Second wave of Coronavirus: ਵਾਸ਼ਿੰਗਟਨ: ਦੁਨੀਆ ਭਰ ਵਿੱਚ ਕੋਰੋਨਾ ਵਾਇਰਸ ਦਾ ਕਹਿਰ ਵੱਧਦਾ ਹੀ ਜਾ ਰਿਹਾ ਹੈ। ਜਿਸ ਕਾਰਨ ਕੋਰੋਨਾ ਪੀੜਤਾਂ ਦੀ ਗਿਣਤੀ ਵਿੱਚ ਬਹੁਤ ਵਾਧਾ ਹੋ ਰਿਹਾ ਹੈ। ਦੁਨੀਆ ਦੇ 81 ਦੇਸ਼ਾਂ ਵਿੱਚ ਕੋਰੋਨਾ ਵਾਇਰਸ ਦੀ ਦੂਜੀ ਵੇਵ ਉੱਠ ਰਹੀ ਹੈ। ਚੀਨ ਵਿੱਚ ਕੋਰੋਨਾ ਵਾਇਰਸ ਦੇ ਮਾਮਲੇ ਖਤਮ ਹੋਣ ਤੋਂ ਬਾਅਦ ਪਿਛਲੇ ਦੋ-ਤਿੰਨ ਹਫ਼ਤਿਆਂ ਤੋਂ ਰਾਜਧਾਨੀ ਬੀਜਿੰਗ ਵਿੱਚ ਕੇਸ ਆਉਣੇ ਸ਼ੁਰੂ ਹੋ ਗਏ ਹਨ । ਉੱਥੇ ਹੀ ਅਮਰੀਕਾ, ਪਾਕਿਸਤਾਨ, ਬੰਗਲਾਦੇਸ਼, ਇਜ਼ਰਾਈਲ, ਸਵੀਡਨ, ਦੱਖਣੀ ਅਫਰੀਕਾ, ਬ੍ਰਾਜ਼ੀਲ ਆਦਿ ਦੇਸ਼ਾਂ ਵਿਚ ਕੋਰੋਨਾ ਵੱਡੀ ਤਬਾਹੀ ਮਚਾ ਰਹੀ ਹੈ । ਸਿਰਫ 36 ਦੇਸ਼ਾਂ ਵਿੱਚ ਕੋਰੋਨਾ ਦੇ ਨਵੇਂ ਕੇਸ ਘਟੇ ਹਨ। ਇਸ ਸਬੰਧੀ WHO ਦੇ ਮੁਖੀ ਡਾ. ਟੇਡਰੋਸ ਗੈਬਰੇਸੇਸ ਨੇ ਵੀ ਇੱਕ ਚੇਤਾਵਨੀ ਜਾਰੀ ਕੀਤੀ ਹੈ ਕਿ ਦੱਖਣੀ ਏਸ਼ੀਆ, ਮੱਧ ਪੂਰਬ ਅਤੇ ਅਫਰੀਕੀ ਦੇਸ਼ਾਂ ਵਿੱਚ ਸਥਿਤੀ ਹੋਰ ਬਦਤਰ ਹੋਵੇਗੀ ।
ਦਰਅਸਲ, ਅਫਰੀਕਾ ਵਿੱਚ ਤਿੰਨ ਮਹੀਨਿਆਂ ਤੋਂ ਵੀ ਵੱਧ ਸਮੇਂ ਵਿੱਚ ਕੋਰੋਨਾ ਵਾਇਰਸ ਦੇ ਸੰਕਰਮਣ ਦੇ 1 ਲੱਖ ਤੋਂ ਵੱਧ ਮਾਮਲੇ ਸਾਹਮਣੇ ਆਏ ਹਨ, ਜਦੋਂ ਕਿ 19 ਦਿਨਾਂ ਵਿੱਚ ਇੱਥੇ ਸਕਾਰਾਤਮਕ ਮਾਮਲੇ ਦੁੱਗਣੇ ਹੋ ਗਏ। ਦੱਖਣੀ ਅਫਰੀਕਾ ਵਿੱਚ ਔਸਤਨ ਹਰ ਦਿਨ ਇੱਕ ਹਜ਼ਾਰ ਤੋਂ ਵੱਧ ਮਾਮਲੇ ਸਾਹਮਣੇ ਆ ਰਹੇ ਹਨ ।
ਡਾ: ਟੇਡਰੋਸ ਨੇ ਕਿਹਾ ਕਿ ਜ਼ਿਆਦਾਤਰ ਦੇਸ਼ਾਂ ਵਿੱਚ ਅਨਲਾਕ ਕਾਰਨ ਕੋਰੋਨਾ ਦਾ ਜੋਖਮ ਵੱਧ ਗਿਆ ਹੈ। ਲੋਕ ਕੋਰੋਨਾ ਤੋਂ ਬਚਾਅ ਦੇ ਨਿਯਮਾਂ ਵਿੱਚ ਲਾਪਰਵਾਹੀ ਵਰਤ ਰਹੇ ਹਨ। ਇੱਥੋਂ ਤੱਕ ਕਿ ਮਾਸਕ ਵੀ ਸਹੀ ਤਰ੍ਹਾਂ ਨਹੀਂ ਲਗਾ ਰਹੇ। ਇਨ੍ਹਾਂ ਦੇਸ਼ਾਂ ਵਿੱਚ ਪਿਛਲੇ ਦੋ ਹਫ਼ਤਿਆਂ ਵਿੱਚ ਕੋਰੋਨਾ ਦੇ ਮਾਮਲੇ ਹੋਰ ਵੱਧ ਗਏ ਹਨ। ਵੀਰਵਾਰ ਨੂੰ ਪੂਰੀ ਦੁਨੀਆ ਵਿੱਚ ਨਵੇਂ ਕੇਸਾਂ ਵਿਚੋਂ ਅੱਧੇ ਅਮਰੀਕਾ ਵਿੱਚ ਦਰਜ ਕੀਤੇ ਗਏ ਹਨ। ਇਸਦੇ ਬਾਵਜੂਦ ਅਮਰੀਕਾ ਵਿੱਚ ਸੋਮਵਾਰ ਤੋਂ ਅਨਲੌਕ -2 ਸ਼ੁਰੂ ਹੋ ਜਾਵੇਗਾ।
ਦੱਸ ਦੇਈਏ ਕਿ ਅਮਰੀਕਾ ਦੇ ਪ੍ਰਮੁੱਖ ਸ਼ਹਿਰਾਂ ਵਾਸ਼ਿੰਗਟਨ ਅਤੇ ਨਿਊਯਾਰਕ ਵਿੱਚ ਸੈਲੂਨ ਅਤੇ ਹੋਰ ਦੁਕਾਨਾਂ ਖੁੱਲ੍ਹਣਗੀਆਂ। ਹੋਟਲ ਅਤੇ ਰੈਸਟੋਰੈਂਟ ਖੁੱਲ੍ਹਣਗੇ। ਇੱਥੇ ਧਾਰਮਿਕ ਸਥਾਨ ਵੀ ਖੋਲ੍ਹੇ ਜਾ ਰਹੇ ਹਨ। ਇੱਥੇ 100 ਤੋਂ ਵੱਧ ਲੋਕਾਂ ਨੂੰ ਇਕੱਠੇ ਨਹੀਂ ਹੋਣ ਦਿੱਤਾ ਜਾਵੇਗਾ। ਹੁਣ ਤੱਕ ਅਮਰੀਕਾ ਵਿੱਚ ਕੋਰੋਨਾ ਦੇ 22,98,108 ਮਾਮਲੇ ਸਾਹਮਣੇ ਆਏ ਹਨ, ਜਦੋਂ ਕਿ 1,21,424 ਮੌਤਾਂ ਹੋਈਆਂ ਹਨ ।