20 Years girl reported Corona : ਚੰਡੀਗੜ੍ਹ ’ਚ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ। ਲਗਭਗ ਹਰ ਰੋਜ਼ ਹੀ ਸ਼ਹਿਰ ’ਚੋਂ ਇਸ ਦੇ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ। ਅੱਜ ਸਵੇਰੇ ਫਿਰ ਸ਼ਹਿਰ ਵਿਚ ਕੋਰੋਨਾ ਦਾ ਇਕ ਮਾਮਲਾ ਸਾਹਮਣੇ ਆਇਆ ਹੈ, ਜਿਥੇ ਬਾਪੂਧਾਮ ਕਾਲੋਨੀ ਦੀ ਰਹਿਣ ਵਾਲੀ ਇਕ 20 ਸਾਲਾ ਮੁਟਿਆਰ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਈ ਹੈ। ਇਸ ਦੇ ਨਾਲ ਹੀ ਚੰਡੀਗੜ੍ਹ ਵਿਚ ਕੋਰੋਨਾ ਪੀੜਤਾਂ ਦੀ ਗਿਣਤੀ ਵਧ ਕੇ 382 ਹੋ ਗਈ ਹੈ। ਰਾਹਤ ਵਾਲੀ ਗੱਲ ਇਹ ਹੈ ਕਿ ਹੁਣ ਤੱਕ ਸ਼ਹਿਰ ਵਿਚੋਂ 315 ਲੋਕਾਂ ਨੂੰ ਕੋਰੋਨਾ ਨੂੰ ਮਾਤ ਦੇਣ ’ਤੇ ਹਸਪਤਾਲੋਂ ਛੁੱਟੀ ਦੇ ਕੇ ਘਰ ਭੇਜ ਦਿੱਤਾ ਗਿਆ ਹੈ। ਬੀਤੇ ਦਿਨ ਵੀ ਨੌ ਲੋਕਾਂ ਨੂੰ ਹਸਪਤਾਲੋਂ ਡਿਸਚਾਰਜ ਕੀਤਾ ਗਿਆ ਹੈ।
ਦੱਸਣਯੋਗ ਹੈ ਕਿ ਬੀਤੇ ਦਿਨ ਵੀ ਸ਼ਹਿਰ ਵਿਚੋਂ ਕੋਰੋਨਾ ਦੇ ਸੱਤ ਮਾਮਲੇ ਸਾਹਮਣੇ ਆਏ ਸਨ। ਇਨ੍ਹਾਂ ਵਿਚ ਸੈਕਟਰ-24 ਵਿਚ ਇਕ 61 ਸਾਲਾ ਬਜ਼ੁਰਗ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਈ ਸੀ। ਉਥੇ ਹੀ ਸੈਕਟਰ 38 ਵਿਚ ਇਕ ਹੀ ਪਰਿਵਾਰ ਦੇ ਪੰਜ ਲੋਕਾਂ ਦੀ ਰਿਪੋਰਟ ਵਿਚ ਕੋਰੋਨਾ ਪਾਜ਼ੀਟਿਵ ਹੋਣ ਦੀ ਪੁਸ਼ਟੀ ਹੋਈ ਸੀ। ਇਹ ਲੋਕ ਮੂਲ ਤੌਰ ’ਤੇ ਅੰਬਾਲਾ ਦੇ ਰਹਿਣ ਵਾਲੇ ਹਨ। ਇਨ੍ਹਾਂ ਲੋਕਾਂ ਵਿਚ 56 ਸਾਲ ਦੀ ਇਕ ਔਰਤ, 30 ਸਾਲ ਦਾ ਵਿਅਕਤੀ, 59 ਸਾਲ ਦਾ ਵਿਅਕਤੀ, 30 ਸਾਲ ਦੀ ਔਰਤ ਅਤੇ 32 ਸਾਲ ਦਾ ਇਕ ਵਿਅਕਤੀ ਸ਼ਾਮਲ ਹੈ. ਅੰਬਾਲਾ ਦੇ ਰਹਿਣ ਵਾਲੇ ਇਸ ਪਰਿਵਾਰ ਦੇ ਬਾਕੀ ਮੈਂਬਰ ਪਹਿਲਾਂ ਤੋਂ ਹੀ ਕੋਰੋਨਾ ਪਾਜ਼ੀਟਿਵ ਸੀ।
ਉਥੇ ਹੀ ਅੱਜ ਮੋਹਾਲੀ ਤੋਂ ਵੀ ਕੋਰੋਨਾ ਦੇ ਪੰਜ ਨਵੇਂ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਨਵੇਂ ਮਾਮਲਿਆਂ ਦੇ ਨਾਲ ਹੀ ਹੁਣ ਮੋਹਾਲੀ ਜ਼ਿਲੇ ਵਿਚ ਕੋਰੋਨਾ ਪੀੜਤਾਂ ਦੀ ਗਿਣਤੀ ਵਧ ਕੇ 213 ਹੋ ਗਈ ਹੈ, ਜਦਕਿ 138 ਮਰੀਜ਼ ਕੋਰੋਨਾ ਨੂੰ ਮਾਤ ਦੇ ਕੇ ਘਰਾਂ ਨੂੰ ਪਰਤ ਚੁੱਕੇ ਹਨ। ਇਸ ਸਮੇਂ ਮੋਹਾਲੀ ਵਿਚ ਕੁਲ ਐਕਟਿਵ ਮਾਮਲੇ 72 ਹਨ, ਜੋਕਿ ਹਸਪਤਾਲ ਵਿਚ ਜ਼ੇਰੇ ਇਲਾਜ ਹਨ। ਦੱਸ ਦੇਈਏ ਕਿ ਮੋਹਾਲੀ ਵਿਚ ਹੁਣ ਤੱਕ ਕੋਰੋਨਾ ਨਾਲ ਤਿੰਨ ਲੋਕਾਂ ਦੀ ਮੌਤ ਹੋ ਚੁੱਕੀ ਹੈ।