2 Indians flown back: ਤਿਰੂਵਨੰਤਪੁਰਮ: ‘ਵੰਦੇ ਭਾਰਤ ਮਿਸ਼ਨ’ ਦੇ ਤਹਿਤ ਖਾੜੀ ਦੇਸ਼ਾਂ ਤੋਂ ਭਾਰਤ ਆਏ ਦੋ ਵਿਅਕਤੀ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ। ਉਨ੍ਹਾਂ ਵਿਚੋਂ ਇੱਕ ਦੁਬਈ ਤੋਂ ਕੋਜ਼ੀਕੋਡ ਆਇਆ ਸੀ ਅਤੇ ਦੂਜਾ ਅਬੂ ਧਾਬੀ ਤੋਂ ਕੋਚੀ ਆਇਆ ਸੀ । ਕੇਰਲ ਦੇ ਮੁੱਖ ਮੰਤਰੀ ਪਿਨਾਰਈ ਵਿਜਯਨ ਨੇ ਦੱਸਿਆ ਕਿ ਦੋ ਨਵੇਂ ਕੇਸਾਂ ਤੋਂ ਬਾਅਦ ਰਾਜ ਵਿੱਚ ਸੰਕਰਮਿਤ ਮਰੀਜ਼ਾਂ ਦੀ ਕੁੱਲ ਗਿਣਤੀ 505 ਹੋ ਗਈ ਹੈ। ਇਨ੍ਹਾਂ ਵਿੱਚੋਂ 17 ਮਰੀਜ਼ਾਂ ਦਾ ਇਲਾਜ ਚੱਲ ਰਿਹਾ ਹੈ ਤੇ 485 ਲੋਕ ਠੀਕ ਹੋ ਗਏ ਹਨ, ਜਦਕਿ 3 ਲੋਕਾਂ ਦੀ ਮੌਤ ਹੋ ਗਈ ਹੈ।
ਮਿਡਲ ਈਸਟ ਤੋਂ ਉਡਾਣ ਭਰਨ ਵਾਲੇ ਦੋ ਜਹਾਜ਼ 7 ਮਈ ਦੀ ਰਾਤ ਨੂੰ ਕੇਰਲ ਦੇ ਦੋ ਹਵਾਈ ਅੱਡਿਆਂ ‘ਤੇ ਪਹੁੰਚੇ, ਜਿਨ੍ਹਾਂ ਵਿੱਚ ਲਗਭਗ 360 ਯਾਤਰੀ ਸਵਾਰ ਸਨ । ਇਹ ਯਾਤਰੀ ਅਬੂ ਧਾਬੀ ਅਤੇ ਦੁਬਈ ਤੋਂ ਆਪਣੇ ਰਾਜ ਕੇਰਲ ਪਹੁੰਚੇ । ਕੋਵਿਡ-19 ਦੀ ਲਾਗ ਦੇ ਰਾਜ ਦੇ ਮੱਦੇਨਜ਼ਰ ਰਾਜ ਸਰਕਾਰ ਨੇ ਉਨ੍ਹਾਂ ਦੇ ਕੋਰੋਨਾ ਟੈਸਟ ਕਰਵਾਉਣ ਅਤੇ ਉਨ੍ਹਾਂ ਨੂੰ ਕੁਆਰੰਟੀਨ ਸੈਂਟਰ ਵਿਚ ਰੱਖਣ ਦੇ ਪ੍ਰਬੰਧ ਕੀਤੇ ਗਏ । ਅਬੂ ਧਾਬੀ ਤੋਂ ਕੋਚੀ ਜਾਣ ਵਾਲਾ ਜਹਾਜ਼ ਰਾਤ 9.40 ਵਜੇ ਪਹੁੰਚਿਆ, ਤਕਰੀਬਨ 171 ਯਾਤਰੀ ਸਵਾਰ ਸਨ । ਥੋੜ੍ਹੀ ਦੇਰ ਬਾਅਦ ਇੱਕ ਹੋਰ ਜਹਾਜ਼ ਦੁਬਈ ਤੋਂ ਉਡਾਣ ਭਰ ਕੇ 189 ਯਾਤਰੀਆਂ ਨੂੰ ਲੈ ਕੇ ਕੋਜ਼ੀਕੋਡ ਏਅਰਪੋਰਟ ‘ਤੇ ਉਤਰਿਆ ।
ਦੋਵਾਂ ਜਹਾਜ਼ਾਂ ਦੇ ਯਾਤਰੀਆਂ ਨੂੰ ਇੱਕ ਵਿਸ਼ੇਸ਼ ਐਰੋਬ੍ਰਿਜ ਵਿੱਚੋਂ ਲੰਘਣ ਲਈ ਕਿਹਾ ਗਿਆ ਸੀ । ਇਸ ਤੋਂ ਬਾਅਦ ਸਿਹਤ ਅਧਿਕਾਰੀਆਂ ਦੀਆਂ ਟੀਮਾਂ ਨੇ ਇਨ੍ਹਾਂ ਪ੍ਰਵਾਸੀਆਂ ਦੀ ਜਾਂਚ ਕੀਤੀ । ਉਨ੍ਹਾਂ ਨੂੰ ਦੋ ਹਫਤਿਆਂ ਲਈ ਕੁਆਰੰਟੀਨ ਸੈਂਟਰ ਵਿੱਚ ਰਹਿਣ ਤੋਂ ਬਾਅਦ ਘਰ ਜਾਣ ਲਈ ਕਿਹਾ ਗਿਆ ਹੈ।
ਦੱਸ ਦੇਈਏ ਕਿ 7 ਮਈ ਤੋਂ ਭਾਰਤ ਨੇ ਦੁਨੀਆ ਦਾ ਸਭ ਤੋਂ ਵੱਡਾ ਹਵਾਈ ਬਚਾਅ ਕਾਰਜ ਸ਼ੁਰੂ ਕੀਤਾ ਹੈ । ਯੋਜਨਾ ਅਨੁਸਾਰ ਦੋ ਏਅਰਲਾਈਨਾਂ 12 ਦੇਸ਼ਾਂ ਵਿੱਚ ਫਸੇ 14,800 ਭਾਰਤੀਆਂ ਨੂੰ ਵਾਪਸ ਲਿਆਉਣ ਲਈ ਸੱਤ ਦਿਨਾਂ ਵਿੱਚ 64 ਉਡਾਣਾਂ ਚਲਾਉਣਗੀਆਂ । ਇਸ ਦੌਰਾਨ ਕੁੱਲ ਮਿਲਾ ਕੇ 190,000 ਤੋਂ ਵੱਧ ਭਾਰਤੀ ਨਾਗਰਿਕਾਂ ਨੂੰ ਵਾਪਸ ਲਿਆਏ ਜਾਣ ਦੀ ਉਮੀਦ ਹੈ ।