Chhattisgarh govt starts home delivery: ਰਾਏਪੁਰ: ਛੱਤੀਸਗੜ੍ਹ ਵਿੱਚ ਰਾਜ ਸਰਕਾਰ ਨੇ ਸ਼ਰਾਬ ਪ੍ਰੇਮੀਆਂ ਦੀ ਸਹੂਲਤ ਲਈ ਅਤੇ ਸ਼ਰਾਬ ਦੀਆਂ ਦੁਕਾਨਾਂ ਵਿੱਚ ਭੀੜ ਨੂੰ ਘੱਟ ਕਰਨ ਲਈ ਸ਼ਰਾਬ ਦੀ ਹੋਮ ਡਿਲੀਵਰੀ ਸ਼ੁਰੂ ਕਰ ਦਿੱਤੀ ਹੈ। ਸ਼ਰਾਬ ਦੇ ਸ਼ੌਕੀਨ ਹੁਣ ਮੋਬਾਈਲ ਐਪਸ ਅਤੇ ਵੈਬਸਾਈਟਾਂ ਦੁਆਰਾ ਸ਼ਰਾਬ ਖਰੀਦ ਸਕਦੇ ਹਨ। ਰਾਜ ਸਰਕਾਰ ਨੇ ਗ੍ਰੀਨ ਜ਼ੋਨ ਖੇਤਰ ਵਿੱਚ ਸ਼ਰਾਬ ਦੀ ਹੋਮ ਡਿਲੀਵਰੀ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਜਿਸ ਵਿੱਚ ਇੱਕ ਗਾਹਕ ਇੱਕ ਵਾਰ ਵਿੱਚ 5000 ਮਿ.ਲੀ. ਤੱਕ ਦਾ ਆੱਰਡਰ ਦੇ ਸਕਦਾ ਹੈ। ਹੋਮ ਡਿਲੀਵਰੀ ਦੀ ਸੇਵਾ ਲਈ ਗਾਹਕ ਨੂੰ 120 ਰੁਪਏ ਦੇਣੇ ਪੈਣਗੇ।
ਅਧਿਕਾਰੀਆਂ ਨੇ ਦੱਸਿਆ ਕਿ ਰਾਜ ਵਿੱਚ ਸ਼ਰਾਬ ਦੀਆਂ ਦੁਕਾਨਾਂ ਛੱਤੀਸਗੜ੍ਹ ਸਟੇਟ ਮਾਰਕੀਟਿੰਗ ਕਾਰਪੋਰੇਸ਼ਨ ਚਲਾਉਂਦੀਆਂ ਹੈ । ਸ਼ਰਾਬ ਦੀਆਂ ਦੁਕਾਨਾਂ ‘ਤੇ ਭੀੜ ‘ਤੇ ਕਾਬੂ ਪਾਉਣ ਲਈ, ਸਮਾਜਿਕ ਅਤੇ ਨਿੱਜੀ ਦੂਰੀਆਂ ਦੀ ਪਾਲਣਾ ਕਰਦਿਆਂ ਹੋਏ ਡਿਲਿਵਰੀ ਬੁਆਏਜ਼ ਰਾਹੀਂ ਸ਼ਰਾਬ ਦੀ ਸਪਲਾਈ ਦਾ ਸਿਸਟਮ ਸ਼ੁਰੂ ਕੀਤਾ ਗਿਆ ਹੈ। ਇਹ ਪ੍ਰਣਾਲੀ ਇਸ ਸਮੇਂ ਗ੍ਰੀਨ ਜ਼ੋਨ ਵਿੱਚ ਸ਼ੁਰੂ ਹੋ ਗਈ ਹੈ।
ਇਸ ਤਰ੍ਹਾਂ ਆਰਡਰ ਕਰੋ ਆਨਲਾਈਨ ਸ਼ਰਾਬ
ਸਬੰਧਿਤ ਵੈਬਸਾਈਟ ‘ਤੇ ਸ਼ਰਾਬ ਦੀ ਹੋਮ ਡਿਲੀਵਰੀ ਲਈ ਬੁਕਿੰਗ ਕੀਤੀ ਜਾ ਸਕਦੀ ਹੈ। ਇਸ ਨਾਲ ਸਬੰਧਿਤ ਐਪ ਨੂੰ ਗੂਗਲ ਪਲੇ ਸਟੋਰ ਤੋਂ ਐਂਡਰਾਇਡ ਮੋਬਾਇਲ ਵਿੱਚ ਡਾਊਨਲੋਡ ਕੀਤਾ ਜਾ ਸਕਦਾ ਹੈ ਅਤੇ ਮੋਬਾਇਲ ਤੋਂ ਬੁਕਿੰਗ ਵੀ ਕੀਤੀ ਜਾ ਸਕਦੀ ਹੈ। ਇਸਦੇ ਲਈ ਗਾਹਕਾਂ ਨੂੰ ਆਪਣਾ ਮੋਬਾਇਲ ਨੰਬਰ, ਆਧਾਰ ਕਾਰਡ ਅਤੇ ਪੂਰਾ ਪਤਾ ਦਰਜ ਕਰਕੇ ਰਜਿਸਟਰ ਕਰਵਾਉਣਾ ਪਵੇਗਾ। ਰਜਿਸਟ੍ਰੇਸ਼ਨ ਦੀ ਪੁਸ਼ਟੀ ਓਟੀਪੀ ਰਾਹੀਂ ਕੀਤੀ ਜਾਵੇਗੀ। ਗਾਹਕਾਂ ਨੂੰ ਰਜਿਸਟ੍ਰੇਸ਼ਨ ਤੋਂ ਬਾਅਦ ਲੌਗਇਨ ਕਰਨਾ ਪਵੇਗਾ. ਫਿਰ ਆਪਣੇ ਜ਼ਿਲ੍ਹੇ ਵਿੱਚ ਨਜ਼ਦੀਕੀ ਸ਼ਰਾਬ ਦੀ ਦੁਕਾਨ ਦੀ ਚੋਣ ਕਰਨੀ ਪਵੇਗੀ. ਗਾਹਕਾਂ ਦੀ ਸਹੂਲਤ ਲਈ ਗੂਗਲ ਦੇ ਨਕਸ਼ੇ ‘ਤੇ ਜ਼ਿਲ੍ਹੇ ਦੀਆਂ ਸਾਰੀਆਂ ਸ਼ਰਾਬ ਦੀਆਂ ਦੁਕਾਨਾਂ ਨੂੰ ਵੇਖਣ ਦੀ ਸਹੂਲਤ ਵੀ ਹੈ।
ਚੁਣੀ ਹੋਈ ਦੁਕਾਨ ਤੋਂ ਘਰ ਡਿਲੀਵਰੀ ਲਈ ਸ਼ਰਾਬ ਬੁੱਕ ਕੀਤੀ ਜਾ ਸਕਦੀ ਹੈ. ਗਾਹਕ ਇੱਕ ਸ਼ਰਾਬ ਦੀ ਦੁਕਾਨ ਤੋਂ ਇੱਕ ਬਾਰ ਵਿਚ 5 ਲੀਟਰ ਸ਼ਰਾਬ ਮੰਗਵਾ ਸਕਦਾ ਹੈ। ਜਦੋਂ ਡਿਲੀਵਰੀ ਬੁਆਏ ਵੱਲੋਂ ਮੰਗੀ ਗਈ ਸ਼ਰਾਬ ਦਿੱਤੀ ਜਾਵੇਗੀ ਤਾਂ ਉਨ੍ਹਾਂ ਨੂੰ ਸ਼ਰਾਬ ਦੀ ਕੀਮਤ ਅਤੇ ਡਿਲੀਵਰੀ ਚਾਰਜ ਦਾ ਭੁਗਤਾਨ 120 ਰੁਪਏ ਕਰਨਾ ਹੋਵੇਗਾ। ਦੂਜੇ ਪਾਸੇ ਵਿਰੋਧੀ ਪਾਰਟੀ ਬੀਜੇਪੀ ਨੇ ਸਰਕਾਰ ਦੀ ਇਸ ਪ੍ਰਣਾਲੀ ਦਾ ਵਿਰੋਧ ਕੀਤਾ ਹੈ। ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਧਰਮਲਾਲ ਕੌਸ਼ਿਕ ਨੇ ਕਿਹਾ ਹੈ ਕਿ ਸ਼ਰਾਬਬੰਦੀ ਦੇ ਵਾਅਦੇ ਕਰਕੇ ਸੱਤਾ ਵਿੱਚ ਆਈ ਸਰਕਾਰ ਹੁਣ ਘਰ-ਘਰ ਸ਼ਰਾਬ ਪਹੁੰਚਾਉਣ ਦਾ ਫੈਸਲਾ ਕਰ ਰਹੀ ਹੈ ਜੋ ਸ਼ਰਮਨਾਕ ਹੈ।