10th paper of PSEB : ਪੰਜਾਬ ਸਕੂਲ ਸਿੱਖਿਆ ਬੋਰਡ (ਪੀਐਸਈਬੀ) ਨੇ ਮੰਗਲਵਾਰ ਨੂੰ 10ਵੀਂ ਅਤੇ 12ਵੀਂ ਦੀ ਸਾਲਾਨਾ ਪ੍ਰੀਖਿਆ ਲਈ ਡੇਟਸ਼ੀਟ ਜਾਰੀ ਕੀਤੀ ਹੈ। 10ਵੀਂ ਦੀਆਂ ਪ੍ਰੀਖਿਆਵਾਂ 9 ਅਪ੍ਰੈਲ ਤੋਂ ਸ਼ੁਰੂ ਹੋਣਗੀਆਂ ਅਤੇ 1 ਮਈ ਤੱਕ ਚੱਲਣਗੀਆਂ। ਜਦੋਂਕਿ 12ਵੀਂ ਦੀ ਪ੍ਰੀਖਿਆ 23 ਮਾਰਚ ਤੋਂ 27 ਅਪ੍ਰੈਲ ਤੱਕ ਚੱਲੇਗੀ। 10ਵੀਂ ਦੀਆਂ ਪ੍ਰੀਖਿਆਵਾਂ ਸਵੇਰ ਦੀ ਸ਼ਿਫਟ ਵਿਚ ਲਈਆਂ ਜਾਣਗੀਆਂ। ਉਥੇ ਹੀ, 12ਵੀਂ ਦੀ ਪ੍ਰੀਖਿਆ ਦੁਪਹਿਰ ਦੀ ਸ਼ਿਫਟ ਵਿੱਚ ਹੋਣਗੀਆਂ। ਇਕ ਪੇਪਰ ਲਈ ਤਿੰਨ ਘੰਟੇ ਦਾ ਸਮਾਂ ਮਿਲੇਗਾ। ਵਿਦਿਆਰਥੀਆਂ ਨੂੰ ਓਐਮਆਰ ਸ਼ੀਟ ਭਰਨ ਅਤੇ ਪੇਪਰ ਪੜ੍ਹਨ ਲਈ 15 ਮਿੰਟ ਮਿਲਣਗੇ। ਇਸ ਦੇ ਨਾਲ ਹੀ, ਅਪੰਗ ਵਿਦਿਆਰਥੀਆਂ ਨੂੰ ਹਰ ਘੰਟੇ ਤੋਂ ਬਾਅਦ ਵੀਹ ਮਿੰਟ ਦਾ ਵਾਧੂ ਸਮਾਂ ਦਿੱਤਾ ਜਾਵੇਗਾ।
ਉਥੇ ਹੀ ਬੋਰਡ ਨੇ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਕੋਵਿਡ ਦਿਸ਼ਾ-ਨਿਰਦੇਸ਼ ਦੀ ਗਾਈਡਲਾਈਨ ਦੀ ਪਾਲਣਾ ਕੀਤੀ ਜਾਏਗੀ। ਪ੍ਰੀਖਿਆ ਨਾਲ ਸਬੰਧਤ ਅਧਿਕਾਰਤ ਜਾਣਕਾਰੀ ਬੋਰਡ ਦੀ ਵੈਬਸਾਈਟ www.pseb.ac.in ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਦਸਵੀਂ ਜਮਾਤ ਦੀਆਂ ਪ੍ਰੀਖਿਆਵਾਂ ਦਾ ਸਮਾਂ ਸਵੇਰੇ 10 ਵਜੇ ਤੋਂ ਦੁਪਹਿਰ 1 ਵਜੇ ਤੱਕ ਹੋਵੇਗਾ। ਉਥੇ ਹੀ ਸਿਲਾਈ-ਕਢਾਈ, ਪ੍ਰੀ-ਵੋਕੇਸ਼ਨਲ ਵਿਸ਼ੇ, ਐਨਐਸਕਿਊਐਫ ਵਿਸ਼ੇ ਲਈ ਪ੍ਰੀਖਿਆ ਦਾ ਸਮਾਂ ਦੋ ਘੰਟੇ ਹੋਵੇਗਾ। ਪੰਜਾਬ ਸਕੂਲ ਸਿੱਖਿਆ ਬੋਰਡ ਨੇ ਆਪਣੀ ਵੈੱਬਸਾਈਟ ‘ਤੇ ਤਰੀਕਾਂ ਵੀ ਅਪਲੋਡ ਕਰ ਦਿੱਤੀਆਂ ਹਨ।
12ਵੀਂ ਦੀਆਂ ਪ੍ਰੀਖਿਆਵਾਂ ਹੋਣਗੀਆਂ ਦੋ ਵਜੇ ਤੋਂ
12ਵੀਂ ਜਮਾਤ ਦੀ ਪ੍ਰੀਖਿਆ ਦੁਪਹਿਰੇ ਦੋ ਵਜੇ ਤੋਂ ਸਵਾ ਪੰਜ ਵਜੇ ਤੱਕ ਚੱਲੇਗੀ। ਪ੍ਰੀਖਿਆ ਦਿੰਦੇ ਸਮੇਂ ਵਿਦਿਆਰਥੀਆਂ ਨੂੰ ਬੋਰਡ ਦੇ ਨਿਰਧਾਰਤ ਨਿਯਮਾਂ ਦੀ ਪਾਲਣਾ ਕਰਨੀ ਹੋਵੇਗੀ। ਫੋਨਾਂ ਸਮੇਤ ਕਿਸੇ ਵੀ ਇਲੈਕਟ੍ਰਾਨਿਕ ਚੀਜ਼ ਨੂੰ ਪ੍ਰੀਖਿਆ ਕੇਂਦਰ ਦੇ ਅੰਦਰ ਲਿਆਉਣ ਦੀ ਇਜਾਜ਼ਤ ਨਹੀਂ ਹੋਵੇਗੀ। ਪ੍ਰੀਖਿਆ ਕੇਂਦਰ ਦੇ ਆਸ-ਪਾਸ ਸੁਰੱਖਿਆ ਗਾਰਡ ਦਾ ਪਹਿਰਾ ਮਜ਼ਬੂਤ ਕੀਤਾ ਜਾਏਗਾ। ਸ਼ਾਂਤੀਪੂਰਵਕ ਪ੍ਰੀਖਿਆਵਾਂ ਕਰਵਾਉਣ ਲਈ ਵਿਸ਼ੇਸ਼ ਜਾਂਚ ਟੀਮਾਂ ਦਾ ਗਠਨ ਕੀਤਾ ਜਾਵੇਗਾ। ਇਹ ਟੀਮਾਂ ਪ੍ਰੀਖਿਆ ਕੇਂਦਰਾਂ ਦੀ ਜਾਂਚ ਕਰਨਗੀਆਂ। ਪ੍ਰੀਖਿਆ ਕੇਂਦਰ ਬਣਾਏ ਜਾਣਗੇ ਜਿਥੇ ਵਿਦਿਆਰਥੀ ਅਤੇ ਫਲਾਇੰਗ ਸਕੁਐਡ ਆਸਾਨੀ ਨਾਲ ਪਹੁੰਚ ਸਕਣ। ਦੱਸ ਦੇਈਏ ਕਿ ਹਰ ਸਾਲ ਲਗਭਗ ਸੱਤ ਲੱਖ ਵਿਦਿਆਰਥੀ ਬੋਰਡ ਦੀਆਂ 10ਵੀਂ ਅਤੇ 12ਵੀਂ ਦੀਆਂ ਪ੍ਰੀਖਿਆਵਾਂ ਵਿੱਚ ਭਾਗ ਲੈਂਦੇ ਹਨ। ਇਸਦੇ ਨਾਲ ਹੀ ਹਰ ਜ਼ਿਲ੍ਹੇ ਵਿੱਚ ਕੰਟਰੋਲ ਰੂਮ ਦਾ ਗਠਨ ਵੀ ਕੀਤਾ ਜਾਂਦਾ ਹੈ।