BSF 17 personnel: ਨਵੀਂ ਦਿੱਲੀ: ਰਾਸ਼ਟਰੀ ਰਾਜਧਾਨੀ ਦਿੱਲੀ ਅਤੇ ਤ੍ਰਿਪੁਰਾ ਵਿੱਚ ਸੀਮਾ ਸੁਰੱਖਿਆ ਬਲ (BSF) ਦੇ 17 ਕਰਮਚਾਰੀ ਕੋਰੋਨਾ ਵਾਇਰਸ ਤੋਂ ਪੀੜਤ ਪਾਏ ਗਏ ਹਨ । ਇਸ ਸਬੰਧੀ ਸ਼ਨੀਵਾਰ ਨੂੰ ਬੁਲਾਰੇ ਨੇ ਜਾਣਕਾਰੀ ਦਿੱਤੀ । ਜਾਣਕਾਰੀ ਦਿੰਦਿਆਂ ਬੁਲਾਰੇ ਨੇ ਦੱਸਿਆ ਕਿ ਉਨ੍ਹਾਂ ਵਿੱਚੋਂ ਸੱਤ ਚਾਂਦਨੀ ਮਹਲ ਅਤੇ ਜਾਮਾ ਮਸਜਿਦ ਖੇਤਰਾਂ ਵਿੱਚ ਦਿੱਲੀ ਪੁਲਿਸ ਦੀ ਮਦਦ ਲਈ ਤਾਇਨਾਤ ਕੀਤੇ ਗਏ ਸਨ । ਉਹ ਫੋਰਸ ਦੀ 126ਵੀਂ ਅਤੇ 178ਵੀਂ ਬਟਾਲੀਅਨ ਦਾ ਹਿੱਸਾ ਹਨ । ਉਨ੍ਹਾਂ ਦੱਸਿਆ ਕਿ ਇਨ੍ਹਾਂ ਕਰਮਚਾਰੀਆਂ ਨੂੰ ਗ੍ਰੇਟਰ ਨੋਇਡਾ ਦੇ CAPF ਰੈਫਰਲ ਹਸਪਤਾਲ ਦੇ ਇਕਾਂਤਵਾਸ ਕੇਂਦਰ ਵਿੱਚ ਦਾਖਿਲ ਕੀਤਾ ਗਿਆ ਹੈ ।
ਬੁਲਾਰੇ ਅਨੁਸਾਰ ਆਰ ਕੇ ਪੁਰਮ ਵਿੱਚ ਫੋਰਸ ਦੇ ਹਸਪਤਾਲ ਵਿੱਚ ਦਾਖਲ ਕਰਵਾਏ ਗਏ 8 ਹੋਰ ਕਰਮਚਾਰੀ ਵੀ ਇਸ ਵਾਇਰਸ ਤੋਂ ਪੀੜਤ ਹੋ ਗਏ ਹਨ । ਪਿਛਲੇ ਕੁੱਝ ਦਿਨਾਂ ਵਿੱਚ ਜਾਂਚ ਦੌਰਾਨ ਉਨ੍ਹਾਂ ਦੇ ਕੋਰੋਨਾ ਵਾਇਰਸ ਸੰਕਰਮਣ ਦੀ ਪੁਸ਼ਟੀ ਹੋਈ ਹੈ । ਉਥੇ ਹੀ ਦੂਜੇ ਪਾਸੇ ਤ੍ਰਿਪੁਰਾ ਵਿੱਚ ਫੋਰਸ ਦੇ ਦੋ ਕਰਮਚਾਰੀ ਇਸ ਬੀਮਾਰੀ ਤੋਂ ਪੀੜਤ ਪਾਏ ਗਏ ਹਨ ।
ਦੱਸ ਦੇਈਏ ਕਿ ਪਿਛਲੇ ਕੁਝ ਦਿਨਾਂ ਵਿੱਚ ਵੱਡੀ ਗਿਣਤੀ ਵਿੱਚ ਕੋਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆਉਣ ਤੋਂ ਬਾਅਦ 31ਵੀਂ ਬਟਾਲੀਅਨ ਦੇ ਅਹਾਤੇ ਨੂੰ ਸੀਲ ਕਰ ਦਿੱਤਾ ਗਿਆ ਹੈ । ਇਸ ਹਫਤੇ ਦੇ ਸ਼ੁਰੂ ਵਿੱਚ 55 ਸਾਲਾਂ ਇੱਕ ਸਬ-ਇੰਸਪੈਕਟਰ ਦੀ ਲਾਗ ਨਾਲ ਮੌਤ ਹੋ ਗਈ ਸੀ । ਇਸ ਯੂਨਿਟ ਤੋਂ ਕੁੱਲ 480 ਨਮੂਨੇ ਲਏ ਗਏ ਸਨ, ਜਿਨ੍ਹਾਂ ਵਿਚੋਂ 458 ਦੀ ਰਿਪੋਰਟ ਆ ਚੁੱਕੀ ਹੈ ਅਤੇ 22 ਦੀ ਉਡੀਕ ਕੀਤੀ ਜਾ ਰਹੀ ਹੈ ।
ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਇਸ ਬਟਾਲੀਅਨ ਦੇ ਹੁਣ ਤੱਕ ਕੁੱਲ 135 ਜਵਾਨ ਸੰਕਰਮਿਤ ਪਾਏ ਗਏ ਹਨ । ਨਮੂਨਿਆਂ ਦੇ ਤੁਰੰਤ ਇਕੱਤਰ ਕਰਨ ਨੂੰ ਯਕੀਨੀ ਬਣਾਉਣ ਲਈ ਬਟਾਲੀਅਨ ਦੇ ਵਿਹੜੇ ਵਿਚ ਇੱਕ ਮੋਬਾਇਲ ਕੋਰੋਨਾ ਵਾਇਰਸ ਜਾਂਚ ਪ੍ਰਯੋਗਸ਼ਾਲਾ ਤਾਇਨਾਤ ਕੀਤੀ ਗਈ ਹੈ । ਇਸ ਦੌਰਾਨ, ਦਿੱਲੀ ਦੀ 246ਵੀਂ ਸੀਆਰਪੀਐਫ ਬਟਾਲੀਅਨ ਦੇ 80 ਜਵਾਨਾਂ ਨੂੰ ਕੁਆਰੰਟੀਨ ਵਿੱਚ ਭੇਜਿਆ ਗਿਆ ਹੈ, ਕਿਉਂਕਿ ਇਸ ਬਟਾਲੀਅਨ ਦੇ ਇੱਕ ਜਵਾਨ ਨੂੰ ਕੋਰੋਨਾ ਵਾਇਰਸ ਨਾਲ ਸੰਕਰਮਿਤ ਹੋਣ ਦੀ ਪੁਸ਼ਟੀ ਕੀਤੀ ਗਈ ਹੈ ।