Seven Indians abducted in Libya released: ਤ੍ਰਿਪੋਲੀ: ਲੀਬੀਆ ਵਿੱਚ ਅਗਵਾ ਕੀਤੇ 7 ਭਾਰਤੀਆਂ ਨੂੰ ਰਿਹਾ ਕਰ ਦਿੱਤਾ ਗਿਆ ਹੈ। ਉਨ੍ਹਾਂ ਵਿੱਚੋਂ ਬਹੁਤੇ ਆਂਧਰਾ ਪ੍ਰਦੇਸ਼, ਬਿਹਾਰ ਅਤੇ ਗੁਜਰਾਤ ਦੇ ਹਨ। ਉਨ੍ਹਾਂ ਸਾਰਿਆਂ ਨੂੰ 14 ਸਤੰਬਰ ਨੂੰ ਅਗਵਾ ਕਰ ਲਿਆ ਗਿਆ ਸੀ। ਉਨ੍ਹਾਂ ਸਾਰਿਆਂ ਨੂੰ ਵਤਨ ਪਰਤਣ ਲਈ ਤ੍ਰਿਪੋਲੀ ਹਵਾਈ ਅੱਡੇ ‘ਤੇ ਜਾਂਦੇ ਸਮੇਂ ਅਗਵਾ ਕਰ ਲਿਆ ਗਿਆ ਸੀ। ਲੀਬੀਆ ਵਿੱਚ, ਇਹ ਭਾਰਤੀ ਉਸਾਰੀ ਅਤੇ ਤੇਲ ਸਪਲਾਈ ਕਰਨ ਵਾਲੀਆਂ ਕੰਪਨੀਆਂ ਵਿੱਚ ਕੰਮ ਕਰਦੇ ਸਨ। ਟਿਉਨੀਸ਼ੀਆ ਵਿੱਚ ਭਾਰਤੀ ਰਾਜਦੂਤ ਨੇ ਇਹ ਜਾਣਕਾਰੀ ਦਿੱਤੀ ਹੈ। ਦੱਸ ਦੇਈਏ ਕਿ ਲੀਬੀਆ ਵਿੱਚ ਭਾਰਤ ਦਾ ਕੋਈ ਦੂਤਾਵਾਸ ਨਹੀਂ ਹੈ, ਸਿਰਫ ਟਿਉਨੀਸ਼ੀਆ ਵਿੱਚ ਭਾਰਤੀ ਮਿਸ਼ਨ ਹੀ ਲੀਬੀਆ ਵਿੱਚ ਭਾਰਤੀਆਂ ਦੀ ਦੇਖਭਾਲ ਲਈ ਕੰਮ ਕਰਦਾ ਹੈ। ਵੀਰਵਾਰ ਨੂੰ ਭਾਰਤੀ ਵਿਦੇਸ਼ ਮੰਤਰਾਲੇ ਨੇ ਇਨ੍ਹਾਂ ਸੱਤ ਭਾਰਤੀਆਂ ਦੇ ਅਗਵਾ ਹੋਣ ਦੀ ਪੁਸ਼ਟੀ ਕੀਤੀ ਸੀ।
ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਨੁਰਾਗ ਸ਼੍ਰੀਵਾਸਤਵ ਨੇ ਕਿਹਾ ਸੀ, “ਇਹ ਸਾਰੇ ਸੱਤ ਭਾਰਤੀਆਂ ਨੂੰ ਲੀਬੀਆ ਦੇ ਅਸ਼ਵਰੀਫ ਨਾਮਕ ਜਗ੍ਹਾ ਤੋਂ ਅਗਵਾ ਕੀਤਾ ਗਿਆ ਹੈ। ਇਹ ਸਾਰੇ ਉਸਾਰੀ ਅਤੇ ਤੇਲ ਕੰਪਨੀਆਂ ਵਿੱਚ ਕੰਮ ਕਰ ਰਹੇ ਸਨ। ਸਰਕਾਰ ਵੱਲੋਂ ਅਗਵਾ ਕੀਤੇ ਗਏ ਨਾਗਰਿਕਾਂ ਦੀ ਸੁਰੱਖਿਅਤ ਰਿਹਾਈ ਦੀ ਗੱਲ ਕੀਤੀ ਜਾ ਰਹੀ ਹੈ। ਹਾਲਾਂਕਿ, ਇਸ ਬਾਰੇ ਕੋਈ ਸਪੱਸ਼ਟ ਜਾਣਕਾਰੀ ਨਹੀਂ ਹੈ ਕਿ ਉਨ੍ਹਾਂ ਨੂੰ ਕਿਸ ਨੇ ਅਗਵਾ ਕੀਤਾ ਹੈ।” ਤੁਹਾਨੂੰ ਦੱਸ ਦਈਏ ਕਿ ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਸਾਲ 2015 ਵਿੱਚ ਇੱਕ ਐਡਵਾਈਜ਼ਰੀ ਜਾਰੀ ਕੀਤੀ ਸੀ, ਜਿਸ ਦੇ ਤਹਿਤ ਕਿਹਾ ਗਿਆ ਸੀ ਕਿ ਭਾਰਤੀ ਨਾਗਰਿਕਾਂ ਨੂੰ ਲੀਬੀਆ ਜਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਕਿਉਂਕਿ ਉਥੇ ਸੁਰੱਖਿਆ ਸਥਿਤੀ ਅਨੁਕੂਲ ਨਹੀਂ ਹੈ। ਬਾਅਦ ਵਿੱਚ ਸਰਕਾਰ ਨੇ ਸੁਰੱਖਿਆ ਕਾਰਨਾਂ ਕਰਕੇ ਲੀਬੀਆ ਦੀ ਯਾਤਰਾ ਤੇ ਪਾਬੰਦੀ ਲਗਾ ਦਿੱਤੀ। ਇਹ ਪਾਬੰਦੀ ਅਜੇ ਵੀ ਜਾਰੀ ਹੈ।