ਹਰਿਆਣਾ ਦੇ ਫਤਿਹਾਬਾਦ ਦੇ ਟੋਹਾਣਾ ‘ਚ ਸ਼ੁੱਕਰਵਾਰ ਸਵੇਰੇ ਉਸ ਸਮੇਂ ਹਲਚਲ ਮਚ ਗਈ ਜਦੋਂ ਇਕ ਹੌਂਡਾ ਸਿਟੀ ਕਾਰ ਭਾਖੜਾ ਨਹਿਰ ‘ਚ ਡਿੱਗ ਗਈ। ਸੂਚਨਾ ਮਿਲਦੇ ਹੀ ਪੁਲਿਸ ਨੇ ਕ੍ਰੇਨ ਅਤੇ ਗੋਤਾਖੋਰਾਂ ਨੂੰ ਬੁਲਾ ਕੇ ਕਾਰ ਨੂੰ ਬਾਹਰ ਕੱਢਣ ਲਈ ਬਚਾਅ ਕਾਰਜ ਸ਼ੁਰੂ ਕਰ ਦਿੱਤਾ। ਇਸ ਦੌਰਾਨ ਕਾਰ ਤੋਂ ਕਰੀਬ 50 ਮੀਟਰ ਦੂਰ ਪੰਜਾਬ ਦੇ ਇੱਕ ਵਿਅਕਤੀ ਦੀ ਲਾਸ਼ ਬਰਾਮਦ ਹੋਈ। ਫਿਲਹਾਲ ਪੁਲਿਸ ਨਹਿਰ ਦੀ ਤਲਾਸ਼ ਕਰ ਰਹੀ ਹੈ ਤਾਂ ਜੋ ਪਤਾ ਲਗਾਇਆ ਜਾ ਸਕੇ ਕਿ ਕਾਰ ਵਿਚ ਕੋਈ ਹੋਰ ਸੀ ਜਾਂ ਨਹੀਂ।
ਜਾਣਕਾਰੀ ਅਨੁਸਾਰ ਅੱਜ ਸਵੇਰੇ ਕੁਝ ਲੋਕਾਂ ਨੇ ਟੋਹਾਣਾ ਦੇ ਦਮਕੌਰਾ ਰੋਡ ‘ਤੇ ਇਕ ਹੌਂਡਾ ਸਿਟੀ ਗੱਡੀ ਨੂੰ ਭਾਖੜਾ ਨਹਿਰ ‘ਚ ਡਿੱਗਦੇ ਦੇਖਿਆ। ਜਿਸ ਤੋਂ ਬਾਅਦ ਪੁਲਿਸ ਨੂੰ ਸੂਚਨਾ ਦਿੱਤੀ ਗਈ। ਦੱਸਿਆ ਜਾ ਰਿਹਾ ਹੈ ਕਿ ਸਵੇਰੇ ਇਹ ਗੱਡੀ ਨਹਿਰ ਦੀ ਰੇਲਿੰਗ ਤੋੜ ਕੇ ਅੰਦਰ ਜਾ ਡਿੱਗੀ। ਪੁਲਿਸ ਨੇ ਜਦੋਂ ਗੱਡੀ ਨੂੰ ਬਾਹਰ ਕੱਢਿਆ ਤਾਂ ਉਸ ਵਿੱਚ ਕੋਈ ਵੀ ਨਹੀਂ ਸੀ ਪਰ ਗੋਤਾਖੋਰਾਂ ਨੇ ਕਰੀਬ 50 ਮੀਟਰ ਦੂਰ ਇੱਕ ਵਿਅਕਤੀ ਦੀ ਲਾਸ਼ ਬਰਾਮਦ ਕੀਤੀ।
ਇਹ ਵੀ ਪੜ੍ਹੋ : ਖਰੜ ਨੇੜੇ ਸਨੀ ਇਨਕਲੇਵ ‘ਚ ਵੱਡੀ ਵਾ.ਰ.ਦਾਤ, ਘਰ ‘ਚ ਵੜਕੇ ਕੁੜੀ ਦਾ ਕੀਤਾ ਕ.ਤ.ਲ
ਮ੍ਰਿਤਕ ਦੀ ਤਲਾਸ਼ੀ ਲੈਣ ਤੇ ਉਸ ਕੋਲੋਂ ਪਛਾਣ ਪੱਤਰ ਮਿਲਿਆ, ਜਿਸ ‘ਤੋਂ ਉਸ ਦੀ ਪਛਾਣ 30 ਸਾਲਾ ਗਗਨਦੀਪ ਵਜੋਂ ਹੋਈ ਹੈ। ਮ੍ਰਿਤਕ ਪੰਜਾਬ ਦੇ ਸੰਗਰੂਰ ਇਲਾਕੇ ਦੇ ਲਹਿਰਾ ਗਾਗਾ ਨਾਲ ਸਬੰਧਿਤ ਹੈ। ਅਜੇ ਤੱਕ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਮ੍ਰਿਤਕ ਗੱਡੀ ਵਿੱਚ ਸਫ਼ਰ ਕਰ ਰਿਹਾ ਸੀ ਜਾਂ ਨਹੀਂ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਨੇ ਮ੍ਰਿਤਕ ਦੇ ਵਾਰਸਾਂ ਨੂੰ ਸੂਚਿਤ ਕਰ ਦਿੱਤਾ ਗਿਆ ਅਤੇ ਨਹਿਰ ਵਿੱਚ ਤਲਾਸ਼ੀ ਮੁਹਿੰਮ ਜਾਰੀ ਹੈ।
ਵੀਡੀਓ ਲਈ ਕਲਿੱਕ ਕਰੋ -: