Arrangements made by Punjab : ਲੌਕਡਾਊਨ ਕਰਕੇ ਪੰਜਾਬ ਵਿਚ ਬਹੁਤ ਸਾਰੇ ਪ੍ਰਵਾਸੀ ਕਸ਼ਮੀਰੀ ਇਥੇ ਫਸੇ ਹੋਏ ਸਨ। ਉਨ੍ਹਾਂ ਵਲੋਂ ਵਾਰ-ਵਾਰ ਆਪਣੇ ਘਰ ਵਾਪਸ ਭੇਜਣ ਦੀ ਅਪੀਲ ਕੀਤੀ ਜਾ ਰਹੀ ਸੀ। ਕਲ ਦੇਰ ਰਾਤ ਪੰਜਾਬ ਸਰਕਾਰ ਨੇ 2 ਬੱਸਾਂ ਵਿਚ ਲਗਭਗ 78 ਕਸ਼ਮੀਰੀਆਂ ਨੂੰ ਪੂਰੇ ਸੁਰੱਖਿਆ ਪ੍ਰਬੰਧਾਂ ਹੇਠ ਕਸ਼ਮੀਰ ਲਈ ਭੇਜਿਆ। ਇਸ ਮੌਕੇ ਮੈਂਬਰ ਪਾਰਲੀਮੈਂਟ ਸੰਤੋਖ ਸਿੰਘ ਚੌਧਰੀ, ਹਲਕਾ ਇੰਚਾਰਜ ਵਿਕਰਮਜੀਤ ਸਿੰਘ ਚੌਧਰੀ, ਜਲੰਧਰ ਮੌਜੂਦ ਸਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ SDM ਡਾ. ਵਿਨੀਤ ਕੁਮਾਰ, ਸੰਜੇ ਅਟਵਾਲ, ਰਾਕੇਸ਼ ਦੁੱਗਲ, ਬਲਜਿੰਦਰ ਕਾਲਾ ਨੇ ਦੱਸਿਆ ਕਿ ਇਨ੍ਹਾਂ ਕਸ਼ਮੀਰੀਆਂ ਵਲੋਂ ਬਹੁਤ ਵਾਰੀ ਆਪਣੇ ਘਰਾਂ ਨੂੰ ਵਾਪਸ ਜਾਣ ਦੀ ਮੰਗ ਕੀਤੀ ਜਾ ਰਹੀ ਸੀ। ਇਹ ਪ੍ਰਵਾਸੀ ਕਸ਼ਮੀਰੀ ਇਥੇ ਆਪਣੀ ਰੋਜੀ ਰੋਟੀ ਲਈ ਆਏ ਸਨ ਪਰ ਹੁਣ ਲੌਕਡਾਊਨ ਕਾਰਨ ਇਨ੍ਹਾਂ ਨੂੰ ਨਾ ਤਾਂ ਭਰਪੂਰ ਖਾਣਾ ਮਿਲ ਰਿਹਾ ਹੈ ਤੇ ਨਾ ਹੀ ਇਨ੍ਹਾਂ ਕੋਲ ਰਹਿਣ ਦਾ ਪੂਰਾ ਪ੍ਰਬੰਧ ਹੈ। ਇਸੇ ਨੂੰ ਧਿਆਨ ਵਿਚ ਰੱਖਦੇ ਹੋਏ ਫਿਲੌਰ ਤੋਂ 17, ਜੰਡਿਆਲੇ ਤੋਂ 9 ਅਤੇ 52 ਕਸ਼ਮੀਰੀ ਗੁਰਾਇਆ ਤੋਂ ਭੇਜੇ ਗਏ। ਇਨ੍ਹਾਂ ਨੂੰ ਬੱਸਾਂ ਰਾਹੀਂ ਸੋਸ਼ਲ ਡਿਸਟੈਂਸਿੰਗ ਦਾ ਧਿਆਨ ਰੱਖਦੇ ਹੋਏ ਵਾਪਸ ਕਸ਼ਮੀਰ ਭੇਜਿਆ ਜਾਵੇਗਾ। ਇਨ੍ਹਾਂ ਸਾਰੇ ਪ੍ਰਵਾਸੀ ਕਸ਼ਮੀਰੀਆਂ ਦੀ ਮੈਡੀਕਲ ਜਾਂਚ ਕੀਤੀ ਗਈ ਹੈ। ਇਨ੍ਹਾਂ ਸਾਰੇ ਪ੍ਰਵਾਸੀ ਕਸ਼ਮੀਰੀਆਂ ਨੇ ਪੰਜਾਬ ਸਰਕਾਰ ਦਾ ਤਹਿ ਦਿਲੋਂ ਧੰਨਵਾਦ ਕੀਤਾ।
ਕੈਪਟਨ ਅਮਰਿੰਦਰ ਸਿੰਘ ਵਲੋਂ ਮੌਜੂਦਾ ਹਾਲਾਤਾਂ ਦਾ ਧਿਆਨ ਰੱਖਦੇ ਹੋਏ ਸਾਰੇ ਪ੍ਰਵਾਸੀ ਮਜ਼ਦੂਰ ਜਿਹੜੇ ਇਥੇ ਲੌਕਡਾਊਨ ਦੌਰਾਨ ਫਸ ਗਏ ਸਨ ਉਨ੍ਹਾਂ ਨੂੰ ਵਾਪਸ ਭੇਜਣ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ ਤੇ ਨਾਲ ਹੀ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਉਹ ਪ੍ਰਸ਼ਾਸਨ ਦਾ ਇਸ ਵਾਇਰਸ ਨੂੰ ਕੰਟਰੋਲ ਕਰਨ ਵਿਚ ਆਪਣਾ ਸਹਿਯੋਗ ਦੇਣ। ਉਨ੍ਹਾਂ ਕਿਹਾ ਕਿ ਆਮ ਜਨਤਾ ਨੂੰ ਪ੍ਰਸ਼ਾਸਨ ਵਲੋਂ ਬਣਾਏ ਨਿਯਮਾਂ ਦੀ ਪਾਲਣਾ ਕੀਤੀ ਜਾਣੀ ਚਾਹੀਦੀ ਹੈ ਤਾਂ ਹੀ ਕੋਰੋਨਾ ਵਾਇਰਸ ਦੇ ਵਧਦੇ ਪ੍ਰਕੋਪ ਉਤੇ ਰੋਕ ਲਗਾਈ ਜਾ ਸਕਦੀ ਹੈ ਤੇ ਇਸ ਨੂੰ ਜਲਦੀ ਕੰਟਰੋਲ ਕੀਤਾ ਜਾ ਸਕੇ।