13 positive cases : ਅੱਜ ਸ਼ੁੱਕਰਵਾਰ ਸਵੇਰੇ ਚੰਡੀਗੜ੍ਹ ਤੇ ਫਿਰੋਜ਼ਪੁਰ ਜ਼ਿਲ੍ਹਿਆਂ ’ਚ ਨਵੇਂ ਕੋਰੋਨਾ ਪਾਜ਼ਿਟਿਵ ਮਰੀਜ਼ਾਂ ਦੇ ਹੋਣ ਦੀ ਖ਼ਬਰ ਮਿਲੀ ਹੈ। ਚੰਡੀਗੜ੍ਹ ਵਿਖੇ 13 ਲੋਕਾਂ ਦੀ ਰਿਪੋਰਟ ਪਾਜੀਟਿਵ ਆਈ ਹੈ। ਚੰਡੀਗੜ੍ਹ ਵਿਚ ਜਿਹੜੇ 13 ਕੇਸ ਕੋਰੋਨਾ ਪਾਜੀਟਿਵ ਦੇ ਆਏ ਹਨ, ਉਨ੍ਹਾਂ ਵਿਚੋਂ 12 ਕੇਸ ਬਾਪੂਧਾਮ ਕਾਲੋਨੀ ਦੇ ਹਨ ਅਤੇ ਇਕ ਕੇਸ ਸੈਕਟਰ-30 ਦਾ ਹੈ। ਮਰੀਜਾਂ ਵਿਚ ਇਕ ਸਾਢੇ ਤਿੰਨ ਸਾਲ ਦਾ ਬੱਚਾ ਵੀ ਹੈ। ਬਾਪੂਧਾਮ ਕਾਲੋਨੀ ਵਿਚ ਜਿਹੜੇ ਮਰੀਜ਼ ਕੋਰੋਨਾ ਪਾਜੀਟਿਵ ਆਏ ਹਨ ਉਨ੍ਹਾਂ ਵਿਚ ਇਕ 36 ਸਾਲਾ ਔਰਤ, 30 ਸਾਲ ਦਾ ਵਿਅਕਤੀ, 17 ਸਾਲਾਂ ਦਾ ਨੌਜਵਾਨ, 9 ਸਾਲਾਂ ਦੀ ਬੱਚੀ, 27 ਸਾਲਾਂ ਦੀ ਕੁੜੀ ਅਤੇ ਇਸ ਤੋਂ ਇਲਾਵਾ ਹੋਰ 7 ਕੇਸ ਅੱਜ ਬੁੱਧਵਾਰ ਵਿਖੇ ਚੰਡੀਗੜ੍ਹ ਤੋਂ ਸਾਹਮਣੇ ਆਏ ਹਨ। ਇਨ੍ਹਾਂ ਦੀ ਰਿਪੋਰਟ ਪਾਜੀਟਿਵ ਆਉਣ ਨਾਲ ਚੰਡੀਗੜ੍ਹ ਵਿਖੇ ਮਰੀਜਾਂ ਦੀ ਗਿਣਤੀ ਵਧ ਕੇ 87 ਹੋ ਗਈ ਹੈ ਤੇ ਇਕੱਲੇ ਬਾਪੂਧਾਮ ਕਾਲੋਨੀ ਵਿਚ 40 ਤੋਂ ਵੱਧ ਮਰੀਜ਼ ਕੋਰੋਨਾ ਪਾਜੀਟਿਵ ਪਾਏ ਗਏ ਹਨ।
ਇਸੇ ਤਰ੍ਹਾਂ ਇਕ ਹੋਰ ਬੁਰੀ ਖਬਰ ਫਿਰੋਜ਼ਪੁਰ ਤੋਂ ਆਈ ਹੈ ਜਿਥੇ ਅੱਜ ਸਵੇਰੇ 11 ਸ਼ਰਧਾਲੂਆਂ ਦੀ ਰਿਪੋਰਟ ਪਾਜੀਟਿਵ ਆਈ ਹੈ। ਕੈਪਟਨ ਅਮਰਿੰਦਰ ਸਿੰਘ ਵਲੋਂ ਵੱਖ-ਵੱਖ ਥਾਵਾਂ ਤੋਂ ਆਏ ਸ਼ਰਧਾਲੂਆਂ ਨੂੰ ਕੁਆਰੰਟਾਈਨ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ ਤੇ ਫਿਰੋਜ਼ਪੁਰ ਪ੍ਰਸ਼ਾਸਨ ਵਲੋਂ ਵੀ ਇਨ੍ਹਾਂ ਕੋਰੋਨਾ ਪਾਜੀਟਿਵ ਮਰੀਜਾਂ ਨੂੰ ਕੁਆਰੰਟਾਈਨ ਕਰ ਦਿੱਤਾ ਗਿਆ ਹੈ। ਗੌਰਵ ਸਾਗਰ ਭਾਸਕਰ ਦੀ ਰਿਪੋਰਟ ਅਨੁਸਾਰ ਫ਼ਿਰੋਜ਼ਪੁਰ ’ਚ ਹੁਣ ਤੱਕ ਸਿਰਫ਼ ਇੱਕੋ ਪਾਜ਼ਿਟਿਵ ਕੇਸ ਸੀ ਪਰ ਹੁਣ ਇਹ ਗਿਣਤੀ ਵਧ ਕੇ 12 ਹੋ ਗਈ ਹੈ। ਇਸ ਦੀ ਪੁਸ਼ਟੀ ਫ਼ਿਰੋਜ਼ਪੁਰ ਦੇ ਡਿਪਟੀ ਕਮਿਸ਼ਨਰ ਸ਼੍ਰੀ ਕੁਲਵੰਤ ਸਿੰਘ ਨੇ ਕੀਤੀ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਹ ਸਾਰੇ ਤਾਜ਼ਾ ਪਾਜ਼ਿਟਿਵ ਵਿਅਕਤੀ ਇੱਕ ਸਮੂਹ ਨਾਲ ਸਬੰਧਤ ਹਨ ਤੇ ਇਹ ਹੁਣੇ ਹੋਰਨਾਂ ਰਾਜਾਂ ਤੋਂ ਆਏ ਹਨ। ਉਨ੍ਹਾਂ ਨੂੰ ਵੱਖੋ–ਵੱਖਰੀਆਂ ਸਰਕਾਰੀ ਕੁਆਰੰਟੀਨ ਸੁਵਿਧਾਵਾਂ ਵਿੱਚ ਰੱਖਿਆ ਗਿਆ ਸੀ ਤੇ ਉਨ੍ਹਾਂ ਦੇ ਪਾਜੀਟਿਵ ਪਾਏ ਜਾਣ ਤੋਂ ਬਾਅਦ ਉਨ੍ਹਾਂ ਨੂੰ ਸਿਵਲ ਹਸਪਤਾਲ ਦੇ ਆਈਸੋਲੇਸ਼ਨ ਵਾਰਡ ’ਚ ਤਬਦੀਲ ਕਰ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਕੱਲ੍ਹ ਇੱਕੋ ਦਿਨ ਵਿੱਚ 164 ਕੋਰੋਨਾ ਪਾਜੀਟਿਵ ਮਾਮਲੇ ਸਾਹਮਣੇ ਆਏ ਸਨ; ਜੋ ਹੁਣ ਤੱਕ ਦਾ ਇੱਕ ਵੱਡਾ ਰਿਕਾਰਡ ਹੈ। ਮੀਡੀਆ ਦੇ ਇੱਕ ਵਰਗ ਨੇ ਇਸ ਨੂੰ ‘ਪੰਜਾਬ ’ਚ ਕੋਰੋਨਾ ਬੰਬ’ ਵੀ ਆਖਿਆ ਹੈ। ਕੱਲ੍ਹ ਪਾਏ ਗਏ 164 ਨਵੇਂ ਪਾਜ਼ਿਟਿਵ ਮਰੀਜ਼ਾਂ ਵਿੱਚੋਂ 145 ਤਖ਼ਤ ਸ੍ਰੀ ਹਜ਼ੂਰ ਸਾਹਿਬ ਤੋਂ ਪਰਤੇ ਸ਼ਰਧਾਲੂ ਹਨ। ਕੱਲ੍ਹ ਸ਼ਾਮ ਤੱਕ ਪੰਜਾਬ ਵਿੱਚ ਕੋਰੋਨਾ ਦੇ ਕੁੱਲ ਪਾਜ਼ਿਟਿਵ ਮਰੀਜ਼ਾਂ ਦੀ ਗਿਣਤੀ ਵਧ ਕੇ 544 ਹੋ ਗਈ ਸੀ।