13 cases of Covid-19 : ਪੰਜਾਬ ਦੇ ਜਿਲ੍ਹਾ ਲੁਧਿਆਣਾ ਵਿਖੇ ਅੱਜ 13 ਪਾਜੀਟਿਵ ਕੇਸਾਂ ਦੀ ਪੁਸ਼ਟੀ ਹੈ। ਪੰਜਾਬ ਦੇ ਹਰੇਕ ਜਿਲ੍ਹੇ ਵਿਚ ਰੋਜਾਨਾ ਪਾਜੀਟਿਵ ਕੇਸਾਂ ਦੀ ਗਿਣਤੀ ਵਧਦੀ ਜਾ ਰਹੀ ਹੈ। ਹਰੇਕ ਜਿਲ੍ਹੇ ‘ਤੇ ਇਸ ਵਾਇਰਸ ਨੇ ਆਪਣੀ ਜਕੜ ਪੱਕੀ ਕਰ ਲਈ ਹੈ। ਜਿਹੜੇ ਜਿਲ੍ਹਿਆਂ ਵਿਚ ਪਹਿਲਾਂ ਪਾਜੀਟਿਵ ਕੇਸਾਂ ਦੀ ਗਿਣਤੀ ਘੱਟ ਸੀ, ਹੁਣ ਉਥੇ ਵੀ ਲਗਾਤਾਰ ਮਰੀਜ਼ ਵਧਦੇ ਜਾ ਰਹੇ ਹਨ ਜਿਸ ਕਾਰਨ ਪ੍ਰਸ਼ਾਸਨ ਨੂੰ ਹੱਥਾਂ-ਪੈਰਾਂ ਦੀ ਪੈ ਗਈ ਹੈ ਤੇ ਇਹ ਉਸ ਲਈ ਗੰਭੀਰ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ।
ਇਹ ਜਾਣਕਾਰੀ ਸਿਵਲ ਸਰਜਨ ਡਾ. ਰਾਜੇਸ ਬੱਗਾ ਵਲੋਂ ਦਿੱਤੀ ਗਈ। ਉਨ੍ਹਾਂ ਕਿਹਾ ਕਿ ਲਗਭਗ 503 ਰਿਪੋਰਟਾਂ ਲੈਬ ਵਿਚ ਟੈਸਟ ਲਈ ਭੇਜੀਆਂ ਗਈਆਂ ਹਨ। ਇਹ ਰਿਪੋਰਟਾਂ ਪਟਿਆਲਾ ਤੇ ਦਯਾਨੰਦ ਹਸਪਤਾਲ ਵਿਖੇ ਭੇਜੀਆਂ ਗਈਆਂ ਸਨ। ਇਨ੍ਹਾਂ ਵਿਚੋਂ 486 ਸੈਂਪਲ ਨੈਗੇਟਿਵ ਪਾਏ ਗਏ ਹਨ, 4 ਸੈਂਪਲ ਦੀ ਰਿਪੋਰਟ ਰਿਜੈਕਟ ਹੋ ਗਈ ਹੈ ਤੇ ਹੁਣ ਤਕ 13 ਮਰੀਜ਼ ਕੋਰੋਨਾ ਪਾਜੀਟਿਵ ਪਾਏ ਗਏ ਹਨ। ਪੰਜਾਬ ਵਿਚ ਹੁਣ ਵੱਡੀ ਗਿਣਤੀ ਵਿਚ ਕੋਰੋਨਾ ਪਾਜੀਟਿਵ ਮਰੀਜਾਂ ਦੇ ਸਾਹਮਣੇ ਆਉਣ ਦਾ ਵੱਡਾ ਕਾਰਨ ਦੂਜੇ ਸੂਬਿਆਂ ਤੋਂ ਆਉਣ ਵਾਲੇ ਸ਼ਰਧਾਲੂ ਹਨ।
ਕੋਰੋਨਾ ਪਾਜੀਟਿਵ ਦੇ ਮਰੀਜਾਂ ਦੀ ਗਿਣਤੀ ਬਾਰੇ ਪ੍ਰਸ਼ਾਸਨ ਵੀ ਦੁਚਿੱਤੀ ਵਿਚ ਪਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਰੋਜਾਨਾ ਬਹੁਤ ਸਾਰੇ ਮਰੀਜ਼ ਜੋ ਠੀਕ ਹੋ ਜਾਂਦੇ ਹਨ, ਜੇਕਰ ਉਨ੍ਹਾਂ ਦਾ ਇਲਾਜ ਕਿਸੇ ਦੂਸਰੇ ਜਿਲ੍ਹੇ ਵਿਚ ਹੋ ਰਿਹਾ ਹੈ ਤਾਂ ਉਸ ਦੀ ਰਜਿਸਟ੍ਰੇਸ਼ਨ ਉਸ ਜਿਲ੍ਹੇ ਵਿਚ ਹੋ ਜਾਂਦੀ ਹੈ ਤੇ ਸਹੀ ਤੌਰ ‘ਤੇ ਕੋਰੋਨਾ ਪਾਜੀਟਿਵ ਮਰੀਜਾਂ ਦਾ ਅੰਦਾਜਾ ਲਗਾਉਣਾ ਗਲਤ ਹੋ ਜਾਂਦਾ ਹੈ। ਪੰਜਾਬ ਵਿਚ ਹੁਣ ਤਕ ਇਸ ਵਾਇਰਸ ਨਾਲ 24 ਮੌਤਾਂ ਹੋ ਚੁੱਕੀਆਂ ਹਨ। ਪ੍ਰਸ਼ਾਸਨ ਵਲੋਂ ਵਾਰ-ਵਾਰ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਉਹ ਕਾਨੂੰਨੀ ਨਿਰਦੇਸ਼ਾਂ ਦੀ ਪਾਲਣਾ ਕਰਨ ਅਤੇ ਬਿਨਾਂ ਵਜ੍ਹਾ ਤੋਂ ਘਰ ਤੋਂ ਬਾਹਰ ਨਾ ਨਿਕਲਣ ਤਾਂ ਜੋ ਇਸ ਵਾਇਰਸ ਦੇ ਵਧਦੇ ਪ੍ਰਕੋਪ ਨੂੰ ਕੰਟਰੋਲ ਕੀਤਾ ਜਾ ਸਕੇ।