ਆਸਾਮ ਦੇ ਗੋਲਾਘਾਟ ਜ਼ਿਲ੍ਹੇ ਵਿੱਚ ਅੱਜ ਤੜਕੇ ਇੱਕ ਵੱਡਾ ਹਾਦਸਾ ਵਾਪਰ ਗਿਆ। ਇੱਥੇ ਬੁੱਧਵਾਰ ਨੂੰ ਕੋਲਾ ਲੈ ਕੇ ਜਾ ਰਹੇ ਇੱਕ ਟਰੱਕ ਅਤੇ ਬੱਸ ਵਿਚਾਲੇ ਹੋਈ ਆਹਮੋ-ਸਾਹਮਣੀ ਜ਼ਬਰਦਸਤ ਟੱਕਰ ਹੋਈ। ਇਸ ਟੱਕਰ ਕਾਰਨ ਘੱਟੋ-ਘੱਟ 12 ਲੋਕਾਂ ਦੀ ਮੌਤ ਹੋ ਗਈ। ਇਸ ਹਾਦਸੇ ‘ਚ 30 ਲੋਕ ਜ਼ਖਮੀ ਹੋਏ ਹਨ। ਹਾਦਸੇ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ। ਹਾਦਸੇ ਕਾਰਨ ਬੱਸ ਤਬਾਹ ਹੋ ਗਈ। ਪੁਲਿਸ ਅਧਿਕਾਰੀ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਹੈ।
ਜਾਣਕਾਰੀ ਅਨੁਸਾਰ ਗੋਲਾਘਾਟ ਦੇ ਕਮਰਗਾਂਵ ਤੋਂ ਤਿਨਸੁਕੀਆ ਜ਼ਿਲ੍ਹੇ ਦੇ ਤਿਲਿੰਗਾ ਮੰਦਿਰ ‘ਤੋਂ ਇੱਕ ਬੱਸ ਪਿਕਨਿਕ ਲਈ ਜਾ ਰਹੀ ਸੀ। ਇਸ ਦੌਰਾਨ ਚਾਰ ਮਾਰਗੀ ਹਾਈਵੇਅ ਦਾ ਇੱਕ ਹਿੱਸਾ ਨੁਕਸਾਨੇ ਜਾਣ ਕਾਰਨ, ਟਰੱਕ ਗਲਤ ਦਿਸ਼ਾ ਤੋਂ ਜੋਰਹਾਟ ਵੱਲ ਆ ਰਿਹਾ ਸੀ, ਜਦੋਂ ਕਿ ਬੱਸ ਸਹੀ ਲੇਨ ਵਿੱਚ ਸੀ। ਸਵੇਰੇ ਧੁੰਦ ਸੀ ਅਤੇ ਦੋਵੇਂ ਵਾਹਨ ਤੇਜ਼ ਰਫਤਾਰ ‘ਤੇ ਸਨ, ਜਿਸ ਕਾਰਨ ਦੋਵਾਂ ਵਿਚਾਲੇ ਭਿਆਨਕ ਟੱਕਰ ਹੋ ਗਈ।
ਗੋਲਾਘਾਟ ਦੇ ਐਸਪੀ ਰਾਜਨ ਸਿੰਘ ਨੇ ਦੱਸਿਆ, “ਇਹ ਘਟਨਾ ਅੱਜ ਸਵੇਰੇ ਡੇਰਗਾਂਵ ਨੇੜੇ ਬਲੀਜਾਨ ਵਿੱਚ ਵਾਪਰੀ। 45 ਲੋਕਾਂ ਨੂੰ ਲੈ ਕੇ ਜਾ ਰਹੀ ਬੱਸ ਇੱਕ ਟਰੱਕ ਨਾਲ ਟਕਰਾ ਗਈ। ਇਹ ਬੱਸ ਅੱਪਰ ਅਸਾਮ ਵੱਲ ਜਾ ਰਹੀ ਸੀ।” ਉਨ੍ਹਾਂ ਨੇ ਕਿਹਾ, ”ਹੁਣ ਤੱਕ ਮਿਲੀ ਜਾਣਕਾਰੀ ਦੇ ਮੁਤਾਬਕ ਇਸ ਹਾਦਸੇ ‘ਚ 12 ਲੋਕਾਂ ਦੀ ਮੌਤ ਹੋ ਚੁੱਕੀ ਹੈ। ਜ਼ਖਮੀਆਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ।”
ਇਹ ਵੀ ਪੜ੍ਹੋ : ਅਰਵਿੰਦ ਕੇਜਰੀਵਾਲ ਅੱਜ ਵੀ ED ਸਾਹਮਣੇ ਨਹੀਂ ਹੋਣਗੇ ਪੇਸ਼, CM ਨੇ ਜਾਂਚ ਏਜੰਸੀ ਨੂੰ ਲਿਖੀ ਚਿੱਠੀ
ਰਾਜਨ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਇਸ ਸਬੰਧੀ ਹੋਰ ਜਾਣਕਾਰੀ ਬਾਅਦ ਵਿੱਚ ਦਿੱਤੀ ਜਾਵੇਗੀ। ਜੋਰਹਾਟ ਮੈਡੀਕਲ ਕਾਲਜ ਅਤੇ ਹਸਪਤਾਲ ਦੇ ਇੱਕ ਸੀਨੀਅਰ ਡਾਕਟਰ ਨੇ ਮੀਡੀਆ ਨੂੰ ਦੱਸਿਆ ਕਿ ਹਸਪਤਾਲ ‘ਚ ਕਰੀਬ 30 ਜ਼ਖਮੀਆਂ ਦਾ ਇਲਾਜ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ, ”ਕੁਝ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।” ਮਕਾਮੀ ਥਾਣੇ ਦੇ ਇੱਕ ਅਧਿਕਾਰੀ ਮੁਤਾਬਕ ਇਹ ਹਾਦਸਾ ਸਵੇਰੇ 4.30 ਵਜੇ ਦੇ ਕਰੀਬ ਵਾਪਰਿਆ।
ਵੀਡੀਓ ਲਈ ਕਲਿੱਕ ਕਰੋ –