Captain directs strict action : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਪੁਲਿਸ ਵਿਭਾਗ ਨੂੰ ਸ਼ਰਾਬ ਦੀ ਹਰੇਕ ਤਰ੍ਹਾਂ ਦੀ ਤਸਕਰੀ, ਨਾਜਾਇਜ਼ ਸ਼ਰਾਬ ਕੱਢਣ ਤੇ ਵੇਚਣ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕਰਨ ਦੇ ਹੁਕਮ ਦਿੱਤੇ ਤਾਂ ਕਿ ਅਜਿਹੀਆਂ ਗਤੀਵਿਧੀਆਂ ਨਾਲ ਸੂਬੇ ਨੂੰ ਮਾਲੀ ਨੁਕਸਾਨ ਤੋਂ ਬਚਾਇਆ ਜਾ ਸਕੇ। ਮੁੱਖ ਮੰਤਰੀ ਨੇ ਅਜਿਹੇ ਸਬ-ਡਵੀਜ਼ਨ ਦੇ ਡੀ.ਐੱਸ.ਪੀ. ਅਤੇ ਐੱਸ.ਐੱਚ.ਓਜ਼ ਵਿਰੁੱਧ ਤੁਰੰਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਜਿਨ੍ਹਾਂ ਦੇ ਇਲਾਕਿਆਂ ਵਿੱਚ ਅਜਿਹੀ ਗਤੀਵਿਧੀਆਂ ਵਾਪਰਦੀਆਂ ਸਾਹਮਣੇ ਆਉਂਦੀਆਂ ਹਨ। ਉਨ੍ਹਾਂ ਕਿਹਾ ਕਿ ਨਾਜਾਇਜ਼ ਸ਼ਰਾਬ ਕੱਢਣ/ਤਸਕਰੀ ਕਰਨ/ਵੇਚਣ ਆਦਿ ਨਾਲ ਸਬੰਧਤ ਕਿਸੇ ਵੀ ਤਰੀਕੇ ਨਾਲ ਗੈਰ-ਕਾਨੂੰਨੀ ਗਤੀਵਿਧੀ ਦਾ ਸਮਰਥਨ ਕਰਨ ਜਾਂ ਲਾਪਰਵਾਹੀ ਵਰਤਣ ਵਾਲੇ ਸਰਕਾਰੀ ਅਧਿਕਾਰੀਆਂ/ਕਰਮਚਾਰੀਆਂ ਵਿਰੁੱਧ ਵੀ ਸਖਤ ਕਾਰਵਾਈ ਦੇ ਆਦੇਸ਼ ਦਿੱਤੇ।
ਮੁੱਖ ਮੰਤਰੀ ਦੇ ਹੁਕਮਾਂ ’ਤੇ ਡੀ.ਜੀ.ਪੀ. ਦਿਨਕਰ ਗੁਪਤਾ ਨੇ ਸਾਰੇ ਪੁਲਿਸ ਕਮਿਸ਼ਨਰਾਂ ਅਤੇ ਜ਼ਿਲਾ ਪੁਲਿਸ ਮੁਖੀਆਂ ਨੂੰ 23 ਮਈ ਤੱਕ ਜ਼ਿਲਾ ਅਤੇ ਪੁਲਿਸ ਥਾਣੇ ਦੇ ਪੱਧਰ ’ਤੇ ਸ਼ਰਾਬ ਦੇ ਤਸਕਰਾਂ/ਸਪਲਾਈ ਕਰਨ ਵਾਲਿਆਂ/ਨਾਜਾਇਜ਼ ਸ਼ਰਾਬ ਕੱਢਣ ਵਾਲਿਆਂ ਦੀ ਪਛਾਣ ਕਰਨ ਲਈ ਲੋੜੀਂਦੀਆਂ ਹਦਾਇਤਾਂ ਜਾਰੀ ਕੀਤੀਆਂ ਹਨ। ਅਧਿਕਾਰੀਆਂ ਨੂੰ ਅਜਿਹੇ ਵਿਅਕਤੀਆਂ ਵਿਰੁੱਧ ਆਫਤ ਪ੍ਰਬੰਧਨ ਅਤੇ ਮਹਾਂਮਾਰੀ ਐਕਟ ਦੀਆਂ ਸਬੰਧਤ ਧਾਰਾਵਾਂ ਸਮੇਤ ਕਾਨੂੰਨੀ ਕਾਰਵਾਈ ਕਰਨ ਲਈ ਆਖਿਆ। ਮੁੱਖ ਮੰਤਰੀ ਦੇ ਨਿਰਦੇਸ਼ਾਂ ਦੀ ਪੈਰਵੀ ਵਜੋਂ ਪੁਲਿਸ ਕਮਿਸ਼ਨਰਾਂ ਅਤੇ ਜ਼ਿਲਾ ਪੁਲਿਸ ਮੁਖੀਆਂ ਨੂੰ ਸਾਰੇ ਥਾਣਿਆਂ ਖਾਸਕਰ ਸਰਹੱਦਾਂ ਦੇ ਨਜ਼ਦੀਕੀ ਖੇਤਰਾਂ ਦੇ ਥਾਣਿਆਂ ਦੇ ਮੁਖੀਆਂ (ਐਸ.ਐਚ.ਓਜ਼) ਨੂੰ ਹਰ ਸਮੇਂ ਚੌਕਸ ਰਹਿਣ ਅਤੇ ਪੰਜਾਬ ਅੰਦਰ ਸ਼ਰਾਬ ਦੀ ਤਸਕਰੀ ਨੂੰ ਰੋਕਣ ਨੂੰ ਯਕੀਨੀ ਬਣਾਉਣ ਲਈ ਨਿਰਦੇਸ਼ ਦਿੱਤੇ ਗਏ ਹਨ।
ਡੀ.ਜੀ.ਪੀ ਨੇ ਦੱਸਿਆ ਕਿ ਸਾਰੇ ਪੁਲਿਸ ਕਮਿਸ਼ਨਰਾਂ ਅਤੇ ਜ਼ਿਲਾ ਪੁਲਿਸ ਮੁਖੀਆਂ ਨੂੰ ਕਿਹਾ ਗਿਆ ਹੈ ਕਿ ਉਹ ਅੰਤਰ-ਰਾਜੀ ਤਸਕਰੀ ਨੂੰ ਮੁਕੰਮਲ ਰੂਪ ਵਿੱਚ ਰੋਕਣ ਲਈ ਰੋਜ਼ਾਨਾ ਪੱਧਰ ‘ਤੇ ਨਿਗਰਾਨੀ ਕਰਨ। ਪੰਜਾਬ ਪੁਲਿਸ ਦੇ ਮੁਖੀ ਨੇ ਸਾਰੇ ਪੁਲਿਸ ਕਮਿਸ਼ਨਰਾਂ ਅਤੇ ਜ਼ਿਲਾ ਪੁਲਿਸ ਮੁਖੀਆਂ ਨੂੰ ਨਿਰਦੇਸ਼ ਦਿੱਤੇ ਕਿ ਉਹ ਆਬਕਾਰੀ ਵਿਭਾਗ ਦੇ ਅਧਿਕਾਰੀਆਂ ਅਤੇ ਠੇਕਾ ਲਾਇਸੈਂਸਧਾਰਕਾਂ ਨਾਲ ਲਗਾਤਾਰ ਰਾਬਤੇ ਵਿਚ ਰਹਿ ਕੇ ਫੀਡਬੈਕ ਲੈਣ ਅਤੇ ਨਸ਼ਾ ਤਸਕਰਾਂ/ਸਪਲਾਈ ਕਰਨ ਵਾਲਿਆਂ/ਨਾਜਾਇਜ਼ ਸ਼ਰਾਬ ਕੱਢਣ ਵਾਲਿਆਂ ਨੂੰ ਨੱਥ ਪਾਉਣ ਲਈ ਪੂਰੀ ਮੁਸਤੈਦੀ ਤੇ ਸੰਜੀਦਗੀ ਨਾਲ ਯਤਨ ਕਰਨ।