Budh Purnima 2020: ਦੁਨੀਆ ਵਿੱਚ ਫੈਲੀ ਮਹਾਂਮਾਰੀ ਦੇ ਕਹਿਰ ਦੇ ਖਿਲਾਫ਼ ਫ੍ਰੰਟਫੁੱਟ ‘ਤੇ ਲੜਾਈ ਲੜ ਰਹੇ ਕੋਰੋਨਾ ਵਾਰੀਅਰਜ਼ ਦਾ ਅੱਜ ਦੁਨੀਆ ਭਰ ਵਿੱਚ ਸਨਮਾਨ ਹੋ ਰਿਹਾ ਹੈ । ਇਸ ਦੇ ਤਹਿਤ ਅੱਜ ਬੁੱਧ ਪੂਰਨੀਮਾ ਦੇ ਮੌਕੇ ‘ਤੇ ਇੱਕ ਵਰਚੁਅਲ ਪ੍ਰੋਗਰਾਮ ਸ਼ੁਰੂ ਕੀਤਾ ਜਾ ਰਿਹਾ ਹੈ, ਜਿਸ ਵਿੱਚ ਵਿਸ਼ਵ ਦੇ ਕਈ ਵੱਡੇ ਨੇਤਾ ਸ਼ਾਮਿਲ ਹੋਣਗੇ । ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸਵੇਰੇ 9 ਵਜੇ ਇਸ ਪ੍ਰੋਗਰਾਮ ਨੂੰ ਸੰਬੋਧਨ ਕਰਨਗੇ ।

ਇਸ ਪ੍ਰੋਗਰਾਮ ਦੇ ਤਹਿਤ ਕੋਰੋਨਾ ਦੇ ਵਿਰੁੱਧ ਲੜਾਈ ਲੜ ਰਹੇ ਕੋਰੋਨਾ ਵਾਰੀਅਰਜ਼ ਨੂੰ ਸਨਮਾਨਿਤ ਕੀਤਾ ਜਾਵੇਗਾ । ਪ੍ਰੋਗਰਾਮ ਵਿੱਚ ਦੁਨੀਆ ਭਰ ਦੇ ਬਹੁਤ ਸਾਰੇ ਬੋਧੀ ਨੇਤਾ ਹਿੱਸਾ ਲੈਣਗੇ, ਜੋ ਕੋਰੋਨਾ ਵਾਇਰਸ ਵਿਰੁੱਧ ਇਸ ਯੁੱਧ ਵਿੱਚ ਆਪਣੇ ਵਿਚਾਰ ਪ੍ਰਗਟ ਕਰਨਗੇ । ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸੰਬੋਧਨ ਪ੍ਰੋਗਰਾਮ ਦਾ ਮੁੱਖ ਭਾਸ਼ਣ ਹੋਵੇਗਾ ।

ਜ਼ਿਕਰਯੋਗ ਹੈ ਕਿ ਕੋਰੋਨਾ ਵਾਇਰਸ ਦੇ ਪ੍ਰਕੋਪ ਨੂੰ ਦੇਖਦੇ ਹੋਏ ਇਸ ਸਾਲ ਸਾਵਧਾਨੀ ਵਰਤੀ ਜਾ ਰਹੀ ਹੈ । ਇਸ ਵਾਰ ਸਮਾਜਿਕ ਦੂਰੀ ਨੂੰ ਧਿਆਨ ਵਿਚ ਰੱਖਦਿਆਂ ਬੁੱਧ ਪੂਰਨਿਮਾ ਸਮਾਰੋਹ ਵਰਚੁਅਲ ਪੱਧਰ ‘ਤੇ ਆਯੋਜਿਤ ਕੀਤਾ ਜਾਵੇਗਾ । ਇਹ ਸਮਾਰੋਹ ਕੋਵਿਡ -19 ਦੇ ਪੀੜਤਾਂ ਅਤੇ ਫਰੰਟ ਲਾਈਨ ਯੋਧਿਆਂ, ਜਿਵੇਂ ਕਿ ਮੈਡੀਕਲ ਸਟਾਫ, ਡਾਕਟਰਾਂ ਅਤੇ ਪੁਲਿਸ ਕਰਮਚਾਰੀਆਂ ਅਤੇ ਹੋਰਾਂ ਦੇ ਸਨਮਾਨ ਵਿੱਚ ਕੀਤਾ ਜਾ ਰਿਹਾ ਹੈ । ਦਰਅਸਲ,ਵੈਸਾਖ ਬੁੱਧ ਪੂਰਨਿਮਾ ਨੂੰ ਤਿਹਰੇ ਧੰਨ ਦਿਹਾੜੇ ਯਾਨੀ ਕਿ ਤਥਾਗਤ ਗੌਤਮ ਬੁੱਧ ਦਾ ਜਨਮ, ਗਿਆਨ ਦੀ ਪ੍ਰਾਪਤੀ ਅਤੇ ਮਹਾਪਰੀਨੀਰਵਣ ਦਿਹਾੜੇ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ ।

ਦੱਸ ਦੇਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਹਿਲਾਂ ਵੀ ਕਈ ਅੰਤਰਰਾਸ਼ਟਰੀ ਪ੍ਰੋਗਰਾਮਾਂ ਵਿੱਚ ਸ਼ਾਮਿਲ ਹੋ ਚੁੱਕੇ ਹਨ, ਜਿੱਥੇ ਕੋਰੋਨਾ ਵਾਇਰਸ ਦੀ ਚਰਚਾ ਕੀਤੀ ਗਈ ਹੈ ਅਤੇ ਅੱਗੇ ਦੀਆਂ ਰਣਨੀਤੀਆਂ ਬਣਾਈਆਂ ਗਈਆਂ ਹਨ । ਹਾਲ ਹੀ ਵਿੱਚ, ਪ੍ਰਧਾਨ ਮੰਤਰੀ ਨੇ ਇੱਕ ਪ੍ਰੋਗਰਾਮ ਵਿੱਚ ਕਿਹਾ ਕਿ ਦੁਨੀਆ ਅਜੇ ਵੀ ਕੋਰੋਨਾ ਵਾਇਰਸ ਨਾਲ ਲੜ ਰਹੀ ਹੈ, ਪਰ ਇਸ ਦੌਰਾਨ ਬਹੁਤ ਸਾਰੇ ਲੋਕ ਦਹਿਸ਼ਤ ਅਤੇ ਜਾਅਲੀ ਖ਼ਬਰਾਂ ਦੇ ਵਾਇਰਸ ਨੂੰ ਚਲਾਉਣ ਵਿੱਚ ਲੱਗੇ ਹੋਏ ਹਨ ।