BJP national spokesperson : ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਕਰਦੇ ਹੋਏ ਕਿਸਾਨਾਂ ਦੇ ਅੰਦੋਲਨ ਦਾ ਅੱਜ 43ਵਾਂ ਦਿਨ ਹੈ, ਸੱਤ ਗੇੜ ਵਿਚਾਰ ਵਟਾਂਦਰੇ ਤੋਂ ਬਾਅਦ ਵੀ ਸਰਕਾਰ ਅਤੇ ਕਿਸਾਨਾਂ ਦਰਮਿਆਨ ਡੈੱਡਲਾਕ ਬਣਿਆ ਹੋਇਆ ਹੈ। ਸਰਕਾਰ ਕਾਨੂੰਨਾਂ ਵਿੱਚ ਸੋਧ ਕਰਨਾ ਚਾਹੁੰਦੀ ਹੈ ਤਾਂ ਕਿਸਾਨ ਇਨ੍ਹਾਂ ਨੂੰ ਰੱਦ ਕਰਵਾਉਣ ‘ਤੇ ਅੜੇ ਹੋਏ ਹਨ। ਕੱਲ੍ਹ 8 ਜਨਵਰੀ ਨੂੰ ਕਿਸਾਨਾਂ ਦੀ ਕੇਂਦਰ ਸਰਕਾਰ ਦੀ ਮੀਟਿੰਗ ਹੋਣੀ ਤੈਅ ਹੋਈ ਹੈ। ਇਸ ਤੋਂ ਪਹਿਲਾਂ ਬਾਬਾ ਲੱਖਾ ਸਿੰਘ ਜੀ ਨਾਨਕਸਰ ਕਲੇਰਾਂ ਵਾਲੇ ਕਿਸਾਨ ਅੰਦੋਲਨ ਨੂੰ ਲੈ ਕੇ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਨੂੰ ਮਿਲੇ। ਉਨ੍ਹਾਂ ਨੇ ਮੰਤਰੀ ਨੂੰ ਕਿਸਾਨ ਅੰਦੋਲਨ ਦੀ ਜ਼ਮੀਨੀ ਹਕੀਕਤ ਬਾਰੇ ਜਾਣੂ ਕਰਵਾਇਆ ਅਤੇ ਦੁਹਰਾਇਆ ਕਿ ਇਸ ਮਸਲੇ ਦਾ ਛੇਤੀ ਹੱਲ ਹੋਣਾ ਜ਼ਰੂਰੀ ਹੈ, ਜੋਕਿ ਕਿਸਾਨਾਂ ਨੂੰ ਵੀ ਮਨਜ਼ੂਰ ਹੋਵੇ। ਇਸ ਮੌਕੇ ਉਨ੍ਹਾਂ ਨਾਲ ਭਾਜਪਾ ਦੇ ਕੌਮੀ ਬੁਲਾਰੇ ਡਾ. ਕਮਲਜੀਤ ਸੋਈ ਵੀ ਮੌਜੂਦ ਸਨ।
ਇਸ ’ਤੇ ਖੇਤੀਬਾੜੀ ਮੰਤਰੀ ਤੋਮਰ ਨੇ ਵਾਅਦਾ ਕੀਤਾ ਕਿ ਸਰਕਾਰ ਇਸ ਸਥਿਤੀ ਨੂੰ ਜਲਦੀ ਤੋਂ ਜਲਦੀ ਹੱਲ ਕਰਨ ਲਈ ਵਚਨਬੱਧ ਹੈ ਅਤੇ ਸਾਰੇ ਸੰਭਾਵਿਤ ਹੱਲ ਤਿਆਰ ਕੀਤੇ ਗਏ ਹਨ। ਦੱਸ ਦੇਈਏ ਕਿ ਕਿਸਾਨਾਂ ਤੇ ਕੇਂਦਰ ਸਰਕਾਰ ਦਰਮਿਆਨ ਕੱਲ੍ਹ 8 ਜਨਵਰੀ ਨੂੰ ਇੱਕ ਵਾਰ ਫਿਰ ਗੱਲਬਾਦ ਦਾ ਦੌਰ ਚੱਲੇਗਾ। ਪਰ ਇਸ ਤੋਂ ਪਹਿਲਾਂ ਕਿਸਾਨ ਟਰੈਕਟਰ ਰੈਲੀ ਰਾਹੀਂ ਆਪਣੀ ਤਾਕਤ ਦਿਖਾ ਰਹੇ ਹਨ।
ਜੇਕਰ ਕੱਲ੍ਹ ਵੀ ਮਸਲਾ ਹੱਲ ਨਹੀਂ ਹੁੰਦਾ ਤਾਂ ਕਿਸਾਨ 26 ਜਨਵਰੀ ਨੂੰ ਟਰੈਕਟਰ ਪਰੇਡ ਕੱਢਣਗੇ। ਇਸ ਦੌਰਾਨ ਕਿਸਾਨਾਂ ਨੂੰ ਹਰ ਵਰਗ ਤੋਂ ਸਮਰਥਨ ਮਿਲ ਰਿਹਾ ਹੈ। ਉਥੇ ਹੀ ਸਰਕਾਰ ਵੀ ਖੇਤੀ ਕਾਨੂੰਨਾਂ ਦੇ ਪੱਖ ਵਿੱਚ ਕਿਸਾਨਾਂ ਨੂੰ ਮਨਾਉਣ ਲੱਗੀ ਹੋਈ ਹੈ, ਜਿਸ ਦੇ ਚੱਲਦਿਆਂ ਕਿਸਾਨਾਂ ਨੂੰ ਕੰਪਿਊਟਰਾਈਜ਼ਡ ਕਾਲਜ਼ ਕੀਤੀਆਂ ਜਾ ਰਹੀਆਂ ਹਨ, ਜਿਨ੍ਹਾਂ ਵਿੱਚ ਖੇਤੀ ਕਾਨੂੰਨਾਂ ਦੇ ਫਾਇਦੇ ਦੱਸੇ ਜਾ ਰਹੇ ਹਨ। ਉਥੇ ਹੀ ਨਵੇਂ ਖੇਤੀਬਾੜੀ ਕਾਨੂੰਨਾਂ ਖਿਲਾਫ ਅੰਦੋਲਨ ਕਰ ਰਹੀਆਂ ਕਿਸਾਨ ਜੱਥੇਬੰਦੀਆਂ ਅੱਜ ਕੁੰਡਲੀ-ਮਨੇਸਰ-ਪਲਵਲ (ਕੇਐਮਪੀ) ਐਕਸਪ੍ਰੈਸ ਵੇਅ ਤੇ ਟਰੈਕਟਰ ਮਾਰਚ ਕੱਢਿਆ।