US election result 2020 update: ਅਮਰੀਕੀ ਚੋਣਾਂ 2020 ਵਿੱਚ ਵੋਟਿੰਗ ਖ਼ਤਮ ਹੋ ਗਈ ਹੈ ਅਤੇ ਵੋਟਾਂ ਦੀ ਗਿਣਤੀ ਸ਼ੁਰੂ ਹੋ ਗਈ ਹੈ। ਅਮਰੀਕਾ ਵਿੱਚ 3 ਨਵੰਬਰ ਨੂੰ ਰਾਸ਼ਟਰਪਤੀ ਅਹੁਦੇ ਦੇ ਲਈ ਵੋਟਿੰਗ ਹੋਈ ਹੈ। ਇਸ ਵਾਰ ਅਮਰੀਕਾ ਵਿੱਚ ਮੁਕਾਬਲਾ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਜੋ ਬਿਡੇਨ ਦੇ ਵਿੱਚਕਾਰ ਹੈ। 3 ਨਵੰਬਰ ਨੂੰ ਹੋਈ ਵੋਟਿੰਗ ਦਾ ਨਤੀਜਾ ਅੱਜ ਆਵੇਗਾ। ਇਸ ਸਮੇਂ ਵੋਟਾਂ ਦੀ ਗਿਣਤੀ ਜਾਰੀ ਹੈ ਅਤੇ ਸ਼ੁਰੂਆਤੀ ਰੁਝਾਨ ਵੀ ਸਾਹਮਣੇ ਆ ਰਹੇ ਹਨ। ਇਸ ਦੌਰਾਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਟਵੀਟ ਕਰਕੇ ਇੱਕ ਵੱਡਾ ਇਲਜ਼ਾਮ ਲਗਾਇਆ ਹੈ। ਡੋਨਾਲਡ ਟਰੰਪ ਨੇ ਇੱਕ ਟਵੀਟ ਵਿੱਚ ਲਿਖਿਆ ਹੈ ਕਿ ਅਸੀਂ ਇੱਕ ਵੱਡੀ ਜਿੱਤ ਵੱਲ ਵੱਧ ਰਹੇ ਹਾਂ, ਪਰ ਵਿਰੋਧੀ ਨਤੀਜੇ ਚੋਰੀ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇੱਕ ਟਵੀਟ ਵਿੱਚ ਲਿਖਿਆ ਕਿ “ਅਸੀਂ ਵਿਰੋਧੀਆਂ ਨੂੰ ਅਜਿਹਾ ਨਹੀਂ ਕਰਨ ਦੇਵਾਂਗੇ, ਜਦੋਂ ਪੋਲਿੰਗ ਰੋਕ ਦਿੱਤੀ ਜਾਂਦੀ ਹੈ, ਤਾਂ ਵੋਟਾਂ ਨਹੀਂ ਪਾਈਆਂ ਜਾ ਸਕਦੀਆਂ।” ਟਰੰਪ ਨੇ ਕਿਹਾ ਹੈ ਕਿ ਉਹ ਅੱਜ ਰਾਤ ਇੱਕ ਬਿਆਨ ਜਾਰੀ ਕਰਨ ਜਾ ਰਹੇ ਹਨ। ਹਾਲਾਂਕਿ, ਡੋਨਾਲਡ ਟਰੰਪ ਦੇ ਇਸ ਟਵੀਟ ਨੂੰ ਟਵਿੱਟਰ ਦੁਆਰਾ ਬਲਾਕ ਕਰ ਦਿੱਤਾ ਗਿਆ ਹੈ ਅਤੇ ਗਲਤ ਜਾਣਕਾਰੀ ਦੇਣ ਦਾ ਦੋਸ਼ ਲਗਾਇਆ ਗਿਆ ਹੈ।
ਅਮਰੀਕਾ ਦੀ ਚੋਣ ਵਿੱਚ ਮੁਕਾਬਲਾ ਸਖ਼ਤ ਹੁੰਦਾ ਜਾ ਰਿਹਾ ਹੈ। ਅਮਰੀਕਾ ਦੀਆਂ ਚੋਣਾਂ ਵਿੱਚ ਇੱਕ ਵੱਡਾ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਮਿਲੀ ਜਾਣਕਾਰੀ ਦੇ ਅਨੁਸਾਰ, ਡੋਨਾਲਡ ਟਰੰਪ ਸ਼ੁਰੂਆਤੀ ਰੁਝਾਨਾਂ ਤੋਂ ਬਾਅਦ ਬਿਡੇਨ ਤੋਂ ਅੱਗੇ ਨਿਕਲ ਗਏ ਹਨ। ਡੋਨਾਲਡ ਟਰੰਪ ਦੇ ਖਾਤੇ ਵਿੱਚ ਹੁਣ 213 ਵੋਟਾਂ ਹਨ, ਜਦਕਿ ਜੋ ਬਿਡੇਨ ਦੇ ਖਾਤੇ ‘ਚ 210 ਵੋਟਾਂ ਹਨ। ਅਮਰੀਕਾ ਦੀਆਂ ਚੋਣਾਂ ਵਿੱਚ ਬਹੁਮਤ ਲਈ 270 ਇਲੈਕਟੋਰਲ ਕਾਲਜ ਦੀਆਂ ਵੋਟਾਂ ਦੀ ਜ਼ਰੂਰਤ ਹੈ। ਬਿਡੇਨ ਭਾਵੇਂ ਹੀ ਦੌੜ ਵਿੱਚ ਅੱਗੇ ਵੱਧ ਰਹੇ ਹੋਣ ਪਰ ਅਜੇ ਵੀ ਰਾਸ਼ਟਰਪਤੀ ਟਰੰਪ ਦੇ ਜਿੱਤਣ ਦੀ ਵਧੇਰੇ ਸੰਭਾਵਨਾ ਜਾਪਦੀ ਹੈ। ਤੁਹਾਨੂੰ ਦੱਸ ਦਈਏ ਕਿ ਅੱਜ ਜਦੋਂ ਵੋਟਾਂ ਦੀ ਗਿਣਤੀ ਸ਼ੁਰੂ ਹੋਈ ਤਾਂ ਸ਼ੁਰੂਆਤੀ ਰੁਝਾਨ ਵਿੱਚ ਟਰੰਪ ਆਪਣੇ ਵਿਰੋਧੀ ਬਿਡੇਨ ਤੋਂ ਕਾਫ਼ੀ ਪਿੱਛੇ ਸਨ ਪਰ ਕੁੱਝ ਘੰਟਿਆਂ ਬਾਅਦ ਉਨ੍ਹਾਂ ਦੀਆਂ ਵੋਟਾਂ ਵਿੱਚ ਵੀ ਤੇਜ਼ੀ ਨਾਲ ਵਾਧਾ ਹੋਇਆ ਹੈ। ਇਸ ਤੋਂ ਪਹਿਲਾਂ ਟਰੰਪ ਫਲੋਰੀਡਾ ‘ਤੇ ਵੀ ਕਬਜ਼ਾ ਕਰ ਚੁੱਕੇ ਹਨ, ਜਿਸ ਨੂੰ ਬਹੁਤ ਮਹੱਤਵਪੂਰਨ ਮੰਨਿਆ ਜਾਂਦਾ ਹੈ। ਪਿੱਛਲੇ 100 ਸਾਲਾਂ ਦੌਰਾਨ ਵ੍ਹਾਈਟ ਹਾਊਸ ਵਿੱਚ ਪਹੁੰਚਣ ਲਈ ਫਲੋਰੀਡਾ ਸੀਟ ਜਿੱਤਣਾ ਬਹੁਤ ਮਹੱਤਵਪੂਰਨ ਰਿਹਾ ਹੈ। ਫਲੋਰੀਡਾ ਵਿੱਚ ਕੁੱਲ 29 ਵੋਟਾਂ ਹਨ। ਇਸ ਦੌਰਾਨ ਬਿਡੇਨ ਨੇ ਮੀਡੀਆ ਦੇ ਸਾਹਮਣੇ ਆ ਇੱਕ ਬਿਆਨ ਦਿੱਤਾ ਹੈ ਜਿਸ ਵਿੱਚ ਉਨ੍ਹਾਂ ਨੇ ਆਪਣੀ ਜਿੱਤ ਦਾ ਦਾਅਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਅਸੀਂ ਕਈ ਰਾਜਾਂ ਵਿੱਚ ਅੱਗੇ ਵੱਧ ਰਹੇ ਹਾਂ, ਨਤੀਜੇ ਕੱਲ੍ਹ ਸਵੇਰ ਤੱਕ ਆਉਣਗੇ ਪਰ ਅਸੀਂ ਜਿੱਤ ਰਹੇ ਹਾਂ। ਵਿਸ਼ਵਾਸ ਰੱਖੋ, ਅਸੀਂ ਜਿੱਤਣ ਜਾ ਰਹੇ ਹਾਂ। ਅਮਰੀਕੀ ਜਨਤਾ ਨੇ ਫੈਸਲਾ ਕਰ ਲਿਆ ਹੈ।