4 more Covid-19 patients : ਪੂਰਾ ਵਿਸ਼ਵ ਕੋਰੋਨਾ ਵਿਰੁੱਧ ਆਪਣੀ ਜੰਗ ਲੜ ਰਿਹਾ ਹੈ। ਪੰਜਾਬ ਦੇ ਹਰੇਕ ਜਿਲ੍ਹੇ ਵਿਚ ਕੋਰੋਨਾ ਵਾਇਰਸ ਦੇ ਕੇਸ ਦਿਨੋ-ਦਿਨ ਵਧ ਰਹੇ ਹਨ। ਅੱਜ ਜਿਲ੍ਹਾ ਫਤਿਹਗੜ੍ਹ ਸਾਹਿਬ ਤੋਂ 4 ਹੋਰ ਕੋਰੋਨਾ ਪਾਜੀਟਿਵ ਕੇਸਾਂ ਦੀ ਪੁਸ਼ਟੀ ਹੋਈ ਹੈ। ਇਹ ਕੇਸ ਖਮਾਣੋਂ, ਸਹਿਜਾਦਪੁਰ, ਕੋਟਲਾ ਤੇ ਬਹਿਰਾਮਪੁਰ ਤੋਂ ਹਨ। ਇਨ੍ਹਾਂ ਸਾਰੇ ਮਰੀਜਾਂ ਨੂੰ ਇਲਾਜ ਲਈ ਗਿਆਨ ਸਾਗਰ ਹਸਪਤਾਲ ਵਿਚ ਭੇਜਿਆ ਗਿਆ ਹੈ। ਇਸ ਤਰ੍ਹਾਂ ਫਤਿਹਗੜ੍ਹ ਸਾਹਿਬ ਤੋਂ ਕੋਰੋਨਾ ਪੀੜਤਾਂ ਦੀ ਗਿਣਤੀ 23 ਹੋ ਗਈ ਹੈ, ਇਸ ਤੋਂ ਪਹਿਲਾਂ ਇਥੇ 3 ਕੇਸ ਕੋਵਿਡ-19 ਸਨ ਜਿਨ੍ਹਾਂ ਵਿਚੋਂ 2 ਠੀਕ ਹੋ ਕੇ ਘਰ ਚਲੇ ਗਏ ਹਨ। ਇਹ ਜਾਣਕਾਰੀ ਸਿਵਲ ਸਰਜਨ ਐੱਨ. ਕੇ. ਅਗਰਵਾਲ ਨੇ ਦਿੱਤੀ।
ਇਸੇ ਤਰ੍ਹਾਂ ਮਾਛੀਵਾੜਾ ਵਿਚ ਇਕ ਕਿਸਾਨ ਦੇ ਕੋਰੋਨਾ ਪਾਜੀਟਿਵ ਦਾ ਕੇਸ ਆਇਆ ਹੈ। ਪਤਾ ਲੱਗਾ ਹੈ ਕਿ ਉਸ ਦੀ ਕੋਈ ਟ੍ਰੈਵਲ ਹਿਸਟਰੀ ਨਹੀਂ ਹੈ। ਉਸ ਨੂੰ ਸਾਹ ਲੈਣ ਵਿਚ ਤਕਲੀਫ ਸੀ। ਜਦੋਂ ਉਸ ਨੇ ਡਾਕਟਰ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਉਸ ਦੇ ਨੱਕ ਦੀ ਹੱਡੀ ਵਧ ਗਈ ਹੈ ਜਿਸ ਕਾਰਨ ਉਸ ਨੂੰ ਸਾਹ ਲੈਣ ਵਿਚ ਮੁਸ਼ਕਲ ਹੋ ਰਹੀ ਹੈ। ਕਿਸਾਨ ਆਪਣੇ ਨੱਕ ਦਾ ਆਪ੍ਰੇਸਨ ਕਰਵਾਉਣ ਲਈ SBS ਨਗਰ ਦੇ ਹਸਪਤਾਲ ਵਿਖੇ ਪਹੁੰਚਿਆ ਜਿਥੇ ਆਪ੍ਰੇਸ਼ਨ ਤੋਂ ਪਹਿਲਾਂ ਉਸ ਦਾ ਕੋਰੋਨਾ ਟੈਸਟ ਕੀਤਾ ਗਿਆ ਤਾਂ ਉਸ ਦੀ ਰਿਪੋਰਟ ਪਾਜੀਟਿਵ ਆਈ। ਚਿੰਤਾ ਵਾਲੀ ਗੱਲ ਇਹ ਹੈ ਕਿ ਟੈਸਟ ਤੋਂ ਬਾਅਦ ਵਾਪਸ ਇਹ ਆਪਣੇ ਪਿੰਡ ਆ ਗਿਆ ਤੇ ਕਈ ਲੋਕਾਂ ਦੇ ਸੰਪਰਕ ਵਿਚ ਵੀ ਆਇਆ। ਪ੍ਰਸ਼ਾਸਨ ਇਸ ਕਾਰਨ ਵੀ ਦੁਚਿੱਤੀ ਵਿਚ ਹੈ ਕਿ ਕਿਸਾਨ ਦੀ ਕੋਈ ਟ੍ਰੈਵਲ ਹਿਸਟਰੀ ਵੀ ਨਹੀਂ ਸੀ ਫਿਰ ਆਖਿਰ ਉਸ ਨੂੰ ਕੋਰੋਨਾ ਕਿਵੇਂ ਹੋਇਆ। ਕਿਸਾਨ ਦੇ ਕੋਰੋਨਾ ਪਾਜੀਟਿਵ ਆਉਣ ਨਾਲ ਲੋਕਾਂ ਵਿਚ ਡਰ ਦਾ ਮਾਹੌਲ ਬਣਿਆ ਹੋਇਆ ਹੈ।
ਸਿਹਤ ਵਿਭਾਗ ਦੀ ਟੀਮ ਵਲੋਂ ਕਿਸਾਨ ਨੂੰ ਹਸਪਤਾਲ ਵਿਚ ਇਲਾਜ ਅਧੀਨ ਦਾਖਲ ਕਰਵਾ ਦਿੱਤਾ ਗਿਆ ਹੈ ਤੇ ਉਨ੍ਹਾਂ ਲੋਕਾਂ ਦਾ ਪਤਾ ਲਗਾਏ ਜਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਨ੍ਹਾਂ ਦੇ ਸੰਪਰਕ ਵਿਚ ਇਹ ਕਿਸਾਨ ਆਇਆ ਸੀ ਤੇ ਕਿਸਾਨ ਦੇ ਪਰਿਵਾਰਕ ਮੈਂਬਰਾਂ ਨੂੰ ਏਕਾਂਤਵਾਸ ਵਿਚ ਰੱਖਿਆ ਗਿਆ ਹੈ।