9 mobile phones : ਪਟਿਆਲਾ ਦੀ ਕੇਂਦਰੀ ਜੇਲ੍ਹ ‘ਚ ਅੱਜ ਪਾਬੰਦੀਸ਼ੁਦਾ ਚੀਜ਼ਾਂ ਬਰਾਮਦ ਹੋਈਆਂ ਜਿਸ ਵਿੱਚ 9 ਮੋਬਾਇਲ ਫ਼ੋਨ, ਚਾਰਜਰ, ਡਾਟਾ ਕੇਬਲ, ਈਅਰਫੋਨ, ਪੈਨ ਡਰਾਈਵ, ਤੰਬਾਕੂ ਤੇ ਸਿਗਰੇਟ ਦੇ ਪੈਕੇਟ ਸ਼ਾਮਲ ਹਨ। ਇਹ ਸਾਰੀਆਂ ਚੀਜ਼ਾਂ ਇੱਕ ਪੈਕੇਟ ਬਣਾ ਕੇ ਜੇਲ੍ਹ ਵਿੱਚ ਸੁੱਟੇ ਗਏ ਸਨ। ਇਸ ਪੈਕੇਟ ਨੂੰ ਇੱਕ ਕੈਦੀ ਚੁੱਕ ਰਿਹਾ ਸੀ। ਇਹ ਕੈਦੀ ਖੁਸ਼ਪ੍ਰੀਤ ਸਿੰਘ ਉਰਫ ਖੁਸ਼ੀ ਹੈ।
ਇਸ ਦੀ ਜਾਣਕਾਰੀ ਦਿੰਦਿਆਂ ਕੇਂਦਰੀ ਜੇਲ੍ਹ ਪਟਿਆਲਾ ਦੇ ਸੁਪਰਡੈਂਟ ਸ਼ਿਵਰਾਜ ਸਿੰਘ ਨੰਦਗੜ੍ਹ ਨੇ ਦੱਸਿਆ ਕਿ ਜੇਲ੍ਹ ਸਟਾਫ਼ ਅੱਜ ਸਵੇਰੇ ਗਸ਼ਤ ਕਰ ਰਹੇ ਸਨ, ਕਿ ਸਵੇਰੇ ਇਕ ਕੈਦੀ ਕੁਝ ਪੈਕੇਟ ਚੁੱਕਦਾ ਦਿਖਾਈ ਦਿੱਤਾ, ਜਿਸ ਕੋਲ ਇਕ ਬੈਗ ਵੀ ਸੀ। ਉਹ ਗਸ਼ਤ ਪਾਰਟੀ ਨੂੰ ਦੇਖ ਕੇ ਘਬਰਾ ਕੇ ਜਦ ਦੌੜਨ ਲੱਗਾ ਪਰ ਜੇਲ੍ਹ ਅਧਿਕਾਰੀਆਂ ਨੇ ਉਸ ਨੂੰ ਫੜ ਲਿਆ ਅਤੇ ਉਸ ਦੀ ਤਲਾਸ਼ੀ ਲਈ, ਜਿਸ ਦੌਰਾਨ 5 ਪੈਕੇਟ ਉਸ ਕੋਲੋਂ ਮਿਲੇ ਜਿਨ੍ਹਾਂ ਵਿੱਚ 3 ਟੱਚ ਮੋਬਾਇਲ ਫ਼ੋਨ, 6 ਕੀ ਪੈਡ ਫ਼ੋਨ, 4 ਚਾਰਜਰ, 9 ਡਾਟਾ ਕੇਬਲ, 4 ਈਅਰਫੋਨ, 1 ਪੈਨ ਡਰਾਈਵ, 19 ਪੈਕਟ ਤੰਬਾਕੂ ਅਤੇ 2 ਸਿਗਰੇਟ ਦੇ ਪੈਕੇਟ ਸਨ।
ਪੁੱਛ-ਗਿੱਛ ਦੌਰਾਨ ਖੁਸ਼ਪ੍ਰੀਤ ਸਿੰਘ ਨੇ ਦੱਸਿਆ ਕਿ ਦੱਸਿਆ ਇਹ ਸਾਮਾਨ ਉਸ ਦੇ ਨਾਲ ਹੀ ਜੇਲ੍ਹ ਵਿੱਚ ਬੰਦ ਤਿੰਨ ਹਵਾਲਾਤੀ ਗੁਰਦੀਪ ਸਿੰਘ ਉਰਫ਼ ਡੋਗਰ, ਵਿਕਰਮਜੀਤ ਸਿੰਘ ਉਰਫ਼ ਵਿਕੀ, ਸਿਕੰਦਰ ਸਿੰਘ ਨੇ ਬਾਹਰੋਂ ਆਪਣੇ ਭਰਾ ਮਨਪ੍ਰੀਤ ਸਿੰਘ ਵਾਸੀ ਪਿੰਡ ਸ਼ੰਭੂ ਖੁਰਦ, ਮਨਦੀਪ ਗਿੱਲ ਪਿੰਡ ਖੈਰਪੁਰ (ਨੇੜੇ ਬੀਰਪੁਰ) ਅਤੇ ਵਿਰਕ ਸਮਾਣਾ ਕੋਲੋ ਸੁਟਵਾਇਆ ਸੀ। ਉਨ੍ਹਾਂ ਅੱਗੇ ਦੱਸਿਆ ਕਿ ਜੇਲ ਵਿੱਚ ਤਲਾਸ਼ੀ ਦੌਰਾਨ 2 ਟੱਚ ਮੋਬਾਇਲ ਫ਼ੋਨ, 1 ਛੋਟਾ ਮੋਬਾਇਲ ਫ਼ੋਨ ਅਤੇ 1 ਅੱਧਸੜਿਆ ਮੋਬਾਇਲ ਫ਼ੋਨ ਜਿਸ ਵਿੱਚ ਸਿਮ ਕਾਰਡ ਵੀ ਸੀ, ਬਰਾਮਦ ਕੀਤਾ ਗਿਆ ਹੈ। ਇਸ ਸੰਬੰਧੀ ਮੁਕੱਦਮਾ ਕਰਜ ਕਰ ਲਿਆ ਗਿਆ ਹੈ ਅਤੇ ਜਿਨ੍ਹਾਂ ਲੋਕਾਂ ਵੱਲੋਂ ਬਾਹਰੋਂ ਪੈਕੇਟ ਸੁੱਟਿਆ ਗਿਆ ਸੀ ਉਨ੍ਹਾਂ ਖਿਲਾਫ ਵੀ ਕਾਰਵਾਈ ਕੀਤੀ ਜਾਵੇਗੀ।