60 year old man reaches Tikri border : ਨਵੀਂ ਦਿੱਲੀ: ਦਿੱਲੀ ਦੇ ਵੱਖ-ਵੱਖ ਬਾਰਡਰ ‘ਤੇ ਕਿਸਾਨ ਪਿਛਲੇ 23 ਦਿਨਾਂ ਤੋਂ ਅੰਦੋਲਨ ਵਿੱਚ ਡਟੇ ਹੋਏ ਹਨ ਅਤੇ ਤਿੰਨ ਨਵੇਂ ਖੇਤੀ ਕਾਨੂੰਨਾਂ ਨੂੰ ਵਾਪਿਸ ਲੈਣ ਦੀ ਮੰਗ ‘ਤੇ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ। ਉਨ੍ਹਾਂ ਨੂੰ ਹਰ ਜਗ੍ਹਾ ਤੋਂ ਸਮਰਥਨ ਮਿਲ ਰਿਹਾ ਹੈ। ਬਿਹਾਰ ਦੇ ਸਿਵਾਨ ਜ਼ਿਲ੍ਹੇ ਦੇ ਵਸਨੀਕ 60 ਸਾਲਾ ਸੱਤਿਆਦੇਵ ਮਾਂਝੀ 11 ਦਿਨਾਂ ਤਕ ਲਗਾਤਾਰ ਸਾਈਕਲ ਚਲਾਉਂਦੇ ਹੋਏ 1000 ਕਿਲੋਮੀਟਰ ਦੀ ਦੂਰੀ ‘ਤੇ ਦਿੱਲੀ-ਹਰਿਆਣਾ ਬਾਰਡਰ ਦੇ ਟਿਕਰੀ ਬਾਰਡਰ ‘ਤੇ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਨੂੰ ਆਪਣਾ ਸਮਰਥਨ ਦੇਣ ਪਹੁੰਚੇ ਹਨ ।
ਮਾਂਝੀ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਕਿਸਾਨ ਹਿੱਤਾਂ ਦੇ ਮੱਦੇਨਜ਼ਰ ਤਿੰਨ ਨਵੇਂ ਖੇਤੀ ਕਾਨੂੰਨ ਵਾਪਸ ਲੈਣ। ਮਾਂਝੀ ਨੇ ਕਿਹਾ, “ਮੇਰੇ ਗ੍ਰਹਿ ਜ਼ਿਲ੍ਹਾ ਸਿਵਾਨ ਤੋਂ ਇਥੇ ਪਹੁੰਚਣ ਵਿਚ ਮੈਨੂੰ 11 ਦਿਨ ਲੱਗ ਗਏ। ਮੈਂ ਸਰਕਾਰ ਨੂੰ ਤਿੰਨੋਂ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦੀ ਬੇਨਤੀ ਕੀਤੀ ਹੈ। ਅੰਦੋਲਨ ਖ਼ਤਮ ਹੋਣ ਤੱਕ ਮੈਂ ਇਥੇ ਰਹਾਂਗਾ।”
ਦੱਸ ਦੇਈਏ ਕਿ 26 ਨਵੰਬਰ ਤੋਂ ਕੌਮੀ ਰਾਜਧਾਨੀ ਦੀਆਂ ਵੱਖ-ਵੱਖ ਸਰਹੱਦਾਂ ‘ਤੇ ਕਿਸਾਨ ਲਗਾਤਾਰ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ। ਉਹ ਕੇਂਦਰ ਸਰਕਾਰ ਤੋਂ ਤਿੰਨੋਂ ਨਵੇਂ ਖੇਤੀਬਾੜੀ ਕਾਨੂੰਨਾਂ ਨੂੰ ਵਾਪਸ ਲੈਣ ਦੀ ਮੰਗ ‘ਤੇ ਅੜੇ ਹੋਏ ਹਨ। ਕਿਸਾਨ ਜੱਥੇਬੰਦੀਆਂ ਅਤੇ ਕੇਂਦਰ ਸਰਕਾਰ ਦਰਮਿਆਨ ਗੱਲਬਾਤ ਦੇ ਪੰਜ ਦੌਰ ਦੀ ਗੱਲਬਾਤ ਹੋਈ ਹੈ, ਜੋਕਿ ਬੇਸਿੱਟਾ ਰਹੀ ਹੈ। ਕਈ ਕਿਸਾਨਾਂ ਦੀ ਇਸ ਅੰਦੋਲਨ ਵਿੱਚ ਜਾਨ ਜਾ ਰਹੀ ਹੈ, ਜਿਸ ਦੇ ਚੱਲਦਿਆਂ ਉਨ੍ਹਾਂ ਦੇ ਪਰਿਵਾਰ ਅੰਦੋਲਨ ‘ਚ ਬੈਠੇ ਕਿਸਾਨਾਂ ਲਈ ਚਿੰਤਤ ਹੋ ਰਹੇ ਹਨ। ਉਥੇ ਕੇਂਦਰ ਦੇ ਇਸ ਅੜੀਅਲ ਵਤੀਰੇ ਦੇ ਚੱਲਦਿਆਂ ਹਰਿਆਣਾ ਦੇ ਕਰਨਾਲ ਦੇ ਸੰਤ ਬਾਬਾ ਰਾਮ ਸਿੰਘ ਨੇ ਆਪਣੀ ਜਾਨ ਦੇ ਦਿੱਤੀ, ਜਿਸ ਨਾਲ ਅੰਦੋਲਨ ‘ਚ ਡਟੇ ਕਿਸਾਨ ਵੀ ਹਿਲ ਗਏ। ਠੰਡ ਕਾਰਨ ਵੀ ਅੰਦੋਲਨ ਵਿੱਚ ਕਿਸਾਨਾਂ ਨੂੰ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਰ ਕੇਂਦਰ ਸਰਕਾਰ ਆਪਣਾ ਫੈਸਲਾ ਨਹੀਂ ਬਦਲ ਰਹੀ ਹੈ।