ਬ੍ਰਿਟੇਨ ਚੋਣਾਂ ਵਿੱਚ ਵੋਟਾਂ ਦੀ ਗਿਣਤੀ ਜਾਰੀ ਹੈ, ਪਰ ਤਸਵੀਰ ਲਗਭਗ ਸਾਫ ਹੋ ਗਈ ਹੈ। ਲੇਬਰ ਪਾਰਟੀ ਭਾਰੀ ਬਹੁਮਤ ਦੇ ਨਾਲ ਬ੍ਰਿਟੇਨ ਦੀ ਸੱਤਾ ‘ਤੇ ਕਾਬਿਜ ਹੋਣ ਜਾ ਰਹੀ ਹੈ ਤੇ ਲੇਬਰ ਪਾਰਟੀ ਦੇ ਨੇਤਾ ਕੀਰ ਸਟਾਰਮਰ ਬ੍ਰਿਟੇਨ ਦੇ ਨਵੇਂ ਪ੍ਰਧਾਨ ਮੰਤਰੀ ਹੋ ਸਕਦੇ ਹਨ। ਮੌਜੂਦਾ ਪੀਐੱਮ ਰਿਸ਼ੀ ਸੁਨਕ ਨੇ ਆਪਣੀ ਹਾਰ ਸਵੀਕਾਰ ਕਰ ਲਈ ਹੈ। ਨਾਲ ਹੀ ਉਨ੍ਹਾਂ ਨੇ ਕੀਰ ਸਟਾਰਮਰ ਨੂੰ ਜਿੱਤ ਦੀ ਵਧਾਈ ਵੀ ਦਿੱਤੀ ਹੈ।
ਹੁਣ ਤੱਕ ਲੇਬਰ ਪਾਰਟੀ 300 ਤੋਂ ਜ਼ਿਆਦਾ ਸੀਟਾਂ ‘ਤੇ ਜਿੱਤ ਦਰਜ ਕਰ ਚੁੱਕੀ ਹੈ। ਉੱਥੇ ਹੀ ਕੰਜ਼ਰਵੇਟਿਵ ਪਾਰਟੀ ਸਿਰਫ਼ 81 ਸੀਟਾਂ ‘ਤੇ ਜਿੱਤੀ ਹੈ। ਚੋਣ ਨਤੀਜਿਆਂ ‘ਤੇ ਰਿਸ਼ੀ ਸੁਨਕ ਨੇ ਆਪਣੇ ਸੰਸਦੀ ਖੇਤਰ ਰਿਚਮੰਡ ਤੇ ਨਾਰਦਨ ਐਲਟਰਨ ਵਿੱਚ ਸਮਰਥਕਾਂ ਨੂੰ ਸੰਬੋਧਿਤ ਕਰਦਿਆਂ ਕਿਹਾ ਕਿ ਮੈਂ ਮੁਆਫੀ ਮੰਗਦਾ ਹਾਂ ਤੇ ਇਸ ਹਾਰ ਦੀ ਜ਼ਿੰਮੇਵਾਰੀ ਲੈਂਦਾ ਹਾਂ। ਰਿਸ਼ੀ ਸੁਨਕ ਨੇ ਕਿਹਾ ਕਿ ਲੇਬਰ ਪਾਰਟੀ ਨੇ ਇਨ੍ਹਾਂ ਚੋਣਾਂ ਵਿੱਚ ਜਿੱਤ ਹਾਸਿਲ ਕੀਤੀ ਹੈ ਤੇ ਮੈਂ ਕੀਰ ਸਟਾਰਮਰ ਨੂੰ ਫੋਨ ਕਰ ਕੇ ਉਨ੍ਹਾਂ ਦੀ ਜਿੱਤ ‘ਤੇ ਵਧਾਈ ਦਿੱਤੀ। ਅੱਜ ਸੱਤਾ ਸ਼ਾਂਤੀਪੂਰਵਕ ਢੰਗ ਨਾਲ ਬਦਲ ਜਾਵੇਗੀ।
ਇਹ ਵੀ ਪੜ੍ਹੋ: ਕੈਂਸਰ ਨਾਲ ਜੂਝ ਰਹੀ ਹਿਨਾ ਖਾਨ ਨੇ ਖੁਦ ਕੱਟੇ ਆਪਣੇ ਵਾਲ, ਧੀ ਦਾ ਹਾਲ ਦੇਖ ਮਾਂ ਦੇ ਨਹੀਂ ਰੁਕੇ ਹੰਝੂ
ਸੁਨਕ ਨੇ ਕਿਹਾ ਕਿ ਮੈਂ ਕੰਜ਼ਰਵੇਟਿਵ ਪਾਰਟੀ ਦੇ ਕਈ ਵਧੀਆ, ਮਿਹਨਤੀ ਉਮੀਦਵਾਰਾਂ ਦੀ ਹਾਰ ਦੀ ਜ਼ਿੰਮੇਵਾਰੀ ਲੈਂਦਾ ਹਾਂ, ਜੋ ਅੱਜ ਰਾਤ ਆਪਣੀਆਂ ਕੋਸ਼ਿਸ਼ਾਂ, ਆਪਣੇ ਸਥਾਨਕ ਰਿਕਾਰਡ ਤੇ ਆਪਣੇ ਭਾਈਚਾਰੇ ਦੇ ਪ੍ਰਤੀ ਸਮਰਪਣ ਦੇ ਬਾਵਜੂਦ ਹਾਰ ਗਏ। ਮੈਨੂੰ ਇਸਦਾ ਬਹੁਤ ਦੁੱਖ ਹੈ। ਮੈਂ ਬਤੌਰ ਪ੍ਰਧਾਨ ਮੰਤਰੀ ਆਪਣਾ ਸੌ ਫੀਸਦਿਉ ਦੇਣ ਦੀ ਕੋਸ਼ਿਸ਼ ਕੀਤੀ। ਹੁਣ ਮੈਂ ਲੰਦਨ ਜਾਵਾਂਗਾ, ਜਿੱਥੋਂ ਮੈਂ ਪ੍ਰਧਾਨ ਮੰਤਰੀ ਦਾ ਅਹੁਦਾ ਛੱਡਣ ਤੋਂ ਪਹਿਲਾਂ ਅੱਜ ਰਾਤ ਦੇ ਨਤੀਜੇ ਦੇ ਬਾਰੇ ਵਿੱਚ ਹੋਰ ਦੱਸਾਂਗਾ।
ਦੱਸ ਦੇਈਏ ਕਿ ਬ੍ਰਿਟੇਨ ਦੇ ਨਵੇਂ ਪ੍ਰਧਾਨ ਮੰਤਰੀ ਬਣਨ ਜਾ ਰਹੇ ਲੇਬਰ ਪਾਰਟੀ ਦੇ ਨੇਤਾ ਕੀਰ ਸਟਾਰਮਰ ਨੇ ਚੋਣ ਨਤੀਜਿਆਂ ਨੂੰ ਲੈ ਕੇ ਵੋਟਰਾਂ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਦੇਸ਼ ਦੇ ਲੋਕ ਬਦਲਾਅ ਦੇ ਲਈ ਤਿਆਰ ਹਨ। ਹੋਲਬੋਰਨ ਤੇ ਸੇਂਟ ਪੈਨਕ੍ਰਾਸ ਸੀਟਾਂ ਤੋਂ ਜਿੱਤਣ ਦੇ ਬਾਅਦ ਆਪਣੇ ਭਾਸ਼ਣ ਵਿੱਚ ਕਿਹਾ ਕਿ ਚਾਹੇ ਲੋਕਾਂ ਨੇ ਉਨ੍ਹਾਂ ਨੂੰ ਵੋਟ ਦਿੱਤੀ ਹੈ ਜਾਂ ਨਹੀਂ, ਮੈਂ ਹਰ ਵਿਅਕਤੀ ਦੀ ਸੇਵਾ ਕਰਾਂਗਾ। ਮੈਂ ਤੁਹਾਡੇ ਲਈ ਬੋਲਾਂਗਾ, ਤੁਹਾਡਾ ਸਾਥ ਦਿਆਂਗਾ ਤੇ ਹਰ ਦਿਨ ਤੁਹਾਡੀ ਲੜਾਈ ਲੜਾਂਗਾ।
ਵੀਡੀਓ ਲਈ ਕਲਿੱਕ ਕਰੋ -: