US TV channels shut down Trump LIVE: ਵਾਸ਼ਿੰਗਟਨ: ਇਸ ਸਮੇਂ ਪੂਰੀ ਦੁਨੀਆ ਅਮਰੀਕੀ ਰਾਸ਼ਟਰਪਤੀ ਚੋਣਾਂ ਦੇ ਨਤੀਜਿਆਂ ਦੀ ਉਡੀਕ ਕਰ ਰਹੀ ਹੈ। ਮਤਦਾਨ ਨੂੰ 24 ਘੰਟਿਆਂ ਤੋਂ ਵੱਧ ਦਾ ਸਮਾਂ ਤੋਂ ਹੋ ਚੁੱਕਾ ਹੈ ਪਰ ਨਤੀਜਿਆਂ ਦੀ ਤਸਵੀਰ ਅਜੇ ਵੀ ਸਾਫ਼ ਨਹੀਂ ਹੋ ਸਕੀ ਹੈ। ਹਾਲਾਂਕਿ, ਹੁਣ ਡੈਮੋਕਰੇਟਿਕ ਪਾਰਟੀ ਦੇ ਜੋ ਬਿਡੇਨ ਬਹੁਮਤ ਦੇ ਨੇੜੇ ਆ ਗਏ ਹਨ। ਇਸ ਦੇ ਨਾਲ ਹੀ ਯੂਐਸ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਪਿੱਛੇ ਦਿਖਾਈ ਦੇ ਰਹੇ ਹਨ। ਪਰ ਦੋਵੇਂ ਉਮੀਦਵਾਰਾਂ ਵਿੱਚ ਬਿਆਨਬਾਜ਼ੀ, ਇਲਜ਼ਾਮਾਂ ਅਤੇ ਜਵਾਬੀ ਕਾਰਵਾਈਆਂ ਦਾ ਦੌਰ ਵੀ ਲਗਾਤਾਰ ਜਾਰੀ ਹੈ। ਇਸੇ ਬਿਆਨਬਾਜ਼ੀ ਦੇ ਦੌਰਾਨ ਯੂਐਸ ਦੇ ਕਈ ਟੀਵੀ ਚੈਨਲਾਂ ਨੇ ਵੀਰਵਾਰ ਦੇਰ ਰਾਤ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਲਾਈਵ ਕਵਰੇਜ ਨੂੰ ਅਚਾਨਕ ਬੰਦ ਕਰ ਦਿੱਤਾ। ਟੀਵੀ ਚੈਨਲਾਂ ਦਾ ਦੋਸ਼ ਹੈ ਕਿ ਰਾਸ਼ਟਰਪਤੀ ਟਰੰਪ ਚੋਣਾਂ ਵਿੱਚ ਮਿਲ ਰਹੀ ਹਾਰ ਨੂੰ ਵੇਖਦਿਆਂ ਕਈ ਝੂਠੇ ਦੋਸ਼ ਲਗਾ ਰਹੇ ਸਨ ਅਤੇ ਚੈਨਲਾਂ ਰਾਹੀਂ ਗਲਤ ਜਾਣਕਾਰੀ ਦੇ ਰਹੇ ਸਨ। ਅਮਰੀਕੀ ਰਾਸ਼ਟਰਪਤੀ ਦੀ ਚੋਣ ਖਤਮ ਹੋਣ ਤੋਂ ਬਾਅਦ ਡੋਨਾਲਡ ਟਰੰਪ ਦਾ ਇਹ ਪਹਿਲਾ ਜਨਤਕ ਭਾਸ਼ਣ ਸੀ। ਆਪਣੇ 17 ਮਿੰਟ ਦੇ ਭਾਸ਼ਣ ਵਿੱਚ, ਟਰੰਪ ਨੇ ਬਹੁਤ ਸਾਰੇ ਨਿਰਾਧਾਰ ਦਾਅਵੇ ਅਤੇ ਭੜਕਾਊ ਗੱਲਾਂ ਕੀਤੀਆਂ ਸੀ। ਟਰੰਪ ਨੇ ਜ਼ੋਰ ਦੇ ਕੇ ਕਿਹਾ ਕਿ ਡੈਮੋਕਰੇਟ “ਗੈਰ ਕਾਨੂੰਨੀ ਵੋਟਾਂ” ਦੀ ਵਰਤੋਂ ਕਰਕੇ “ਸਾਡੇ ਤੋਂ ਚੋਣਾਂ ਜਿੱਤਣ” ਦੀ ਕੋਸ਼ਿਸ਼ ਕਰ ਰਹੇ ਹਨ। ਟਰੰਪ ਦਾ ਇਹ ਬਿਆਨ ਅਜਿਹੇ ਸਮੇਂ ਆਇਆ ਹੈ ਜਦੋਂ ਉਸ ਦੇ ਵਿਰੋਧੀ ਅਤੇ ਡੈਮੋਕ੍ਰੇਟ ਉਮੀਦਵਾਰ ਜੋ ਬਿਡੇਨ ਚੋਣ ਮੈਦਾਨ ਵਿੱਚ ਜਿੱਤ ਵੱਲ ਵੱਧ ਰਹੇ ਹਨ।
ਐਮਐਸਐਨਬੀਸੀ ਟੀਵੀ ਚੈਨਲ ਦੇ ਐਂਕਰ ਬਰੇਨ ਵਿਲੀਅਮਜ਼ ਨੇ ਲਾਈਵ ਕਵਰੇਜ ਦੌਰਾਨ ਦਖਲ ਦਿੰਦੇ ਹੋਏ ਕਿਹਾ, “ਠੀਕ ਹੈ, ਇੱਥੇ ਅਸੀਂ ਨਾ ਸਿਰਫ ਅਮਰੀਕੀ ਰਾਸ਼ਟਰਪਤੀ ਦੇ ਸਿੱਧੇ ਪ੍ਰਸਾਰਣ ਵਿੱਚ ਰੁਕਾਵਟ ਪੈਦਾ ਕਰ ਰਹੇ ਹਾਂ, ਬਲਕਿ ਉਨ੍ਹਾਂ ਨੂੰ ਸਹੀ ਵੀ ਕਰ ਰਹੇ ਹਾਂ।” ਇਸ ਤੋਂ ਬਾਅਦ, ਨੈਟਵਰਕ ਨੇ ਤੁਰੰਤ ਰਾਸ਼ਟਰਪਤੀ ਦੇ ਲਾਈਵ ਪ੍ਰੋਗਰਾਮ ਨੂੰ ਬੰਦ ਕਰ ਦਿੱਤਾ ਸੀ। MSNBC ਚੈਨਲ ਤੋਂ ਇਲਾਵਾ ਐਨ ਬੀ ਸੀ ਅਤੇ ਏ ਬੀ ਸੀ ਨਿਊਜ਼ ਨੇ ਵੀ ਰਾਸ਼ਟਰਪਤੀ ਟਰੰਪ ਦੇ ਲਾਈਵ ਪ੍ਰੋਗਰਾਮ ਨੂੰ ਵੀ ਬੰਦ ਕਰ ਦਿੱਤਾ ਸੀ। ਸੀ ਐਨ ਐਨ ਦੇ ਜੇਕ ਟੇਪਰ ਨੇ ਕਿਹਾ, “ਇਹ ਸੰਯੁਕਤ ਰਾਜ ਦੇ ਲੋਕਾਂ ਲਈ ਦੁਖਦ ਰਾਤ ਸੀ, ਜਦੋਂ ਲੋਕਾਂ ਨੇ ਰਾਸ਼ਟਰਪਤੀ ਨੂੰ ਚੋਣਾਂ ਚੋਰੀ ਕਰਨ ਦੇ ਝੂਠੇ ਦੋਸ਼ ਲਾਉਂਦੇ ਵੇਖਿਆ।” ਉਨ੍ਹਾਂ ਕਿਹਾ, “ਰਾਸ਼ਟਰਪਤੀ ਨੇ ਝੂਠ ਤੇ ਝੂਠ ਬੋਲਦੇ ਹੋਏ ਵੋਟਾਂ ਚੋਰੀ ਹੋਣ ਵਾਰੇ ਬਿਨਾਂ ਕਿਸੇ ਸਬੂਤ ਦੇ “ਸਿਰਫ ਮੁਸਕਰਾਉਂਦੇ ਹੋਏ” ਕਿਹਾ, ਜੋ ਅਫ਼ਸੋਸਜਨਕ ਹੈ।”