Badal and Harsimrat Kaur Badal : ਮਨਪ੍ਰੀਤ ਬਾਦਲ ਦੇ ਪਿਤਾ ਗੁਰਦਾਸ ਬਾਦਲ ਦਾ ਬੀਤੀ ਰਾਤ ਦੇਹਾਂਤ ਹੋ ਗਿਆ ਸੀ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਵਲੋਂ ਗੁਰਦਾਸ ਬਾਦਲ ਦੇ ਦਿਹਾਂਤ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਮੁੱਖ ਮੰਤਰੀ ਨੇ ਕਿਹਾ ਕਿ ਇਸ ਮੁਸ਼ਕਿਲ ਦੀ ਘੜੀ ਵਿਚ ਅਸੀਂ ਸਾਰੇ ਬਾਦਲ ਪਰਿਵਾਰ ਨਾਲ ਹਾਂ ਅਤੇ ਅਰਦਾਸ ਕਰਦੇ ਹਾਂ ਕਿ ਵਿਛੜੀ ਆਤਮਾ ਨੂੰ ਸ਼ਾਂਤੀ ਮਿਲੇ।
ਸੁਖਬੀਰ ਸਿੰਘ ਬਾਦਲ ਨੇ ਫੇਸਬੁੱਕ ’ਤੇ ਪੋਸਟ ਪਾ ਕੇ ਆਪਣੇ ਦੁੱਖ ਦਾ ਇਜਹਾਰ ਕੀਤਾ ਹੈ ਤੇ ਕਿਹਾ ਕਿ ਉਨ੍ਹਾਂ ਦੇ ਚਾਚਾ ਸ. ਗੁਰਦਾਸ ਸਿੰਘ ਬਾਦਲ ਦਾ ਦੇਹਾਂਤ ਉਨ੍ਹਾਂ ਦੇ ਪਰਿਵਾਰ ਲਈ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਹੈ ਤੇ ਇਸੇ ਤਰ੍ਹਾਂ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਵਲੋਂ ਵੀ ਆਪਣੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ ਤੇ ਨਾਲ ਹੀ ਕਿਹਾ ਕਿ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿਚ ਥਾਂ ਦੇਣ ਅਤੇ ਵਾਹਿਗੁਰੂ ਉਨ੍ਹਾਂ ਦੇ ਸਾਰੇ ਪਰਿਵਾਰ ਨੂੰ ਇਸ ਮੁਸ਼ਕਿਲ ਘੜੀ ਵਿਚੋਂ ਨਿਕਲਣ ਲਈ ਬਲ ਬਖਸ਼ੇ।
ਗੁਰਦਾਸ ਬਾਦਲ ਕਾਫੀ ਲੰਬੇ ਦੇਰ ਤੋਂ ਸ਼ੂਗਰ ਦੀ ਬੀਮਾਰੀ ਤੋਂ ਪੀੜਤ ਸਨ ਅਤੇ ਮੋਹਾਲੀ ਦੇ ਫੋਰਟਿਸ ਹਸਪਤਾਲ ਵਿਚ ਭਰਤੀ ਸਨ। ਉਨ੍ਹਾਂ ਦੀ ਉਮਰ 88 ਸਾਲ ਸੀ। ਪਿਛਲੇ ਹਫਤੇ ਹੀ ਉਨ੍ਹਾਂ ਨੂੰ ਹਾਲਤ ਨਾਜੁਕ ਹੋਣ ਕਾਰਨ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਸੀ। ਪਿਛਲੇ 4-5 ਦਿਨਾਂ ਤੋਂ ਉਨ੍ਹਾਂ ਦੀ ਹਾਲਤ ਜਿਆਦਾ ਗੰਭੀਰ ਸੀ ਅਤੇ ਉਹ ਵੈਂਟੀਲੇਟਰ ’ਤੇ ਸਨ। ਗੁਰਦਾਸ ਬਾਦਲ ਦੀ ਪਤਨੀ ਮਹਿੰਦਰ ਕੌਰ ਦਾ ਵੀ ਪਿਛਲੇ ਮਹੀਨੇ ਹੀ ਦੇਹਾਂਤ ਹੋਇਆ ਸੀ। ਗੁਰਦਾਸ ਬਾਦਲ ਦਾ ਅੰਤਿਮ ਸੰਸਕਾਰ ਉਨ੍ਹਾਂ ਦੇ ਜੱਦੀ ਪਿੰਡ ਬਾਦਲ, ਜਿਲ੍ਹਾ ਮੁਕਤਸਰ ਵਿਖੇ ਵਿਖੇ ਕੀਤਾ ਜਾਵੇਗਾ। ਸ. ਮਨਪ੍ਰੀਤ ਸਿੰਘ ਬਾਦਲ ਨੇ ਆਪਣੇ ਸ਼ੁੱਭ ਚਿੰਤਕਾਂ ਤੇ ਸਮਰਥਕਾਂ ਨੂੰ ਅਪੀਲ ਕਤੀ ਹੈ ਕਿ ਕੋਰੋਨਾ ਵਾਇਰਸ ਕਾਰਨ ਉਹ ਅੰਤਿਮ ਸਸਕਾਰ ਵਿਚ ਸ਼ਾਮਲ ਹੋਣ ਦੀ ਖੇਚਲ ਨਾ ਕਰਨ।