Balbir Singh Rajewal warns farmers : ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਕਿਸਾਨਾਂ ਨੂੰ ਦਿੱਲੀ ਸਰਹੱਦਾਂ ’ਤੇ ਡਟੇ ਹੋਏ ਅੱਜ 53ਵਾਂ ਦਿਨ ਹੈ। ਬੀਤੇ ਕੇਂਦਰ ਤੇ ਕਿਸਾਨਾਂ ਦੀ 9ਵੇਂ ਦੌਰ ਦੀ ਗੱਲਬਾਤ ਹੋਈ, ਜੋਕਿ ਪਹਿਲਾਂ ਦੀਆਂ ਮੀਟਿੰਗਾਂ ਵਾਂਗ ਬੇਸਿੱਟਾ ਰਹੀ। ਕਿਸਾਨ ਤਿੰਨੋਂ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਕਰਦੇ ਰਹੇ ਅਤੇ ਸਰਕਾਰੀ ਨੁਮਾਇੰਦੇ ਇਨ੍ਹਾਂ ਕਾਨੂੰਨਾਂ ਵਿੱਚ ਸੋਧਾਂ ਦਾ ਪ੍ਰਸਤਾਵ ਦਿੰਦੇ ਰਹੇ। ਹੁਣ ਕੇਂਦਰ ਤੇ ਕਿਸਾਨਾਂ ਦਰਮਿਆਨ ਅਗਲੀ ਬੈਠਕ 19 ਜਨਵਰੀ ਨੂੰ ਹੋਣੀ ਤੈਅ ਹੋਈ ਹੈ। ਇਸ ਦੌਰਾਨ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਕਿਸਾਨਾਂ ਨੂੰ ਫੁਟ-ਪਾਊ ਤਾਕਤਾਂ ਤੋਂ ਸਾਵਧਾਨ ਰਹਿਣ ਅਤੇ ਉਨ੍ਹਾਂ ਵੱਲ ਧਿਆਨ ਨਾ ਦੇਣ ਦੀ ਅਪੀਲ ਕੀਤੀ।
ਕਿਸਾਨ ਆਗੂ ਨੇ ਸਰਕਾਰ ਤੇ ਇਸ ਦੇ ਮੀਡੀਆ ’ਤੇ ਫੁੱਟ ਪਾਉਣ ਦਾ ਦੋਸ਼ ਲਾਉਂਦਿਆਂ ਕਿਹਾ ਕਿ ਉਹ ਸਾਨੂੰ ਆਪਸ ਵਿਚ ਲੜਾਉਣ, ਨਿਸ਼ਾਨੇ ਤੋਂ ਖੁੰਝਾਉਂਣ ਦੀ ਨਿਰੰਤਰ ਕੋਸ਼ਿਸ਼ ਵਿਚ ਹੈ। ਸਾਡੇ ਨਾਵਾਂ ’ਤੇ, ਤੱਥਾਂ ਨੂੰ ਤੋੜ-ਮਰੋੜ ਕੇ, ਗਲਤ ਅਤੇ ਗੁਮਰਾਹ-ਕੁਨ ਰਿਪੋਰਟਿੰਗ ਕੀਤੀ ਜਾ ਰਹੀ ਹੈ। ਅਜਿਹੀ ਰਿਪੋਰਟਿੰਗ ਦਾ ਮਕਸਦ ਭਰਮ-ਭੁਲੇਖੇ ਪਾ ਕੇ ਅੰਦੋਲਨ ਨੂੰ ਖਿੰਡਾਉਣਾ ਹੈ। ਇਥੇ ਇਹ ਗੱਲ ਧਿਆਨ ਦੇਣ ਵਾਲੀ ਹੈ ਕਿ ਸਾਰੇ ਪ੍ਰੋਗਰਾਮ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਵਿਚ ਤਹਿ ਹੁੰਦੇ ਹਨ ਅਤੇ ਹਰ ਪ੍ਰੋਗਰਾਮ ਦੀ ਨਿੱਕੀ ਤੋਂ ਨਿੱਕੀ ਬਾਰੀਕੀ ਬਾਰੇ ਡਿਟੇਲ ਵਿਚ ਡਿਸਕਸ਼ਨ ਹੁੰਦੀ ਹੈ ਅਤੇ ਸਾਂਝੇ ਫੈਸਲੇ ’ਤੇ ਪਹੁੰਚਿਆ ਜਾਂਦਾ ਹੈ। ਅਜਿਹੇ ਫੈਸਲਿਆਂ ਬਾਰੇ ਪ੍ਰੈਸ ਨੂੰ ਸਾਂਝੇ ਤੌਰ ’ਤੇ ਦੱਸਿਆ ਜਾਂਦਾ ਹੈ।
ਰਾਜੇਵਾਲ ਨੇ ਕਿਹਾ ਕਿ ਸਰਕਾਰ ਦੀ ਕੋਸ਼ਿਸ਼ ਸਾਡੇ ਸੰਘਰਸ਼ ਨੂੰ ਲੀਹੋਂ ਲਾਹੁਣ ਦੀ ਹੈ ਤਾਂ ਜੋ ਉਹ ਲਾਠੀ-ਗੋਲੀ ਅਤੇ ਐੱਨ.ਆਈ.ਏ. ਵਰਗੀਆਂ ਏਜੰਸੀਆਂ ਰਾਹੀਂ ਇਸ ਨੂੰ ਬਿਖੇਰ ਸਕਣ ਅਤੇ ਦਬਾ ਸਕਣ ਪਰ ਸਾਡਾ ਏਕਾ ਤੇ ਇਤਫ਼ਾਕ ਹੀ ਸਾਡੀ ਢਾਲ ਹੈ। ਉਨ੍ਹਾਂ ਕਿਹਾ ਕਿ 26 ਜਨਵਰੀ ਦੇ ਟਰੈਕਟਰ ਮਾਰਚ ਦੀ ਰੂਪ-ਰੇਖਾ ਰੂਟ ਆਦਿ ਸੰਬੰਧੀ ਫੈਸਲਾ 17 ਜਨਵਰੀ ਨੂੰ ਹੋਣ ਵਾਲੀ ਮੀਟਿੰਗ ਵਿਚ ਲਿਆ ਜਾਣਾ ਹੈ। ਇਸ ਸਬੰਧੀ ਭਰਮ-ਭੁਲੇਖੇ ਪਾਉਣ ਵਾਲੇ ਲੋਕਾਂ ਤੋਂ ਸਾਵਧਾਨ ਰਿਹਾ ਜਾਵੇ। ਸਾਡੇ ਸੰਘਰਸ਼ ਦਾ ਐੱਸ.ਐੱਫ.ਜੇ. ਆਦਿ ਨਾਲ ਦੂਰ ਨੇੜੇ ਦਾ ਵੀ ਸਬੰਧ ਨਹੀਂ। ਜਿਨ੍ਹਾਂ ਸੱਜਣਾ ਨੂੰ ਇਸ ਸੰਘਰਸ਼ ਕਰਕੇ ਐੱਨਈਏ ਵੱਲੋਂ ਨੋਟਿਸ ਮਿਲੇ ਹਨ, ਸੰਯੁਕਤ ਕਿਸਾਨ ਮੋਰਚਾ ਉਨ੍ਹਾਂ ਦੇ ਨਾਲ ਖੜਾ ਹੈ, ਉਹ ਆਪਣੇ ਆਪ ਨੂੰ ਇੱਕਲਾ ਨਾ ਸਮਝਣ