Tanmanjit Dhesi Write Letter : ਕੇਂਦਰ ਦੇ ਖੇਤੀਬਾੜੀ ਕਾਨੂੰਨਾਂ ਖਿਲਾਫ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੇ ਅੰਦੋਲਨ ਦਾ ਅੱਜ 45 ਵਾਂ ਦਿਨ ਹੈ। ਠੰਡ ਅਤੇ ਸੰਘਣੀ ਧੁੰਦ ਦੇ ਵਿਚਕਾਰ ਕਿਸਾਨ ਦਿੱਲੀ ਦੀਆਂ ਸਾਰੀਆਂ ਸਰਹੱਦਾਂ ‘ਤੇ ਡਟੇ ਹੋਏ ਹਨ । ਕੇਂਦਰ ਦੇ ਤਿੰਨ ਖੇਤੀਬਾੜੀ ਕਾਨੂੰਨਾਂ ਦੇ ਖਿਲਾਫ ਕਿਸਾਨਾਂ ਦੀ ਲਹਿਰ ਕੜਕਦੀ ਠੰਡ ਅਤੇ ਮੀਂਹ ਦੇ ਬਾਵਜੂਦ ਵੀ ਜਾਰੀ ਹੈ। ਖੇਤੀਬਾੜੀ ਕਾਨੂੰਨਾਂ ਵਿਰੁੱਧ ਦਿੱਲੀ ਦੀਆ ਸਰਹੱਦਾਂ ‘ਤੇ ਕਿਸਾਨ ਲਗਾਤਾਰ ਡਟੇ ਹੋਏ ਹਨ। ਭਾਰਤ ਦੇ ਨਾਲ-ਨਾਲ ਹੁਣ ਕਿਸਾਨਾਂ ਨੂੰ ਵਿਦੇਸ਼ਾ ਤੋਂ ਵੀ ਸਮਰਥਨ ਮਿਲ ਰਿਹਾ ਹੈ। ਇੰਗਲੈਂਡ ਦੇ ਪ੍ਰਧਾਨ ਮੰਤਰੀ ਬੌਰਿਸ ਜਾਨਸਨ ਨੂੰ 100 ਤੋਂ ਜ਼ਿਆਦਾ ਸਾਂਸਦਾਂ ਅਤੇ ਲਾਰਡਸ ਦੇ ਦਸਤਖ਼ਤ ਵਾਲੀ ਇੱਕ ਚਿੱਠੀ ਭੇਜੀ ਗਈ ਹੈ। ਇਹ ਚਿੱਠੀ ਬ੍ਰਿਟਿਸ਼ ਲੇਬਰ ਪਾਰਟੀ ਦੇ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਨੇ ਕਿਸਾਨਾਂ ਦੇ ਸਮਰਥਨ ਵਿੱਚ ਭੇਜੀ ਹੈ।
ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਨੇ ਟਵੀਟ ਕਰ ਇਸ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ। ਉਨ੍ਹਾਂ ਨੇ ਟਵੀਟ ਕਰ ਕਿਹਾ, “ਬਹੁਤ ਵਧੀਆ ਹੈ ਕਿ 100 ਤੋਂ ਵੱਧ ਸੰਸਦ ਮੈਂਬਰਾਂ ਅਤੇ ਲਾਰਡਸ ਨੇ ਪ੍ਰਧਾਨ ਮੰਤਰੀ ਨੂੰ ਭੇਜੇ ਗਏ ਕਰਾਸ-ਪਾਰਟੀ ਪੱਤਰ ‘ਤੇ ਦਸਤਖਤ ਕੀਤੇ ਹਨ। ਭਾਰਤ ‘ਚ ਸ਼ਾਂਤਮਈ ਚੱਲ ਰਹੇ #FarmersProtest ਲਈ ਸਾਡੀਆਂ ਚਿੰਤਾਵਾਂ ਗੰਭੀਰ ਹਨ। ਬੋਰਿਸ ਜਾਨਸਨ ਨੂੰ ਇਹ ਕਿਸਾਨਾਂ ਦਾ ਮੁੱਦਾ ਲਾਜ਼ਮੀ ਤੌਰ ‘ਤੇ ਆਪਣੇ ਹਮਰੁਤਬਾ ਪ੍ਰਧਾਨ ਮੰਤਰੀ ਮੋਦੀ ਕੋਲ ਚੁੱਕਣਾ ਚਾਹੀਦਾ ਹੈ, ਜਦੋਂ ਉਹ ਉਨ੍ਹਾਂ ਨਾਲ ਅਗਾਮੀ ਸੰਪਰਕ ਕਰਨਗੇ। ਮੌਜੂਦਾ ਵਿਵਾਦ ਨੂੰ ਜਲਦੀ ਹੱਲ ਕਰਨ ਦੀ ਉਮੀਦ ਜ਼ਾਹਿਰ ਕਰਦੇ ਹਾਂ।” ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾ ਵੀ ਕਈ ਦੇਸ਼ ਕਿਸਾਨਾਂ ਦੇ ਸਮਰਥਨ ‘ਚ ਅੱਗੇ ਆਏ ਹਨ। ਪਰ ਅਜੇ ਤੱਕ ਕੋਈ ਹੱਲ ਨਹੀਂ ਨਿਕਲਿਆ ਹੈ।