2 deaths due : ਜਲੰਧਰ : ਪੰਜਾਬ ‘ਚ ਕੋਰੋਨਾ ਮਹਾਮਾਰੀ ਦਾ ਪ੍ਰਕੋਪ ਲਗਾਤਾਰ ਜਾਰੀ ਹੈ। ਬੁੱਧਵਾਰ ਨੂੰ ਦੁਪਹਿਰ ਤਕ ਜਲੰਧਰ ਜਿਲ੍ਹੇ ‘ਚ 2 ਕੋਰੋਨਾ ਪੀੜਤਾਂ ਦੀ ਮੌਤ ਹੋ ਗਈ ਜਦੋਂ ਕਿ 215 ਹੋਰਨਾਂ ਦੀ ਰਿਪੋਰਟ ਕੋਰੋਨਾ ਪਾਜੀਟਿਵ ਪਾਈ ਗਈ ਹੈ। ਇਸ ਤੋਂ ਇਲਾਵਾ ਪਟਿਆਲਾ ਜਿਲ੍ਹੇ ਦੇ ਸਮਾਣਾ ਹਲਕੇ ਦੇ ਵਿਧਾਇਕ ਰਾਜੇਂਦਰ ਸਿੰਘ ਦੀ ਵੀ ਰਿਪੋਰਟ ਕੋਰੋਨਾ ਪਾਜੀਟਿਵ ਆਈ ਹੈ। ਵਿਧਾਇਕ ਨੇ ਖੁਦ ਹੀ ਸੋਸ਼ਲ ਮੀਡੀਆ ਜ਼ਰੀਏ ਆਪਣੀ ਰਿਪੋਰਟ ਪਾਜੀਟਿਵ ਆਉਣ ਬਾਰੇ ਜਾਣਕਾਰੀ ਦਿੱਤੀ।
ਸਿਹਤ ਵਿਭਾਗ ਤੋਂ ਮਿਲੀ ਜਾਣਕਾਰੀ ਮੁਤਾਬਕ ਪਹਿਲੀ ਸੂਚੀ ‘ਚ ਜਲੰਧਰ ਜਿਲ੍ਹੇ ‘ਚ 82 ਮਰੀਜ਼ਾਂ ਦੀ ਰਿਪੋਰਟ ਪਾਜੀਟਿਵ ਆਈ ਹੈ ਤੇ 2 ਮਰੀਜ਼ਾਂ ਦੀ ਮੌਤ ਵੀ ਹੋਈ ਹੈ। ਇਸ ਸੂਚੀ ‘ਚ ਕਰਤਾਰਪੁਰ ‘ਚ ਸਥਿਤ ਇਕ ਬੈਂਕ ਦੀ ਬ੍ਰਾਂਚ ਦੇ 6 ਕਰਮਚਾਰੀ ਵੀ ਸ਼ਾਮਲ ਹਨ। ਇਸ ਤੋਂ ਪਹਿਲਾਂ ਬੀਤੇ ਦਿਨ ਜਲੰਧਰ ‘ਚ 245 ਮਰੀਜ਼ਾਂ ਦੀ ਰਿਪੋਰਟ ਪਾਜੀਟਿਵ ਪਾਈ ਗਈ ਸੀ। ਸਿਹਤ ਵਿਭਾਗ ਤੋਂ ਮਿਲੀ ਜਾਣਕਾਰੀ ਮੁਤਾਬਕ ਮੰਗਲਵਾਰ ਨੂੰ 332 ਲੋਕਾਂ ਦੀ ਰਿਪੋਰਟ ਨੈਗੇਟਿਵ ਪਾਈ ਗਈ ਸੀ ਤੇ 82 ਵਿਅਕਤੀ ਸਿਹਤਯਾਬ ਹੋ ਕੇ ਘਰ ਵਾਪਸ ਪਰਤ ਚੁੱਕੇ ਹਨ। ਕੋਵਿਡ-19 ਦੇ ਸ਼ੁਰੂਆਤੀ ਦੌਰ ‘ਚ ਜਦੋਂ ਜਿਲ੍ਹੇ ‘ਚ ਲੌਕਡਾਊਨ ਲਗਾਇਆ ਗਿਆ ਸੀ ਉਸ ਸਮੇਂ 70 ਦਿਨਾਂ ‘ਚ ਸਿਰਫ 250 ਲੋਕ ਪਾਜੀਟਿਵ ਪਾਏ ਗਏ ਸਨ ਤੇ ਜਿਵੇਂ ਹੀ ਹੁਣ ਸਰਕਾਰ ਵੱਲੋਂ ਅਨਲਾਕ ਸ਼ੁਰੂ ਕੀਤਾ ਗਿਆ ਹੈ ਹੁਣ 100 ਦਿਨਾਂ ‘ਚ 8006 ਮਰੀਜ਼ ਕੋਰੋਨਾ ਪਾਜੀਟਿਵ ਪਾਏ ਗਏ ਹਨ ਤੇ ਕੋਰੋਨਾ ਪੀੜਤਾਂ ਦੀ ਗਿਣਤੀ 8257 ਤਕ ਜਾ ਪੁੱਜੀ ਹੈ।
ਜਲੰਧਰ ‘ਚ ਹੁਣ ਤੱਕ ਕੋਰੋਨਾ ਨਾਲ 217 ਲੋਕਾਂ ਦੀ ਜਾਨ ਜਾ ਚੁੱਕੀ ਹੈ। ਇਸ ਤੋਂ ਇਲਾਵਾ ਸੈਨਾ ਹਸਪਤਾਲ ਤੋਂ 7, ਜਲੰਧਰ ਛਾਉਣੀ ਤੋਂ 8, ਦੀਪ ਨਗਰ ਤੇ ਨਕੋਦਰ ਤੋਂ 5-5 ਲੋਹੀਆਂ, ਭਾਰਗਵ ਕੈਂਪ, ਨੂਰਮਹਿਲ, ਚੀਮਾ ਨਗਰ, ਬੇਅੰਤ ਨਗਰ, ਰਾਮਾ ਮੰਡੀ ਤੇ ਅਰਬਨ ਅਸਟੇਟ ਤੋਂ 3-3 ਲੋਕਾਂ ਦੀ ਰਿਪੋਰਟ ਕੋਰੋਨਾ ਪਾਜੀਟਿਵ ਪਾਈ ਗਈ ਹੈ। ਸਿਹਤ ਵਿਭਾਗ ਦੇ ਨੋਡਲ ਅਫਸਰ ਡਾ. ਟੀ. ਪੀ. ਸਿੰਘ ਨੇ ਕਿਹਾ ਕਿ ਜਿਲ੍ਹੇ ‘ਚ 73026 ਲੋਕਾਂ ਦੇ ਸੈਂਪਲ ਜਾਂਚ ਲਈ ਭੇਜੇ ਜਾ ਚੁੱਕੇ ਹਨ। ਇਨ੍ਹਾਂ ਵਿਚੋਂ 64539 ਦੀ ਰਿਪੋਰਟ ਨੈਗੇਟਿਵ ਆ ਚੁੱਕੀ ਹੈ।