ਅਮਰੀਕੀ ਫੌਜ ਦੇ ਪਹਿਲੇ ਦਸਤਾਰਧਾਰੀ ਸਿੱਖ ਲੈਫਟੀਨੈਂਟ ਕਰਨਲ ਤੇਜਦੀਪ ਸਿੰਘ ਨੇ ਕੈਲੀਫੋਰਨੀਆ ‘ਚ ਚੋਣਾਂ ਲੜਨ ਦਾ ਐਲਾਨ ਕੀਤਾ ਹੈ। ਦੱਸ ਦੇਈਏ ਕਿ ਲੈਫਟੀਨੈਂਟ ਕਰਨਲ ਡਾ. ਤੇਜਦੀਪ ਸਿੰਘ ਰਤਨ ਸਾਲ 2009 ਵਿੱਚ ਆਪਣੇ ਸਿੱਖੀ ਸਰੂਪ ਨਾਲ ਅਮਰੀਕਾ ਦੀ ਫੌਜ ਵਿੱਚ ਭਰਤੀ ਹੋਣ ਲਈ ਆਗਿਆ ਪ੍ਰਾਪਤ ਕਰਨ ਵਾਲੇ ਪਹਿਲੇ ਸਾਬਤ ਸੂਰਤ ਦਸਤਾਰਧਾਰੀ ਸਿੱਖ ਸਨ, ਜਿਨ੍ਹਾਂ ਨੇ ਹੁਣ ਕੈਲੀਫੋਰਨੀਆ ਸੂਬੇ ਦੇ ਸ਼ਹਿਰ ਮਾਊਨਟੇਨ ਹਾਊਸ ਦੀਆਂ ਮਾਰਚ 2024 ਵਾਲੀਆਂ ਸਿਟੀ ਕੌਂਸਲ ਚੋਣਾਂ ਵਿੱਚ ਕਾਊਂਸਲ ਮੈਂਬਰ ਵੱਜੋਂ ਚੋਣ ਲੜਨ ਲਈ ਆਪਣੇ ਨਾਂਅ ਦਾ ਐਲਾਨ ਕੀਤਾ ਹੈ । ਕੌਂਸਲ ਦੇ 4 ਮੈਂਬਰਾਂ ਨੂੰ ਚੁਨਣ ਲਈ, ਕੁੱਲ 8 ਉਮੀਦਵਾਰ ਮੈਦਾਨ ਵਿੱਚ ਹਨ ਅਤੇ ਇਨ੍ਹਾਂ ਵਿੱਚੋਂ ਸਿਰਫ ਡਾ. ਤੇਜਦੀਪ ਸਿੰਘ ਰਤਨ ਹੀ ਸਿੱਖ ਭਾਈਚਾਰੇ ਨਾਲ ਸਬੰਧ ਰੱਖਦੇ ਹਨ। ਇਸ ਚੋਣ ਲਈ ਸ਼ਹਿਰ ਵਾਸੀ 5 ਫਰਵਰੀ ਤੋਂ ਲੈ ਕੇ 5 ਮਾਰਚ 2024 ਤੱਕ ਵੋਟਾਂ ਪਾ ਸਕਦੇ ਹਨ।

Sikh LT Col Tejdeep singh contest
ਡਾ. ਰਤਨ ਨੇ ਸਾਲ 2015 ਵਿੱਚ ਆਪਣੀ ਕੁੱਲ-ਵਕਤੀ ਫੌਜੀ ਸੇਵਾ ਦੀ ਸਮਾਪਤੀ ਤੋਂ ਬਾਅਦ ਮਾਊਨਟੇਨ ਹਾਊਸ ਸ਼ਹਿਰ ਵਿਖੇ ਆਪਣਾ ਘਰ ਖਰੀਦਿਆ ਜਿੱਥੇ ਉਹ ਆਪਣੀ ਪਤਨੀ ਜਸਜੀਤ ਕੌਰ ਅਤੇ ਦੋ ਬੱਚਿਆਂ ਦੇ ਨਾਲ ਰਹਿੰਦੇ ਹਨ । ਉਹ ਕਿੱਤੇ ਵੱਜੋਂ ਇੱਕ ਦੰਦਾਂ ਦੇ ਡਾਕਟਰ ਹੋਣ ਦੇ ਨਾਲ ਫੌਜ ਦੀ ਰਿਜ਼ਰਵ ਬਟਾਲੀਅਨ ਵਿੱਚ ਵੀ ਆਪਣੀ ਸੇਵਾ ਨਿਭਾ ਰਹੇ ਹਨ। ਹਾਲ ਹੀ ਵਿੱਚ ਉਨ੍ਹਾਂ ਨੂੰ ਨਵੰਬਰ 2024 ਵਿੱਚ ਸ਼ੁਰੂ ਹੋਣ ਵਾਲੇ ਆਰਮੀ ਰਿਜ਼ਰਵ ਦੇ ਅਗਲੇ ਸੈਸ਼ਨ ਲਈ ਬਟਾਲੀਅਨ ਕਮਾਂਡ ਵਾਸਤੇ ਚੁਣਿਆ ਗਿਆ ਹੈ।
ਇਸ ਸਬੰਧੀ ਡਾ.ਰਤਨ ਨੇ ਕਿਹਾ ਕਿ ਫੌਜ ਵਿੱਚ ਨਿਰਸਵਾਰਥ ਸੇਵਾ ਦੀਆਂ ਕਦਰਾਂ-ਕੀਮਤਾਂ ਤੋਂ ਪ੍ਰੇਰਿਤ ਹੋ ਕੇ, ਅਮਰੀਕਾ ਦੇ ਸਭ ਤੋਂ ਨਵੇਂ ਸ਼ਹਿਰ ਵਜੋਂ ਮਾਨਤਾ ਪ੍ਰਾਪਤ ਮਾਊਨਟੇਨ ਹਾਊਸ ਦੀ ਸੁਰੱਖਿਆ ਤੇ ਖੁਸ਼ਹਾਲੀ ਨੂੰ ਯਕੀਨੀ ਬਣਾਉਣਾ ਅਤੇ ਭਾਈਚਾਰੇ ਨੂੰ ਵਿਕਸਤ ਕਰਨਾ ਮੇਰਾ ਮੁੱਖ ਮਕਸਦ ਹੈ । ਸਿਟੀ ਕੌਂਸਲ ਲਈ ਚੋਣ ਲੜਨ ਦਾ ਮੇਰਾ ਫੈਸਲਾ ਜਨਤਕ ਸੇਵਾ ਅਤੇ ਭਾਈਚਾਰਕ ਭਲਾਈ ਲਈ ਮੇਰੇ ਸਮਰਪਣ ਦਾ ਪ੍ਰਮਾਣ ਹੈ। ਯੂ.ਐਸ. ਆਰਮਡ ਫੋਰਸਿਜ਼ ਵਿੱਚ ਮੇਰੀ ਭੂਮਿਕਾ ਅਤੇ ਵਿਲੱਖਣ ਤਜ਼ਰਬਾ, ਮੈਨੂੰ ਸਿਟੀ ਕੌਂਸਲ ਵਿੱਚ ਪ੍ਰਭਾਵਸ਼ਾਲੀ ਢੰਗ ਨਾਲ ਯੋਗਦਾਨ ਪਾਉਣ ਵਿੱਚ ਸਹਾਈ ਹੋਵੇਗਾ।”
ਵੀਡੀਓ ਲਈ ਕਲਿੱਕ ਕਰੋ –