After medical examination : 179 ਪਾਕਿਸਤਾਨੀ ਜਿਹੜੇ ਭਾਰਤ ਵਿਚ ਕਿਸੇ ਨਾ ਕਿਸੇ ਵਿਆਹ ਸਮਾਰੋਹ ਵਿਚ ਸ਼ਾਮਲ ਹੋਣ ਲਈ ਆਏ ਸਨ, ਲੌਕਡਾਊਨ ਕਾਰਨ ਇਥੇ ਹੀ ਫਸ ਗਏ ਉਨ੍ਹਾਂ ਨੂੰ ਹੁਣ ਅਟਾਰੀ-ਵਾਹਗਾ ਬਾਰਡਰ ਦੇ ਰਸਤੇ ਵਾਪਸ ਭੇਜ ਦਿੱਤਾ ਗਿਆ ਹੈ। ਬੁੱਧਵਾਰ ਸਵੇਰੇ ਹੀ ਕੌਮਾਂਤਰੀ ਅਟਾਰੀ ਸੜਕ ਸਰਹੱਦ ‘ਤੇ ਪਾਕਸਿਤਾਨੀ ਨਾਗਰਿਕ ਪਹੁੰਚਣ ਲੱਗੇ ਸਨ। ਪਾਕਿਸਤਾਨ ਸਰਕਾਰ ਦੀ ਬੇਨਤੀ ‘ਤੇ ਛੱਤੀਸਗੜ੍ਹ, ਗੁਜਰਾਤ, ਮੱਧ ਪ੍ਰਦੇਸ, ਮਹਾਰਾਸਟਰ, ਪੰਜਾਬ, ਰਾਜਸਥਾਨ, ਦਿੱਲੀ, ਉੱਤਰ ਪ੍ਰਦੇਸ਼, ਉਤਰਾਖੰਡ ਸਮੇਤ ਮਹਾਰਾਸ਼ਟਰ ਵਿਖੇ ਵੱਖ-ਵੱਖ ਰਾਜਾਂ ਵਿਚ ਫਸੇ ਪਾਕਿਸਤਾਨੀ ਨਾਗਰਿਕਾਂ ਨੂੰ ਅਟਾਰੀ ਸਰਹੱਦ ‘ਤੇ ਪਹੁੰਚਾਇਆ ਗਿਆ।
ਦਿੱਲੀ ਸਥਿਤ ਪਾਕਿਸਤਾਨੀ ਦੂਤਘਰ ਨੇ ਇਨ੍ਹਾਂ ਨਾਗਰਿਕਾਂ ਦੀ ਸੂਚੀ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਭੇਜੀ ਸੀ ਜਿਸ ਤੋਂ ਬਾਅਦ ਇਹ ਸੂਚੀ ਆਈ. ਸੀ. ਪੀ. ਵਿਚ ਤਾਇਨਾਤ ਇਮੀਗ੍ਰੇਸ਼ਨ ਅਧਿਕਾਰੀਆਂ ਕੋਲ ਪੁੱਜੀ। ਆਈ. ਸੀ. ਪੀ. ਵਿਚ ਤਾਇਨਾਤ ਮੈਡੀਕਲ ਟੀਮ ਨੇ ਇਨ੍ਹਾਂ ਯਾਤਰੀਆਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜੋ ਯਾਤਰੀ ਜਾਂਚ ਕਰਵਾ ਚੁੱਕੇ ਹਨ, ਉਨ੍ਹਾਂ ਨੂੰ ਵਿਸ਼ੇਸ਼ ਸੁਰੱਖਿਆ ਅਧੀਨ ਅਟਾਰੀ ਸਰਹੱਦ ‘ਤੇ ਪਹੁੰਚਾਇਆ ਜਾ ਰਿਹਾ ਹੈ। BSF ਦੇ ਜਵਾਨ ਕੋਰੋਨਾ ਵਾਇਰਸ ਤੋਂ ਬਚਾਅ ਲਈ ਤੈਅ ਮਾਪਦੰਡਾਂ ਦਾ ਪਾਲਣ ਕਰਦੇ ਹੋਏ ਉਨ੍ਹਾਂ ਦੇ ਦਸਤਾਵੇਜ਼ਾਂ ਦੀ ਜਾਂਚ ਕਰ ਰਹੇ ਹਨ। ਪਾਕਿਸਤਾਨ ਜਾਣ ਵਾਲੇ ਯਾਤਰੀਆਂ ਵਿਚ ਬੱਚੇ ਤੇ ਔਰਤਾਂ ਵੀ ਸ਼ਾਮਲ ਹਨ।
ਇਸੇ ਤਰ੍ਹਾਂ ਪਾਕਿਸਤਾਨ ਵਿਚ ਵੀ 300 ਦੇ ਲਗਭਗ ਭਾਰਤੀ ਨਾਗਰਿਕ ਫਸੇ ਹੋਏ ਹਨ। ਉਨ੍ਹਾਂ ਨੂੰ ਵੀ ਆਪਣੀ ਵਤਨ ਵਾਪਸੀ ਦਾ ਇੰਤਜ਼ਾਰ ਹੈ। ਭਾਰਤ ਸਰਕਾਰ ਵਲੋਂ ਇਨ੍ਹਾਂ 179 ਪਾਕਿਸਤਾਨੀਆਂ ਨੂੰ ਵਤਨ ਵਾਪਸ ਭੇਜ ਕੇ ਉਦਾਰਤਾ ਦੀ ਮਿਸਾਲ ਪੇਸ਼ ਕੀਤੀ ਗਈ ਹੈ। ਅੰਮ੍ਰਿਤਸਰ ਨਿਵਾਸੀ ਕਮਲਜੀਤ ਸਿੰਘ ਦੇ ਮਾਤਾ-ਪਿਤਾ ਲਾਹੌਰ ਵਿਚ ਲੌਕਡਾਊਨ ਕਰਕੇ ਫਸੇ ਹੋਏ ਹਨ ਤੇ ਉਨ੍ਹਾਂ ਨੂੰ ਆਪਣੇ ਮਾਪਿਆਂ ਦਾ ਬੇਸਬਰੀ ਦਾ ਇੰਤਜ਼ਾਰ ਹੈ ਜਦਕਿ ਪਾਕਿਸਤਾਨ ਸਰਕਾਰ ਵਲੋਂ ਇਸ ਸਬੰਧੀ ਕੋਈ ਜਾਣਕਾਰੀ ਭਾਰਤੀ ਦੂਤਘਰ ਦੇ ਅਧਿਕਾਰੀਆਂ ਨੂੰ ਨਹੀਂ ਦਿੱਤੀ ਗਈ ਹੈ।