198 Pakistanis stranded : ਕੋਰੋਨਾ ਕਾਰਨ ਦੇਸ਼ ਦੇ ਕਈ ਸੂਬਿਆਂ ਵਿੱਚ ਫਸੇ 198 ਪਾਕਿਸਤਾਨੀ ਨਾਗਰਿਕ ਵੀਰਵਾਰ ਸਵੇਰੇ ਕੌਮਾਂਤਰੀ ਅਟਾਰੀ ਸੜਕ ਸਰਹੱਦ ਤੋਂ ਆਪਣੇ ਵਤਨ ਲਈ ਰਵਾਨਾ ਹੋ ਗਏ। ਇਨ੍ਹਾਂ ਵਿੱਚ ਭਾਰਤੀ ਮੂਲ ਦੀ ਪਾਕਿਸਤਾਨ ‘ਚ ਵਿਆਹੀਆਂ ਹੋਈਆਂ ਕਈ ਔਰਤਾਂ ਵੀ ਸ਼ਾਮਲ ਸਨ। ਅਟਾਰੀ ਸਰਹੱਦ ‘ਤੇ ਤਾਇਨਾਤ ਪ੍ਰੋਟੋਕਾਲ ਅਧਿਕਾਰੀ ਅਰੁਣਪਾਲ ਸਿੰਘ ਮੁਤਾਬਕ ਦੁਪਿਹਰ ਤੱਕ 60 ਤੋਂ ਵੱਧ ਪਾਕਿਸਤਾਨੀ ਸਰਹੱਦ ਪਾਰ ਕਰ ਚੁੱਕੇ ਸਨ। ਪਾਕਿਸਤਾਨ ਜਾਣ ਵਾਲੇ ਸਾਰੇ ਨਾਗਰਿਕਾਂ ਦੀ ਮੈਡੀਕਲ ਜਾਂਚ ਉਨ੍ਹਾਂ ਸ਼ਹਿਰਾਂ ਵਿੱਚ ਹੋ ਚੁੱਕੀ ਹੈ ਜਿਥੇ ਉਹ ਰੁਕੇ ਸਨ। ਅਟਾਰੀ ਸੜਕ ਸਰਹੱਦ ‘ਤੇ ਸਥਿਤ ਆਈ. ਸੀ. ਪੀ. ‘ਚ ਸਾਰੇ ਪਾਕਿਸਤਾਨੀ ਨਾਗਰਿਕਾਂ ਦਾ ਕੋਰੋਨਾ ਟੈਸਟ ਕੀਤਾ ਗਿਆ। ਕਸਟਮ ਅਤੇ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਇਨ੍ਹਾਂ ਦੇ ਦਸਤਾਵੇਜ਼ਾਂ ਤੇ ਸਾਮਾਨ ਦੀ ਡੂੰਘੀ ਜਾਂਚ ਕੀਤੀ।
ਵਤਨ ਵਾਪਸ ਪਰਤਣ ਵਾਲੀਆਂ ਵਿਆਹੁਤਾ ਔਰਤਾਂ ਨੇ ਭਾਰਤੀ ਵਿਦੇਸ਼ ਮੰਤਰਾਲੇ ਦਾ ਸ਼ੁਕਰੀਆ ਅਦਾ ਕੀਤਾ ਜਿਨ੍ਹਾਂ ਨੇ ਕੋਰੋਨਾ ਦੌਰਾਨ ਕੁੜੀਆਂ ਨੂੰ ਸਹੁਰੇ ਘਰ ਜਾਣ ਦੀ ਮਨਜ਼ੂਰੀ ਦਿੱਤੀ ਹੈ। ਉਥੇ ਮੌਜੂਦ ਸਲਮਾ ਨੇ ਦੱਸਿਆ ਕਿ ਉਹ ਆਪਣੇ ਪੇਕੇ ਘਰ ਰਹਿ ਰਹੀ ਸੀ ਪਰ ਉਸ ਦਾ 7 ਸਾਲਾ ਬੇਟਾ ਕਰਾਚੀ ਵਿੱਚ ਸੀ, ਜਿਸ ਕਾਰਨ ਉਹ ਬਹੁਤ ਪ੍ਰੇਸ਼ਾਨ ਸੀ। ਫੋਨ ‘ਤੇ ਗੱਲ ਤਾਂ ਹੋ ਜਾਂਦੀ ਸੀ ਪਰ ਉਹ ਹਮੇਸ਼ਾ ਇਕੋ ਹੀ ਸਵਾਲ ਪੁੱਛਦਾ ਸੀ ਕਿ ਘਰ ਕਦੋਂ ਆਓਗੇ। ਇਸੇ ਤਰ੍ਹਾਂ ਸ਼ਗੁਫਤਾ ਨੇ ਦੱਸਿਆ ਕਿ ਉਹ ਆਪਣੀ ਬੀਮਾਰ ਮਾਂ ਨੂੰ ਮਿਲਣ ਪੇਕੇ ਆਈ ਸੀ ਤੇ 3 ਦਿਨ ਬਾਅਦ ਲੌਕਡਾਊਨ ਲੱਗ ਗਿਆ। ਉਸ ਦਾ ਪਰਿਵਾਰ ਪਾਕਿਸਤਾਨ ਵਿੱਚ ਹੈ ਪਰ ਅੱਜ ਉਸ ਨੂੰ ਵਾਪਸ ਜਾਣ ਦੀ ਕਾਫੀ ਖੁਸ਼ੀ ਹੈ।
ਵਾਪਸ ਪਰਤ ਰਹੇ ਵੱਖ-ਵੱਖ ਵਿਅਕਤੀਆਂ ਨੇ ਆਪਣੀਆਂ ਭਾਵਨਾਵਾਂ ਪ੍ਰਗਟ ਕੀਤੀਆਂ। ਉਥੇ ਮੌਜੂਦ ਅਜਰ ਅੱਬਾ ਨੇ ਦੱਸਿਆ ਕਿ ਉਸ ਦੀ ਵਾਪਸੀ ਦਾ ਟਿਕਟ 19 ਅਪ੍ਰੈਲ ਦਾ ਸੀ ਪਰ ਲੌਕਡਾਊਨ ਕਾਰਨ ਉਹ ਭੋਪਾਲ ਵਿੱਚ ਫਸ ਗਿਆ ਸੀ ਤੇ ਹੁਣ ਉਹ 6 ਮਹੀਨੇ ਬਾਅਦ ਆਪਣੇ ਘਰ ਵਾਪਸ ਜਾ ਰਿਹਾ ਹੈ। ਕਰਾਚੀ ਦੀ ਰਹਿਣ ਵਾਲੀ ਜਹਾਂਗੀਰ ਨੇ ਦੱਸਿਆ ਕਿ ਉਹ ਸਾਢੇ ਤਿੰਨ ਸਾਲ ਬਾਅਦ ਆਪਣੇ ਪੇਕੇ ਆਪਣਾ ਭਾਰਤੀ ਪਾਸਪੋਰਟ ਰਿਨਿਊ ਕਰਵਾਉਣ ਆਈ ਸੀ। ਹੁਣ 6 ਮਹੀਨੇ ਬਾਅਦ ਘਰ ਪਰਤ ਰਹੀ ਹੈ।