62 cases of corona : ਕੋਰੋਨਾ ਵਾਇਰਸ ਕਾਰਨ ਪੂਰੇ ਪੰਜਾਬ ਵਿਚ ਖੌਫ ਦਾ ਮਾਹੌਲ ਬਣਿਆ ਹੋਇਆ ਹੈ। ਆਏ ਦਿਨ ਇਸ ਦੇ ਮਰੀਜਾਂ ਦੀ ਗਿਣਤੀ ਵਧ ਰਹੀ ਹੈ। ਨਵਾਂਸ਼ਹਿਰ ਜਿਹੜਾ ਕੋਰੋਨਾ ਮੁਕਤ ਹੋ ਗਿਆ ਸੀ, ਉਥੇ ਅੱਜ ਦੁਬਾਰਾ 62 ਵਿਅਕਤੀਆਂ ਦੀ ਰਿਪੋਰਟ ਕੋਰੋਨਾ ਪਾਜੀਟਿਵ ਆਈ ਹੈ। ਇਨ੍ਹਾਂ ਵਿਚੋਂ ਜਿਆਦਾਤਰ ਲੋਕ ਬਲਾਚੌਰ ਖੇਤਰ ਦੇ ਰਹਿਣ ਵਾਲੇ ਹਨ। ਇਨ੍ਹਾਂ 62 ਵਿਅਕਤੀਆਂ ਦੀ ਰਿਪੋਰਟ ਪਾਜੀਟਿਵ ਆਉਣ ਨਾਲ ਨਵਾਂਸ਼ਹਿਰ ਵਿਖੇ ਕੁੱਲ ਕੋਰੋਨਾ ਪਾਜੀਟਿਵ ਮਰੀਜਾਂ ਦੀ ਗਿਣਤੀ 66 ਹੋ ਗਈ ਹੈ।
ਮਿਲੀ ਜਾਣਕਾਰੀ ਮੁਤਾਬਕ ਇਹ ਲੋਕ ਮਹਾਰਾਸ਼ਟਰ ਵਿਖੇ ਇਕ ਕਾਟਨ ਦੀ ਫੈਕਟਰੀ ਵਿਚ ਕੰਮ ਕਰਦੇ ਸਨ। ਉਨ੍ਹਾਂ ਨੂੰ ਵਾਪਸ ਬੁਲਾਉਣ ਲਈ ਸ਼ਰਧਾਲੂ ਬਣਾ ਕੇ ਤਖਤ ਸ੍ਰੀ ਹਜੂਰ ਸਾਹਿਬ ਗੁਰਦੁਆਰੇ ਵਿਖੇ ਪਹੁੰਚਾਇਆ ਗਿਆ। ਇਹ ਸਾਰੇ ਸ਼ਰਧਾਲੂ ਬਣ ਕੇ ਬੱਸਾਂ ਰਾਹੀਂ ਇਥੇ ਪਹੁੰਚੇ ਹਨ ਤੇ ਇਨ੍ਹਾਂ ਸਾਰਿਆਂ ਦੀਆਂ ਰਿਪੋਰਟਾਂ ਟੈਸਟ ਲਈ ਭੇਜੀਆਂ ਗਈਆਂ ਸਨ। ਅੱਜ ਇਨ੍ਹਾਂ ਵਿਚੋਂ 62 ਲੋਕਾਂ ਦੀ ਰਿਪੋਰਟ ਪਾਜੀਟਿਵ ਆਉਣ ਨਾਲ ਪ੍ਰਸ਼ਾਸਨ ਵਿਚ ਹੜਕੰਪ ਮਚ ਗਿਆ ਹੈ। ਇਨ੍ਹਾਂ ਵਿਅਕਤੀਆਂ ਨੂੰ ਬਲਾਚੌਰ ਦੇ ਰਿਆਤ ਕੈਂਪਸ ਵਿਖੇ ਰੱਖਿਆ ਗਿਆ ਹੈ। ਇਹ ਜਾਣਕਾਰੀ ਸਿਵਲ ਸਰਜਨ ਰਾਜਿੰਦਰ ਪ੍ਰਸਾਦ ਭਾਟੀਆ ਵਲੋਂ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਨਵਾਂਸ਼ਹਿਰ ਵਿਚ ਲਗਭਗ 130 ਲੋਕ ਸ੍ਰੀ ਹਜੂਰ ਸਾਹਿਬ ਤੋਂ ਵਾਪਸ ਪਰਤੇ ਸਨ। ਇਨ੍ਹਾਂ ਸਾਰਿਆਂ ਦੀ ਸੈਂਪਲ ਟੈਸਟ ਲਈ ਭੇਜੇ ਗਏ ਸਨ ਜਿਨ੍ਹਾਂ ਵਿਚੋਂ 62 ਲੋਕਾਂ ਦੀ ਰਿਪੋਰਟ ਪਾਜੀਟਿਵ ਆਈ ਹੈ ਤੇ 8 ਲੋਕਾਂ ਦੀ ਰਿਪੋਰਟ ਅਜੇ ਪੈਂਡਿੰਗ ਹੈ।