀਟ ਕਰਕੇ ਅਮਰੀਕੀ ਦਵਾਈ ਕੰਪਨੀ ਦੀ ਮਦਦ ਲਈ ਧੰਨਵਾਦ ਕੀਤਾ ਹੈ। ਜ਼ਿਕਰਯੋਗ ਹੈ ਕਿ ਰੈਮਡਿਸੀਵਰ ਟੀਕਾ ਮਰੀਜ਼ਾਂ ਨੂੰ ਕੋਰੋਨਾ ਦੀ ਲਾਗ ਦੇ ਗੰਭੀਰ ਮਾਮਲਿਆਂ ਵਿੱਚ ਦਿੱਤਾ ਜਾਂਦਾ ਹੈ। ਇਸ ਦੇ ਕਾਰਨ, ਇਸ ਦੀ ਮੰਗ ਵੱਧ ਗਈ ਹੈ। ਵਿਦੇਸ਼ ਮੰਤਰਾਲੇ ਨੇ ਕਿਹਾ, “ਰੈਮਡਿਸੀਵਰ ਦੀਆ 25 ਹਜ਼ਾਰ 600 ਸ਼ੀਸ਼ੀਆਂ ਅੱਜ ਸਵੇਰੇ ਅਮਰੀਕਾ ਤੋਂ ਰਾਹਤ ਵਜੋਂ ਮੁੰਬਈ ਪਹੁੰਚੀਆਂ ਹਨ। ਇਸ ਸਹਾਇਤਾ ਲਈ ਗਿਲਿਅਡ ਸਾਇੰਸਜ਼ ਦਾ ਧੰਨਵਾਦ।”