Accused arrested in Mandi : ਬੀਤੀ 17 ਮਾਰਚ ਨੂੰ ਪ੍ਰਦੀਪ ਸਟੀਲ ਐਂਡ ਐਗਰੋ ਇੰਡਸਟਰੀਜ਼ ਨੇੜੇ ਪ੍ਰਿੰਸ ਕੰਡਾ, ਅਮਲੋਹ ਰੋਡ, ਮੰਡੀ ਗੋਬਿੰਦਗੜ੍ਹ ਦੇ ਦਫ਼ਤਰ ਵਿੱਚੋਂ ਹੋਈ 28 ਲੱਖ ਰੁਪਏ ਦੀ ਚੋਰੀ ਦੇ ਕੇਸ ਸਬੰਧੀ ਜ਼ਿਲ੍ਹਾ ਪੁਲੀਸ ਨੇ ਮੁਲਜ਼ਮ ਹਰਵਿੰਦਰ ਸਿੰਘ ਉਰਫ਼ ਕਾਲਾ, ਵਾਸੀ ਸੈਕਟਰ 21 ਬੀ, ਗਾਂਧੀ ਨਗਰ, ਮੰਡੀ ਗੋਬਿੰਦਗੜ੍ਹ ਨੂੰ ਗ੍ਰਿਫ਼ਤਾਰ ਕਰ ਕੇ ਉਸ ਪਾਸੋਂ 10 ਲੱਖ ਰੁਪਏ ਅਤੇ ਚੋਰੀ ਦੀ ਘਟਨਾ ਦੌਰਾਨ ਵਰਤਿਆ ਗਿਆ ਮੋਟਰਸਾਈਕਲ ਵੀ ਬਰਾਮਦ ਕੀਤਾ ਹੈ। ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪੁਲਿਸ ਮੁਖੀ ਸ਼੍ਰੀਮਤੀ ਅਮਨੀਤ ਕੌਂਡਲ ਨੇ ਦੱਸਿਆ ਕਿ ਹਰਵਿੰਦਰ ਦੇ ਦੂਜੇ ਸਾਥੀ ਧੀਰਜ ਕੁਮਾਰ ਵਾਸੀ ਗਿਰਹੀਆ, ਧਾਣਾ ਨਿਸਲੋਲ, ਜ਼ਿਲ੍ਹਾ ਮਹਿਰਾਜਗੰਜ, ਯੂ.ਪੀ. ਦੀ ਭਾਲ ਜਾਰੀ ਹੈ। ਮੁਲਜ਼ਮ ਹਰਵਿੰਦਰ ਸਿੰਘ ਨੂੰ ਅੱਜ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।
ਜ਼ਿਲ੍ਹਾ ਪੁਲਿਸ ਮੁਖੀ ਅਮਨੀਤ ਕੌਂਡਲ ਨੇ ਦੱਸਿਆ ਕਿ ਐੱਸ.ਪੀ. (ਡੀ) ਹਰਪਾਲ ਸਿੰਘ ਦੀ ਅਗਵਾਈ ਵਿੱਚ ਡੀ.ਐੱਸ.ਪੀ. ਜਸਵਿੰਦਰ ਸਿੰਘ ਟਿਵਾਣਾ ਨੇ ਇਸ ਕੇਸ ਸਬੰਧੀ ਤਫਤੀਸ਼ ਅਮਲ ਵਿੱਚ ਲਿਆਂਦੀ, ਜਿਨ੍ਹਾਂ ਦੀ ਨਿਗਰਾਨੀ ਹੇਠ ਇਸੰਪੈਕਟਰ ਭੁਪਿੰਦਰ ਸਿੰਘ, ਇੰਚਾਰਜ ਸੀ.ਆਈ.ਏ. ਸਟਾਫ਼, ਸਰਹਿੰਦ ਅਤੇ ਇੰਸਪੈਕਟਰ ਮਹਿੰਦਰ ਸਿੰਘ, ਮੁੱਖ ਥਾਣਾ ਅਫ਼ਸਰ, ਮੰਡੀ ਗੋਬਿੰਦਗੜ੍ਹ ਦੀ ਅਗਵਾਈ ਵਿੱਚ ਐੱਸ.ਈ. ਨਰਿੰਦਰ ਸਿੰਘ ਅਤੇ ਏ.ਐੱਸ.ਈ. ਜਗਦੀਪ ਸਿੰਘ ਵੱਲੋਂ ਸਮੇਤ ਪੁਲਿਸ ਪਾਰਟੀ ਕਾਰਵਾਈ ਕਰਦੇ ਹੋਏ ਮੁਲਜ਼ਮ ਹਰਵਿੰਦਰ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ। ਕੌਂਡਲ ਨੇ ਦੱਸਿਆ ਕਿ ਮੁਲਜ਼ਮ ਹਰਵਿੰਦਰ ਸਿੰਘ ਖ਼ਿਲਾਫ਼ ਐੱਨ.ਡੀ.ਪੀ.ਸੀ. ਐਕਟ ਸਮੇਤ ਵੱਖ-ਵੱਖ ਧਾਰਾਵਾਂ ਤਹਿਤ ਚਾਰ ਕੇਸ, ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਵਿਖੇ 03 ਕੇਸ ਅਤੇ ਜ਼ਿਲ੍ਹਾ ਲੁਧਿਆਣਾ ਵਿਖੇ 01 ਕੇਸ, ਦਰਜ ਹਨ। ਇਸੇ ਤਰ੍ਹਾਂ ਮੁਲਜ਼ਮ ਧੀਰਜ ਕੁਮਾਰ ਖ਼ਿਲਾਫ਼ ਇਸ ਤੋਂ ਪਹਿਲਾਂ ਮੰਡੀ ਗੋਬਿੰਦਗੜ੍ਹ ਵਿਖੇ 02 ਕੇਸ ਦਰਜ ਹਨ।
ਕੌਂਡਲ ਨੇ ਦੱਸਿਆ ਕਿ ਪ੍ਰਦੀਪ ਸਟੀਲ ਐਂਡ ਐਗਰੋ ਇੰਡਸਟਰੀਜ਼ ਨੇੜੇ ਪ੍ਰਿੰਸ ਕੰਡਾ, ਅਮਲੋਹ ਰੋਡ, ਮੰਡੀ ਗੋਬਿੰਦਗੜ੍ਹ ਦੇ ਦਫ਼ਤਰ ਵਿੱਚੋਂ ਇਕ ਵਿਅਕਤੀ ਅਲਮਾਰੀ ਤੋੜ ਕੇ 28 ਲੱਖ ਰੁਪਏ ਚੋਰੀ ਕਰ ਕੇ ਆਪਣੇ ਸਾਥੀ ਨਾਲ ਮੋਟਰਸਾਈਕਲ ‘ਤੇ ਫ਼ਰਾਰ ਹੋ ਗਿਆ ਸੀ। ਇਸ ਸਬੰਧੀ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਥਾਣਾ ਮੰਡੀ ਗੋਬਿੰਦਗੜ੍ਹ ਵਿਖੇ ਦਰਜ ਕੀਤਾ ਗਿਆ ਸੀ।