Amit Shah writes letter: ਨਵੀਂ ਦਿੱਲੀ: ਪੱਛਮੀ ਬੰਗਾਲ ਅਤੇ ਕੇਂਦਰ ਸਰਕਾਰ ਦੀ ਲੜਾਈ ਹਾਲੇ ਵੀ ਜਾਰੀ ਹੈ । ਜਿਸ ਵਿੱਚ ਹੁਣ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਾਨਤਾ ਬੈਨਰਜੀ ਨੂੰ ਇੱਕ ਚਿੱਠੀ ਲਿਖੀ ਹੈ । ਇਸ ਚਿੱਠੀ ਵਿੱਚ ਅਮਿਤ ਸ਼ਾਹ ਨੇ ਪ੍ਰਵਾਸੀ ਮਜ਼ਦੂਰਾਂ ਲਈ ਚਲਾਈਆਂ ਜਾਣ ਵਾਲੀਆਂ ਟ੍ਰੇਨਾਂ ਨੂੰ ਮਨਜ਼ੂਰੀ ਨਾ ਦੇਣ ਦਾ ਇਲਜ਼ਾਮ ਲਗਾਇਆ ਹੈ । ਮਮਤਾ ਸਰਕਾਰ ‘ਤੇ ਵੱਖ-ਵੱਖ ਰਾਜਾਂ ਵਿੱਚ ਫਸੇ ਰਾਜ ਦੇ ਮਜ਼ਦੂਰਾਂ ਦੀ ਵਾਪਸੀ ਦੀ ਵਿਵਸਥਾ ਕਰਨ ਵਿੱਚ ਅਸਫ਼ਲ ਰਹਿਣ ਦਾ ਦੋਸ਼ ਲਗਾਉਂਦੇ ਹੋਏ ਮੁੱਖ ਮੰਤਰੀ ਮਮਤਾ ਬੈਨਰਜੀ ਨੂੰ ਇਸ ਮਾਮਲੇ ਵਿੱਚ ਸਹਿਯੋਗ ਕਰਨ ਲਈ ਕਿਹਾ ਹੈ ।
ਸੂਤਰਾਂ ਅਨੁਸਾਰ ਅਮਿਤ ਸ਼ਾਹ ਨੇ ਮਮਤਾ ਬੈਨਰਜੀ ਨੂੰ ਇਕ ਚਿੱਠੀ ਲਿੱਖ ਕੇ ਕਿਹਾ ਹੈ ਕਿ ਵੱਖ-ਵੱਖ ਰਾਜਾਂ ਵਿੱਚ ਫਸੇ ਪੱਛਮੀ ਬੰਗਾਲ ਦੇ ਮਜ਼ਦੂਰ ਆਪਣੇ ਗ੍ਰਹਿ ਰਾਜ ਜਾਣ ਲਈ ਬੇਚੈਨ ਅਤੇ ਪਰੇਸ਼ਾਨ ਹਨ । ਕੇਂਦਰ ਸਰਕਾਰ ਫਸੇ ਹੋਏ ਪ੍ਰਵਾਸੀ ਮਜ਼ਦੂਰਾਂ ਦੀ ਉਨਾਂ ਦੇ ਘਰ ਜਾਣ ਵਿੱਚ ਮਦਦ ਕਰ ਰਹੀ ਹੈ ਪਰ ਉਸ ਨੂੰ ਪੱਛਮੀ ਬੰਗਾਲ ਸਰਕਾਰ ਤੋਂ ਉਮੀਦ ਅਨੁਸਾਰ ਸਮਰਥਨ ਨਹੀਂ ਮਿਲ ਰਿਹਾ ਹੈ ।
ਕੇਂਦਰੀ ਗ੍ਰਹਿ ਮੰਤਰੀ ਨੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਨੂੰ ਭੇਜੀ ਚਿੱਠੀ ਵਿੱਚ ਕਿਹਾ ਕਿ ਕੇਂਦਰ ਸਰਕਾਰ ਪ੍ਰਵਾਸੀ ਮਜ਼ਦੂਰਾਂ ਨੂੰ ਉਨ੍ਹਾਂ ਦੇ ਘਰਾਂ ਤਕ ਪਹੁੰਚ ਰਹੀ ਹੈ । ਉਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਹੁਣ ਤੱਕ ਵੱਖ-ਵੱਖ ਰਾਜਾਂ ਦੇ 2 ਲੱਖ ਤੋਂ ਵਧ ਪ੍ਰਵਾਸੀ ਮਜ਼ਦੂਰਾਂ ਦੀ ਉਨਾਂ ਦੇ ਰਾਜ ਵਿੱਚ ਜਾਣ ਵਿੱਚ ਮਦਦ ਕੀਤੀ । ਚਿੱਠੀ ਵਿੱਚ ਲਿਖਿਆ ਗਿਆ ਹੈ ਕਿ ਪੱਛਮੀ ਬੰਗਾਲ ਸਰਕਾਰ ਟ੍ਰੇਨਾਂ ਦੇ ਰਾਜ ਵਿੱਚ ਆਉਣ ਨਾਲ ਸਬੰਧਿਤ ਪ੍ਰਕਿਰਿਆ ਵਿੱਚ ਸਹਿਯੋਗ ਨਹੀਂ ਕਰ ਰਹੀ ਹੈ ।
ਚਿੱਠੀ ਵਿੱਚ ਅੱਗੇ ਲਿਖਿਆ ਗਿਆ ਹੈ ਕਿ ਰਾਜ ਸਰਕਾਰ ਪੱਛਮੀ ਬੰਗਾਲ ਦੇ ਪ੍ਰਵਾਸੀ ਮਜ਼ਦੂਰਾਂ ਨੂੰ ਦੂਜੇ ਰਾਜਾਂ ਤੋਂ ਬੰਗਾਲ ਲਿਜਾਣ ਲਈ ਲੇਬਰ ਟ੍ਰੇਨਾਂ ਨੂੰ ਆਗਿਆ ਨਹੀਂ ਦੇ ਰਹੀ ਹੈ । ਪੱਛਮੀ ਬੰਗਾਲ ਦੇ ਮਜ਼ਦੂਰਾਂ ਨਾਲ ਅਜਿਹਾ ਕਰਨਾ ਅਨਿਆਂ ਹੋਵੇਗਾ । ਇਹ ਪੱਛਮੀ ਬੰਗਾਲ ਦੇ ਪ੍ਰਵਾਸੀ ਮਜ਼ਦੂਰਾਂ ਨੂੰ ਮੁਸ਼ਕਿਲ ਸਥਿਤੀ ਵਿੱਚ ਧੱਕ ਸਕਦਾ ਹੈ ।