CCI sets procurement limits in Punjab : ਚੰਡੀਗੜ੍ਹ : ਪੰਜਾਬ ਵਿੱਚ ਕਾਟਨ ਕਾਰਪੋਰੇਸ਼ਨ ਆਫ ਇੰਡੀਆ (ਸੀਸੀਆਈ) ਨੇ ਕਪਾਹ ਦੀ ਰੋਜ਼ਾਨਾ ਖਰੀਦ ਦੀ ਹੱਦ ਤੈਅ ਕਰ ਦਿੱਤੀ ਹੈ ਅਤੇ ਇਸ ਨਾਲ ਖਰੀਦ ਵਿਚ ਚਾਰ ਗੁਣਾ ਕਮੀ ਆ ਗਈ ਹੈ। ਸਾਬਕਾ ਕੇਂਦਰੀ ਮੰਤਰੀ ਤੇ ਅਕਾਲੀ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਇਸ ਸੰਬੰਧੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਸ ਮਾਮਲੇ ਵਿੱਚ ਦਖਲ ਦੇਣ ਦੀ ਅਪੀਲ ਕੀਤੀ ਤਾਂ ਜੋ ਸੀਸੀਆਈ ਦੇ ਅਜਿਹੀ ਮਨਮਰਜ਼ੀ ਵਾਲੇ ਹੁਕਮ ਤੁਰੰਤ ਵਾਪਸ ਕਰਵਾਏ ਜਾਣ ਅਤੇ ਸੂਬੇ ਦੀਆਂ ਮੰਡੀਆਂ ਵਿਚ ਆ ਰਹੀ ਸਾਰੀ ਕਪਾਹ ਦੀ ਖਰੀਦ ਕੀਤੀ ਜਾਵੇ।
ਬੀਬਾ ਬਾਦਲ ਨੇ ਕਿਹਾ ਕਿ ਸੀਸੀਆਈ ਦੇ ਇਨ੍ਹਾਂ ਹੁਕਮਾਂ ਨਾਲ ਕਿਸਾਨਾਂ ਦੇ ਖਦਸ਼ੇ ਸੱਚ ਹੁੰਦੇ ਨਜ਼ਰ ਆ ਰਹੇ ਹਨ ਕਿ ਉਹ ਪ੍ਰਾਈਵੇਟ ਕੰਪਨੀਆਂ ਦੇ ਰਹਿਮੋ-ਕਰਮ ‘ਤੇ ਆ ਜਾਣਗੇ। ਉਨ੍ਹਾਂ ਪ੍ਰਧਾਨ ਮੰਤਰੀ ਨੂੰ ਐਮਐਸਪੀ ਦੀ ਕਿਸੇ ਤਰ੍ਹਾਂ ਦੀ ਗਾਰੰਟੀ ਨਾ ਦੇਣ ਕਾਰਨ ਸਰਕਾਰੀ ਵਿਭਾਗਾਂ ‘ਤੇ ਪੈਂਦੇ ਉਲਟ ਅਸਰ ਬਾਰੇ ਗੱਲ ਕਰਦਿਆਂ ਐਮਐਸਪੀ ਨੂੰ ਲੈ ਕੇ ਸਪੱਸ਼ਟ ਹਦਾਇਤ ਜਾਰੀ ਕੀਤੇ ਜਾਣ ਦੀ ਲੋੜ ਨੂੰ ਜ਼ਰੂਰੀ ਦੱਸਿਆ।
ਦੱਸਣਯੋਗ ਹੈ ਕਿ ਪੰਜਾਬ ਵਿੱਚ ਕਪਾਹ ਦੀ ਆਮਦ ਸਿਖ਼ਰਾਂ ’ਤੇ ਹੈ ਪਰ ਸੀਸੀਆਈ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਉਹ ਆਪਣੇ 22 ਖਰੀਦ ਕੇਂਦਰਾਂ ’ਤੇ ਰੋਜ਼ਾਨਾ ਸਿਰਫ 12500 ਕੁਇੰਟਲ ਦੀ ਖਰੀਦ ਹੀ ਕਰੇਗੀ। ਇਸ ਨਾਲ ਮੰਡੀਆਂ ਵਿਚ ਭੀੜ ਵੱਧ ਜਾਵੇਗੀ ਅਤੇ ਕਿਸਾਨ ਇਕ-ਦੂਜੇ ਤੋਂ ਪਹਿਲਾਂ ਜਿਣਸ ਵੇਚਣ ਦੀ ਦੌੜ ਵਿਚ ਲੱਗ ਜਾਣਗੇ। ਸੀਸੀਆਈ ਵੱਲੋਂ ਤੈਅ ਕੀਤੇ ਮੌਜੂਦਾ ਪ੍ਰੋਗਰਾਮ ਮੁਤਾਬਕ ਖਰੀਦ ਦਾ ਸੀਜ਼ਨ ਅਗਲੇ ਸਾਲ ਸਤੰਬਰ ਤੱਕ ਚੱਲੇਗਾ। ਛੋਟੇ ਕਿਸਾਨ ਨਾ ਤਾਂ ਆਪਣੀ ਜਿਣਸ ਸਟੋਰ ਕਰ ਸਕਦੇ ਹਨ ਤੇ ਨਾ ਹੀ ਲੰਬਾ ਸਮਾਂ ਇਸਦੀ ਵਿਕਰੀ ਦੀ ਉਡੀਕ ਕਰ ਸਕਦੇ ਹਨ, ਜਿਸ ਦੇ ਚੱਲਦਿਆਂ ਕਿਸਾਨਾਂ ਨੂੰ ਕਪਾਹ ਮਜਬੂਰਨ ਪ੍ਰਾਈਵੇਟ ਵਪਾਰੀਆਂ ਨੂੰ ਘਾਟੇ ਵਿੱਚ ਵੇਚਣੀ ਪਏਗੀ ਬੀਬਾ ਬਾਦਲ ਨੇ ਕਿਹਾ ਕਿ ਜੇਕਰ ਸੀਸੀਆਈ ਅਜਿਹਾ ਨਹੀਂ ਕਰਦੀ ਤਾਂ ਫਿਰ ਕਿਸਾਨ ਪ੍ਰਾਈਵੇਟ ਵਪਾਰੀਆਂ ਤੋਂ ਕੀ ਆਸ ਰੱਖਣਗੇ? ਉਨ੍ਹਾਂ ਪ੍ਰਧਾਨ ਮੰਤਰੀ ਨੂੰ ਕਿਹਾ ਕਿ ਇਕ ਸਮਾਨ ਕਾਨੂੰਨ ਲਿਆਂਦਾ ਜਾਵੇ ਜਿਸ ਵਿਚ ਪ੍ਰਾਈਵੇਟ ਵਪਾਰੀਆਂ ਲਈ ਐਮਐਸਪੀ ਅਨੁਸਾਰ ਹੀ ਖੇਤੀ ਜਿਣਸਾਂ ਦੀ ਖਰੀਦ ਲਾਜ਼ਮੀ ਹੋਵੇ ਤੇ ਉਹ ਐਮਐਸਪੀ ਤੋਂ ਘੱਟ ਰੇਟ ’ਤੇ ਖਰੀਦ ਨਾ ਕਰ ਸਕਣ।