10 Corona Positive cases In Chandigarh : ਕੋਰੋਨਾ ਦਾ ਕਹਿਰ ਦਿਨੋ-ਦਿਨ ਵਧਦਾ ਜਾ ਰਿਹਾ ਹੈ। ਪੰਜਾਬ ਦੇ ਹਰ ਜਿਲ੍ਹੇ ’ਤੇ ਇਸ ਦਾ ਅਸਰ ਪੈ ਰਿਹਾ ਹੈ। ਅੱਜ ਚੰਡੀਗੜ੍ਹ ਵਿਖੇ 10 ਕੋਰੋਨਾ ਪਾਜੀਟਿਵ ਕੇਸ ਸਾਹਮਣੇ ਆਇਆ ਹੈ। ਚੰਡੀਗੜ੍ਹ ਵਿਚ ਜਿਹੜੇ 10 ਕੋਵਿਡ-19 ਮਰੀਜ਼ ਮਿਲੇ ਹਨ ਉਨ੍ਹਾਂ ਵਿਚੋਂ 8 ਤਾਂ ਬਾਪੂਧਾਮ ਕਾਲੋਨੀ ਦੇ ਹਨ। ਇਸ ਤਰ੍ਹਾਂ ਇਕੱਲੇ ਬਾਪੂਧਾਮ ਕਾਲੋਨੀ ਵਿਚ ਕੋਰੋਨਾ ਪੀੜਤਾਂ ਦੀ ਗਿਣਤੀ 86 ਹੋ ਗਈ ਹੈ ਤੇ ਚੰਡੀਗੜ੍ਹ ਵਿਚ ਅੰਕੜਾ 142 ਹੋ ਗਿਆ ਹੈ।
ਸਿਹਤ ਵਿਭਾਗ ਦਾ ਕਹਿਣਾ ਹੈ ਕਿ PGI ਵਿਖੇ ਆਉਣ ਵਾਲੇ ਸਾਰੇ ਮਰੀਜਾਂ ਦੇ ਟੈਸਟ ਲਈ ਕਮੇਟੀ ਬਣਾ ਲਈ ਗਈ ਹੈ ਤੇ ਹਫਤੇ ਦੇ ਵਿਚ ਹੀ ਸਾਰੇ ਮਰੀਜਾਂ ਦਾ ਕੋਰੋਨਾ ਟੈਸਟ ਸ਼ੁਰੂ ਕਰ ਦਿੱਤਾ ਜਾਵੇਗਾ। PGI ਵਿਚ ਰੋਜਾਨਾ 250 ਤੋਂ ਲੈ ਕੇ 400 ਟੈਸਟ ਹੋ ਰਹੇ ਹਨ ਪਰ ਟੈਸਟਾਂ ਦੀ ਗਿਣਤੀ ਵਧਾਈ ਜਾਵੇਗੀ। ਸਿਹਤ ਵਿਭਾਗ ਦੇ ਮਾਹਿਰ ਨੇ ਦੱਸਿਆ ਕਿ ਐਮਰਜੈਂਸੀ, ਟਰੌਮਾ ਦੇ ਨਾਲ-ਨਾਲ ਪੀ.ਜੀ. ਆਈ. ਵਿਖੇ ਆਉਣ ਵਾਲੇ ਹਰੇਕ ਮਰੀਜ਼ ਦਾ ਟੈਸਟ ਕਰਨ ਨੂੰ ਯਕੀਨੀ ਬਣਾਇਆ ਜਾਵੇਗਾ। ਪੰਜਾਬ ਵਿਚ ਕੋਰੋਨਾ ਪੀੜਤਾਂ ਦੀ ਗਿਣਤੀ ਘਟਣ ਦਾ ਨਾਂ ਨਹੀਂ ਲੈ ਰਹੀ। ਹਰ ਦਿਨ ਇਸ ਦੇ ਮਾਮਲਿਆਂ ’ਚ ਵਾਧਾ ਹੁੰਦਾ ਦੇਖਿਆ ਜਾ ਰਿਹਾ ਹੈ। ਕਲ ਵੀ ਸ਼ਹਿਰ ’ਚੋਂ 5 ਪਾਜ਼ੀਟਿਵ ਮਰੀਜ਼ ਸਾਹਮਣੇ ਆਏ ਹਨ, ਜੋਕਿ ਬਾਪੂਧਾਮ ਕਾਲੋਨੀ ਦੇ ਹੀ ਰਹਿਣ ਵਾਲੇ ਹਨ। ਇਨ੍ਹਾਂ ਵਿਚ ਇਕ ਔਰਤ ਅਤੇ 3 ਮਰਦ ਸ਼ਾਮਲ ਸੀ, ਜਦੋਂਕਿ ਇਕ 6 ਸਾਲਾ ਬੱਚੇ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਪਾਈ ਗਈ ਹੈ।
ਸਿਹਤ ਵਿਭਾਗ ਅਨੁਸਾਰ ਹੁਣ ਤਕ ਸ਼ਹਿਰ ਵਿਚ 1845 ਲੋਕਾਂ ਦੇ ਸੈਂਪਲ ਲੈ ਕੇ ਟੈਸਟਿੰਗ ਕੀਤੀ ਜਾ ਚੁੱਕੀ ਹੈ ਜਿਨ੍ਹਾਂ ਵਿਚੋਂ 1698 ਲੋਕਾਂ ਦੀ ਰਿਪੋਰਟ ਨੈਗੇਟਿਵ ਆਈ ਹੈ। ਸ਼ਹਿਰ ਵਿਚ ਹੁਣ ਤਕ 21 ਕੋਰੋਨਾ ਮਰੀਜ਼ ਠੀਕ ਹੋ ਕੇ ਘਰ ਚਲੇ ਗਏ ਹਨ। 11 ਲੋਕਾਂ ਦੇ ਸੈਂਪਲ ਟੈਸਟਿੰਗ ਲਈ ਭੇਜੇ ਗਏ ਹਨ। ਇਨ੍ਹਾਂ ਦੀ ਰਿਪੋਰਟ ਅਜੇ ਪੈਂਡਿੰਗ ਹੈ ਜਦੋਂ ਕਿ ਸ਼ਹਿਰ ਵਿਚ ਕੋਰੋਨਾ ਨਾਲ ਇਕ ਬਜੁਰਗ ਔਰਤ ਦੀ ਮੌਤ ਹੋ ਚੁੱਕੀ ਹੈ। ਇਹ ਮ੍ਰਿਤਕ ਔਰਤ ਸੈਕਟਰ-18 ਦੀ ਰਹਿਣ ਵਾਲੀ ਸੀ। ਪ੍ਰਸ਼ਾਸਨ ਵਲੋਂ ਕੋਰੋਨਾ ਨੂੰ ਕੰਟਰੋਲ ਕਰਨ ਦੀ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਨਾਲ ਹੀ ਲੋਕਾਂ ਨੂੰ ਘਰਾਂ ਅੰਦਰ ਰਹਿਣ ਤੇ ਕਾਨੂੰਨੀ ਨਿਰਦੇਸ਼ਾਂ ਦੀ ਪਾਲਣਾ ਕਰਨ ਦੀ ਵੀ ਅਪੀਲ ਵਾਰ-ਵਾਰ ਕੀਤੀ ਜਾ ਰਹੀ ਹੈ ਤਾਂ ਜੋ ਕੋਰੋਨਾ ਵਾਇਰਸ ਦੇ ਵਧਦੇ ਪ੍ਰਕੋਪ ਨੂੰ ਸਮਾਂ ਰਹਿੰਦਿਆਂ ਕੰਟਰੋਲ ਕੀਤਾ ਜਾ ਸਕੇ।