ਕਿਸਾਨ ਜਥੇਬੰਦੀਆਂ ਨੂੰ ਹੁਣ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਾ ਸਮਰਥਨ ਮਿਲਿਆ ਹੈ। ਕਿਸਾਨ ਸੰਗਠਨਾਂ ਦੇ ਹੱਕ ਵਿਚ ਬੋਲਦੇ ਹੋਏ ਗਿਆਨੀ ਹਰਪ੍ਰੀਤ ਨੇ ਕਿਹਾ ਕਿ ਜਿਹੜੇ ਵਾਅਦੇ ਸੱਤਾ ਵਿਚ ਬੈਠੇ ਆਗੂਆਂ ਨੇ ਕੀਤੇ ਸੀ, ਉਹ ਵਾਅਦੇ ਪੂਰੇ ਕਰਨੇ ਚਾਹੀਦੇ ਹਨ। ਕਿਸਾਨਾਂ ਦੀਆਂ ਜਾਇਜ਼ ਮੰਗਾਂ ਨੂੰ ਸਰਕਾਰ ਨੂੰ ਮੰਨਣਾ ਚਾਹੀਦਾ ਹੈ।
ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਸਰਕਾਰ ਨੂੰ ਅੜੀਅਲ ਰਵੱਈਆ ਨਹੀਂ ਅਪਨਾਉਣਾ ਚਾਹੀਦਾ। ਉਨ੍ਹਾਂ ਕਿਹਾ ਕਿ ਹੁਣ ਤੱਕ ਜਿੰਨੇ ਵੀ ਅਸੀਂ ਅੰਦੋਲਨਾਂ, ਮੂਵਮੈਂਟਾਂ ਜਾਂ ਲਹਿਰਾਂ ਦਾ ਇਤਿਹਾਸ ਪੜ੍ਹਦੇ ਹਾਂ, ਉਹ ਸਾਰੀਆਂ ਕਾਮਯਾਬ ਹੁੰਦੀਆਂ ਹਨ ਤੇ ਨਾਲ ਹੀ ਆਪਣੇ ਟੀਚੇ ਦੀ ਪ੍ਰਾਪਤੀ ਵੀ ਕਰ ਲੈਂਦੀਆਂ ਹਨ, ਜਿਹੜੀਆਂ ਪੂਰਨ ਲੋਕ ਹਮਾਇਤ ਕਰਕੇ ਚੱਲਦੀਆਂ ਹਨ ਤੇ ਜਿਹੜੀਆਂ ਲਹਿਰਾਂ ਲੋਕ ਹਮਾਇਤ ਹਾਸਲ ਨਹੀਂ ਕਰਦੀਆਂ, ਉਹ ਸਫਲ ਨਹੀਂ ਹੁੰਦੀਆਂ।
ਇਹ ਵੀ ਪੜ੍ਹੋ : ਸੋਨੀਆ ਗਾਂਧੀ ਰਾਜਸਥਾਨ ਤੋਂ ਬਣੀ ਰਾਜ ਸਭਾ ਸਾਂਸਦ, ਭਾਜਪਾ ਨੇ ਜਿੱਤੀਆਂ 2 ਸੀਟਾਂ
ਇਸ ਲਈ ਉਨ੍ਹਾਂ ਕਿਹਾ ਕਿ ਅੰਦੋਲਨ ਕਰਦੇ ਸਮੇਂ ਸਾਡੀ ਰੂਪਰੇਖਾ ਅਜਿਹੀ ਹੋਣੀ ਚਾਹੀਦੀ ਹੈ ਕਿ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਤਕਲੀਫ ਨਾ ਹੋਵੇ। ਹਰਿਆਣਾ ਪੁਲਿਸ ਬਾਰੇ ਬਲੋਦਿਆਂ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਵੱਲੋਂ ਬਹੁਤ ਹੀ ਮੰਦਭਾਗਾ ਵਰਤੀਰਾ ਅਪਣਾਇਆ ਗਿਆ ਹੈ। ਬਾਰਡਰ ਸੀਲ ਕਰਨਾ, ਅੱਥਰੂ ਗੈਸ ਦੇ ਗੋਲੇ, ਪਲਾਸਟਿਕ ਦੀਆਂ ਗੋਲੀਆਂ ਚਲਾਉਣੀਆਂ ਗਲਤ ਹੈ। ਕਿਸਾਨਾਂ ਨੂੰ ਪ੍ਰੇਸ਼ਾਨ ਕਰਨ ਵਾਸਤੇ ਇਸ ਤਰ੍ਹਾਂ ਦੇ ਹਥਕੰਢੇ ਨਹੀਂ ਅਪਨਾਉਣੇ ਚਾਹੀਦੇ।